ਜਲੰਧਰ ਕੈਂਟ ਸਟੇਸ਼ਨ ’ਤੇ ਛੁੱਟਿਆ ਲੈਪਟਾਪ ਬੈਗ ਸੁਰੱਖਿਅਤ ਕੀਤਾ ਵਾਪਸ ਜਲੰਧਰ ਕੈਂਟ ਸਟੇਸ਼ਨ ’ਤੇ ਛੁੱਟਿਆ ਲੈਪਟਾਪ ਬੈਗ ਰੇਲ ਕਰਮਚਾਰੀ ਨੇ ਸੁਰੱਖਿਅਤ ਲੌਟਾਇਆ
Publish Date: Thu, 22 Oct 2026 04:00 PM (IST)
Updated Date: Fri, 23 Oct 2026 04:01 AM (IST)
ਇੱਕ ਲੱਖ ਵੀਹ ਹਜ਼ਾਰ ਨਕਦ ਤੇ ਜ਼ਰੂਰੀ ਦਸਤਾਵੇਜ਼ਾਂ ਵਾਲਾ ਬੈਗ ਮਾਲਕ ਨੂੰ ਵਾਪਸ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਟਰੇਨ ਨੰਬਰ 22488 ਅੰਮ੍ਰਿਤਸਰ-ਦਿੱਲੀ ਵੰਦੇ ਭਾਰਤ ਐਕਸਪ੍ਰੈਸ ਨਾਲ ਸਫ਼ਰ ਕਰ ਰਹੀ ਇਕ ਮਹਿਲਾ ਯਾਤਰੀ ਦਾ ਲੈਪਟਾਪ ਬੈਗ ਜਲਦਬਾਜ਼ੀ ਵਿੱਚ ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਛੁੱਟ ਗਿਆ। ਬੈਗ ਵਿਚ ਇੱਕ ਲੱਖ ਵੀਹ ਹਜ਼ਾਰ ਰੁਪਏ ਨਕਦ, ਇੱਕ ਪਰਸ ਅਤੇ ਕੁਝ ਜ਼ਰੂਰੀ ਦਸਤਾਵੇਜ਼ ਸਨ। ਲੈਪਟਾਪ ਬੈਗ ਛੁੱਟਣ ਦਾ ਪਤਾ ਲੱਗਣ ’ਤੇ ਮਹਿਲਾ ਯਾਤਰੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਪਰਿਵਾਰਕ ਮੈਂਬਰਾਂ ਨੇ ਤੁਰੰਤ ਡਿਊਟੀ ’ਤੇ ਤਾਇਨਾਤ ਮੁੱਖ ਟਿਕਟ ਨਿਰੀਖਕ ਜਲੰਧਰ ਕੈਂਟ ਹੇਮੰਤ ਸ਼ਰਮਾ ਨੂੰ ਘਟਨਾ ਬਾਰੇ ਜਾਣੂ ਕਰਵਾਇਆ। ਹੇਮੰਤ ਸ਼ਰਮਾ ਨੇ ਬੈਗ ਨੂੰ ਲੱਭ ਕੇ ਕੱਢਿਆ ਤੇ ਸਤਿਆਪਨ ਤੋਂ ਬਾਅਦ ਮਹਿਲਾ ਯਾਤਰੀ ਦੇ ਪਰਿਵਾਰਿਕ ਮੈਂਬਰਾਂ ਨੂੰ ਸੁਰੱਖਿਅਤ ਸੌਂਪ ਦਿੱਤਾ। ਮਹਿਲਾ ਯਾਤਰੀ ਦੇ ਮੈਂਬਰਾਂ ਨੇ ਟਿਕਟ ਚੈਕਿੰਗ ਸਟਾਫ਼ ਦੀ ਈਮਾਨਦਾਰੀ ਲਈ ਆਭਾਰ ਪ੍ਰਗਟ ਕੀਤਾ। ਸੀਨੀਅਰ ਮੰਡਲ ਵਣਜ ਪ੍ਰਬੰਧਕ ਬਸੰਤ ਕੁਮਾਰ ਨੇ ਹੇਮੰਤ ਸ਼ਰਮਾ ਦੇ ਇਸ ਸ਼ਲਾਘਾਯੋਗ ਕਾਰਜ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਘਟਨਾ ਰੇਲਵੇ ਕਰਮਚਾਰੀਆਂ ਦੀ ਈਮਾਨਦਾਰੀ ਅਤੇ ਯਾਤਰੀਆਂ ਪ੍ਰਤੀ ਸੇਵਾ ਭਾਵਨਾ ਦਾ ਉੱਤਮ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ਰੇਲਵੇ ਵਿੱਚ ਯਾਤਰੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਸੰਪਤੀ ਦੀ ਹਿਫਾਜ਼ਤ ਸਭ ਤੋਂ ਪਹਿਲਾਂ ਹੈ ਅਤੇ ਅਜਿਹੇ ਕਰਮਚਾਰੀ ਸੰਗਠਨ ਲਈ ਮਾਣ ਦਾ ਵਿਸ਼ਾ ਹਨ। ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਸਟੇਸ਼ਨ ’ਤੇ ਉਤਰਨ ਜਾਂ ਚੜ੍ਹਨ ਸਮੇਂ ਆਪਣੇ ਸਮਾਨ ਦਾ ਧਿਆਨ ਰੱਖਣ ਅਤੇ ਕੀਮਤੀ ਵਸਤੂਆਂ ਨੂੰ ਆਪਣੇ ਕੋਲ ਰੱਖਣ। ਕਿਸੇ ਵੀ ਸਮਾਨ ਦੇ ਛੁੱਟਣ ਦੀ ਸੂਰਤ ਵਿੱਚ ਤੁਰੰਤ ਰੇਲਵੇ ਕਰਮਚਾਰੀ ਜਾਂ ਆਰਪੀਐਫ ਨੂੰ ਸੂਚਿਤ ਕਰਨਾ ਚਾਹੀਦਾ ਹੈ।