ਪੰਜਾਬੀ ਮਾਹ 2026 ਸਮਾਗਮ ਤਹਿਤ ‘ਰੀਟੇਕ ਜ਼ਿੰਦਗੀ’ ਨਾਟਕ ਦਾ ਸ਼ਾਨਦਾਰ ਮੰਚਨ ਪੰਜਾਬੀ ਮਾਹ 2026 ਸਮਾਗਮ ਤਹਿਤ ਕਰਵਾਇਆ ਗਿਆ ‘ਰੀਟੇਕ ਜ਼ਿੰਦਗੀ’ ਨਾਟਕ ਦਾ ਸ਼ਾਨਦਾਰ ਮੰਚਨ
Publish Date: Sat, 21 Nov 2026 04:52 PM (IST)
Updated Date: Sun, 22 Nov 2026 04:02 AM (IST)
ਨਾਟਕ ਰਾਹੀਂ ਤਲਾਕ ਸਮੱਸਿਆ ਦਾ ਹੱਲ ਨਹੀਂ, ਆਪਸੀ ਸੰਵਾਦ ’ਚ ਹੀ ਜੀਵਨ ਹੈ ਦਾ ਦਿੱਤਾ ਗਿਆ ਸੁਨੇਹਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਪੰਜਾਬ ਸਰਕਾਰ ਦੀ ਰਹਿਨੁਮਾਈ ਅਤੇ ਨਿਰਦੇਸ਼ਕ ਭਾਸ਼ਾ ਵਿਭਾਗ ਪੰਜਾਬ ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡੀ.ਸੀ.ਐੱਮ. ਗਰੁੱਪ ਆਫ਼ ਸਕੂਲਜ਼ ਅਤੇ ਇੰਟੈਕ ਫ਼ਿਰੋਜ਼ਪੁਰ ਚੈਪਟਰ ਦੇ ਸਹਿਯੋਗ ਨਾਲ ਡੀ.ਸੀ.ਐੱਮ. ਇੰਟਰਨੈਸ਼ਨਲ ਸਕੂਲ, ਫ਼ਿਰੋਜ਼ਪੁਰ ਸ਼ਹਿਰ ਵਿਖੇ ਡਾ. ਲੱਖਾ ਲਹਿਰੀ ਦੁਆਰਾ ਨਿਰਦੇਸ਼ਤ ਅਤੇ ਡਾ. ਲੱਖਾ ਲਹਿਰੀ ਤੇ ਰਾਜਵਿੰਦਰ ਸਿੰਘ ਵੱਲੋਂ ਲਿਖਿਆ ਨਾਟਕ ‘ਰੀਟੇਕ ਜ਼ਿੰਦਗੀ’ ਸਾਰਥਕ ਰੰਗਮੰਚ ਪਟਿਆਲਾ ਵੱਲੋਂ ਪੇਸ਼ ਕੀਤਾ ਗਿਆ। ਇਹ ਜਾਣਕਾਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸੰਧੂ ਨੇ ਦਿੱਤੀ। ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਦੱਸਿਆ ਕਿ ਨਾਟਕ ਵਿੱਚ ਸਮਕਾਲੀ ਜੀਵਨ ਵਿੱਚ ਪਤੀ-ਪਤਨੀ ਦੇ ਆਪਸੀ ਰਿਸ਼ਤੇ ਵਿੱਚ ਆਏ ਤਨਾਅ ਵਿੱਚੋਂ ਪੈਦਾ ਹੋ ਰਹੀ ਤਲਾਕ ਦੀ ਸਥਿਤੀ ਨੂੰ ਬਹੁਤ ਹੀ ਗੰਭੀਰਤਾ ਨਾਲ ਪੇਸ਼ ਕੀਤਾ ਗਿਆ। ਤਲਾਕ ਕਿਸੇ ਸਮੱਸਿਆ ਦਾ ਹੱਲ ਨਹੀਂ ਸਗੋਂ ਆਪਸੀ ਸੰਵਾਦ ਨਾਲ ਗ਼ਲਤਫਹਿਮੀਆਂ ਨੂੰ ਦੂਰ ਕਰਨ ਦੀ ਲੋੜ ਹੈ, ਇਹੀ ਸੁਨੇਹਾ ਇਸ ਨਾਟਕ ਨੇ ਦਿੱਤਾ ਹੈ। ਇਹ ਸੁਨੇਹਾ ਇਕ ਨਾਟਕੀ ਸਥਿਤੀ ਸਿਰਜ ਕੇ ਬੇਹੱਦ ਸੁਭਾਵਿਕ ਢੰਗ ਨਾਲ ਦਿੱਤਾ ਗਿਆ। ਡਾ. ਲੱਖਾ ਲਹਿਰੀ ਪੰਜਾਬੀ ਰੰਗਮੰਚ ਦੇ ਕੁਸ਼ਲ ਨਿਰਦੇਸ਼ਕ ਅਤੇ ਅਦਾਕਾਰ ਹੋਣ ਦੇ ਨਾਲ –ਨਾਲ ਪੰਜਾਬੀ ਫਿਲਮ ਜਗਤ ਵਿੱਚ ਆਪਣਾ ਖੱਟ ਚੁਕੇ ਹਨ। ਸਮਾਗਮ ਦੀ ਸ਼ੁਰੂਆਤ ਸ਼ਮਾਂ ਰੋਸ਼ਨ ਤੋਂ ਬਾਅਦ ਭਾਸ਼ਾ ਵਿਭਾਗ ਪੰਜਾਬ ਦੀ ਧੁਨੀ ‘ਧਨੁ ਲੇਖਾਰੀ ਨਾਨਕਾ’ ਦੇ ਗਾਇਣ ਨਾਲ ਹੋਈ। ਸਕੂਲ ਦੇ ਪ੍ਰਿੰਸੀਪਲ ਅਨੁਰਾਧਾ ਚੰਦੇਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਭਾਸ਼ਾ ਵਿਭਾਗ, ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਨਾਟਕ ਅਤੇ ਰੰਗਮੰਚ ਨੂੰ ਪ੍ਰਫੁੱਲਤ ਕਰਨ ਲਈ ਸਾਨੂੰ ਮੌਕਾ ਮਿਲ ਰਿਹਾ ਹੈ। ਨਾਟਕ ਦੀ ਟੀਮ ਵਿੱਚ ਪਤੀ ਦੀ ਭੂਮਿਕਾ ਕੁਲਤਾਰਨ ਗਿੱਲ, ਪਤਨੀ ਦੀ ਭੂਮਿਕਾ ਨੈਨਸੀ, ਵੇਟਰ ਦੀ ਭੂਮਿਕਾ ਹੁਸਨ ਕਲੇਰ ਅਤੇ ਜੱਜ ਦੀ ਭੂਮਿਕਾ ਕੁੰਵਰ ਲੋਟੇ ਨੇ ਨਿਭਾਈ। ਮੰਚ ਪਿੱਛੇ ਪਿੱਠ ਵਰਤੀ ਸੰਗੀਤਕਾਰ ਅਤੇ ਗਾਇਕ ਰਵੀ ਨੰਦਨ, ਗੀਤਕਾਰ ਸ਼ਬਦੀਸ਼, ਰੋਸ਼ਨੀ ਵਿਉਂਤ ਪ੍ਰੀਤ ਕਾਰਖ਼ਲ, ਸੰਗੀਤ ਸੰਚਾਲਨ ਗੁਰਨੂਰ ਗੁਰੀ ਤੇ ਸਹਾਇਕ ਵਜੋਂ ਖੁਸ਼ਲੀਨ ਕੌਰ ਬਰਾੜ ਸਨ। ਇਸ ਮੌਕੇ ’ਤੇ ਯੁਵਾ ਨਾਟਕਕਾਰ ਡਾ. ਕੁਲਬੀਰ ਮਲਿਕ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ‘ਈਸ਼ਵਰ ਚੰਦਰ ਨੰਦਾ ਪੁਰਸਕਾਰ’ ਮਿਲਣ ਦੀ ਖੁਸ਼ੀ ਵਿੱਚ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ, ਪ੍ਰਿੰਸੀਪਲ ਮੋਨਿਕਾ, ਪ੍ਰਿੰਸੀਪਲ ਨਿਸ਼ਾ ਦਿਉੜਾ, ਡਾ. ਮਨਦੀਪ ਕੌਰ ਜਟਾਣਾ, ਗਗਨਦੀਪ ਕੌਰ ਸੰਧੂ, ਸਿਰਜਣਾ ਜਟਾਣਾ, ਡਾ. ਰਾਕੇਸ਼ ਗਰੋਵਰ, ਸਾਹਿਤਿਕ ਜਗਤ ਤੋਂ ਗੁਰਤੇਜ ਕੁਹਾਰ ਵਾਲਾ, ਹਰਮੀਤ ਵਿਦਿਆਰਥੀ, ਸੁਖਜਿੰਦਰ, ਇੰਜ. ਗੁਰਦਿਆਲ ਸਿੰਘ ਵਿਰਕ, ਡਾ. ਰਾਮੇਸ਼ਵਰ ਸਿੰਘ ਕਟਾਰਾ, ਓਮ ਪ੍ਰਕਾਸ਼ ਸਰੋਏ, ਸੁਖਦੇਵ ਭੱਟੀ, ਲਾਲ ਸਿੰਘ ਸੁਲਹਾਣੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਮਾਗਮ ਵਿਚ ਰਵਾਨੀ ਭਰਪੂਰ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਉੱਘੇ ਲੋਕ-ਨਾਚ ਕਲਾਕਾਰ ਰਵੀ ਇੰਦਰ ਸਿੰਘ ਨੇ ਬਾਖੂਬੀ ਨਿਭਾਈ। ਆਏ ਹੋਏ ਮਹਿਮਾਨਾਂ ਦਾ ਧੰਨਵਾਦ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਗਾ ਡਾ. ਅਜੀਤਪਾਲ ਜਟਾਣਾ ਨੇ ਕੀਤਾ। ਅੰਤ ’ਤੇ ਨਾਟਕ ਪੇਸ਼ ਕਰਨ ਵਾਲੀ ਟੀਮ ਅਤੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।