ਕੱਸੋਆਣਾ ਦੇ ਖੇਡ ਮੈਦਾਨਾਂ ’ਚ ਪ੍ਰਤਿਭਾ ਦਾ ਮਹਾਂਕੁੰਭ, 70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦਾ ਸ਼ਾਨਦਾਰ ਆਗਾਜ਼ ਕੱਸੋਆਣਾ ਦੇ ਖੇਡ ਮੈਦਾਨਾਂ ’ਚ ਪ੍ਰਤਿਭਾ ਦਾ ਮਹਾਂਕੁੰਭ, 70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦਾ ਸ਼ਾਨਦਾਰ ਆਗਾਜ਼
Publish Date: Thu, 05 Nov 2026 03:40 PM (IST)
Updated Date: Fri, 06 Nov 2026 04:02 AM (IST)
16 ਜ਼ਿਲ੍ਹਿਆਂ ਦੀਆਂ ਟੀਮਾਂ ਨੇ ਦਿਖਾਇਆ ਦਮ, ਫ਼ਿਰੋਜ਼ਪੁਰ ਸਮੇਤ ਵੱਖ-ਵੱਖ ਜ਼ਿਲ੍ਹਿਆਂ ਵਿਚਕਾਰ ਹੋਏ ਰੋਮਾਂਚਕ ਮੁਕਾਬਲੇ ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਫ਼ਿਰੋਜ਼ਪੁਰ ਜ਼ਿਲ੍ਹੇ ਦੀ ਨਾਮਵਰ ਵਿੱਦਿਅਕ ਸੰਸਥਾ ਐੱਸ.ਐੱਸ.ਐੱਮ. ਗਰੁੱਪ ਆਫ਼ ਸਕੂਲਜ਼, ਕੱਸੋਆਣਾ ਦੇ ਹਰੇ-ਭਰੇ ਅਤੇ ਖੇਡ ਸਹੂਲਤਾਂ ਨਾਲ ਲੈਸ ਮੈਦਾਨ ਉਸ ਸਮੇਂ ਖੇਡ ਉਤਸ਼ਾਹ ਨਾਲ ਗੂੰਜ ਉੱਠੇ, ਜਦੋਂ ਇੱਥੇ 70ਵੀਆਂ ਅੰਤਰ ਜ਼ਿਲ੍ਹਾ ਸਾਫਟਬਾਲ ਸਕੂਲ ਖੇਡਾਂ (ਅੰਡਰ-17 ਲੜਕੇ) ਦਾ ਸ਼ਾਨਦਾਰ ਆਗਾਜ਼ ਹੋਇਆ। ਖੇਡਾਂ ਦਾ ਰਸਮੀ ਉਦਘਾਟਨ ਕਰਮਜੀਤ ਸਿੰਘ, ਪ੍ਰਿੰਸੀਪਲ ਜੀਵਨ ਮੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜ਼ੀਰਾ ਅਤੇ ਕੰਵਲਜੀਤ ਸਿੰਘ ਗਿੱਲ, ਚੇਅਰਮੈਨ ਐੱਸ.ਐੱਸ.ਐੱਮ. ਗਰੁੱਪ ਆਫ਼ ਸਕੂਲਜ਼, ਕੱਸੋਆਣਾ ਵੱਲੋਂ ਸਾਂਝੇ ਤੌਰ ’ਤੇ ਝੰਡਾ ਲਹਿਰਾ ਕੇ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਰਵਿੰਦਰ ਸਿੰਘ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਹ ਖੇਡ ਮੁਕਾਬਲੇ ਸਿਰਫ਼ ਖੇਡ ਪ੍ਰਤਿਭਾ ਦੇ ਪ੍ਰਦਰਸ਼ਨ ਤੱਕ ਹੀ ਸੀਮਤ ਨਹੀਂ, ਸਗੋਂ ਖੇਡ ਜਗਤ ਦੀਆਂ ਉਨ੍ਹਾਂ ਸਖ਼ਸ਼ੀਅਤਾਂ ਨੂੰ ਸ਼ਰਧਾਂਜਲੀ ਦੇਣ ਦਾ ਵੀ ਇੱਕ ਭਾਵਪੂਰਨ ਉਪਰਾਲਾ ਹਨ, ਜਿਨ੍ਹਾਂ ਨੇ ਇਸ ਖੇਤਰ ਵਿੱਚ ਆਪਣਾ ਅਮਿੱਟ ਯੋਗਦਾਨ ਪਾਇਆ। ਇਹ ਖੇਡਾਂ ਸਵਰਗੀ ਗੁਰਿੰਦਰ ਸਿੰਘ ਗਿੱਲ (ਡੀ.ਪੀ.ਈ.), ਜਿਨ੍ਹਾਂ ਨੇ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਸਾਫਟਬਾਲ ਖੇਡ ਦੀ ਨੀਂਹ ਰੱਖੀ, ਅਤੇ ਉਨ੍ਹਾਂ ਦੇ ਦੋ ਵਿਦਿਆਰਥੀਆਂ ਸਵ: ਅਭੈਪ੍ਰਤਾਪ ਸਿੰਘ ਤੇ ਸਵ: ਸੁਖਪ੍ਰੀਤ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਕੀਤੀਆਂ ਗਈਆਂ ਹਨ।ਹਰਸਿਮਰਨ ਸਿੰਘ (ਡੀ.ਪੀ.ਈ.) ਅਤੇ ਸੁੰਦਰ ਸਿੰਘ (ਡੀ.ਪੀ.ਈ.) ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ ਨੂੰ ਸਫ਼ਲ ਬਣਾਉਣ ਲਈ ਜ਼ੀਰਾ ਜ਼ੋਨ ਕਮੇਟੀ ਦੇ ਮੈਂਬਰ ਗੁਰਇੰਦਰ ਸਿੰਘ, ਪਰਮਜੀਤ ਸਿੰਘ, ਬਲਜਿੰਦਰ ਸਿੰਘ, ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਸਰਬਜੀਤ ਕੌਰ ਅਤੇ ਰਾਜਾ ਸਿੰਘ ਆਪਣੀਆਂ ਜ਼ਿੰਮੇਵਾਰੀਆਂ ਬਾਖ਼ੂਬੀ ਨਿਭਾਅ ਰਹੇ ਹਨ। ਸੰਸਥਾ ਦੀਆਂ ਸਾਬਕਾ ਵਿਦਿਆਰਥਣਾਂ ਸਿਮਰਨਪ੍ਰੀਤ ਕੌਰ, ਕਿਰਨਪ੍ਰੀਤ ਕੌਰ ਅਤੇ ਖੁਸ਼ਦੀਪ ਕੌਰ ਗਰਾਊਂਡ ਸਟਾਫ਼ ਵਜੋਂ ਸੇਵਾਵਾਂ ਦੇ ਰਹੀਆਂ ਹਨ, ਜਦਕਿ ਅਧਿਆਪਕ ਰਜਤ ਗੁਪਤਾ ਵਿਸ਼ੇਸ਼ ਸਹਿਯੋਗੀ ਵਜੋਂ ਪ੍ਰਬੰਧਾਂ ਵਿੱਚ ਯੋਗਦਾਨ ਪਾ ਰਹੇ ਹਨ। ਇਸ ਤੋਂ ਇਲਾਵਾ ਪਵਿੱਤਰ ਸਿੰਘ, ਦਵਿੰਦਰ ਸਿੰਘ, ਰਮੇਸ਼, ਜੋਰਿੰਦਰ ਸਿੰਘ, ਜਗਜੀਤ ਸਿੰਘ, ਗਗਨਦੀਪ ਸਿੰਘ, ਪਵਨ ਕੁਮਾਰ, ਪ੍ਰਭਜੋਤ ਸਿੰਘ, ਵਿਕਰਮ ਮਲਹੋਤਰਾ, ਹਰੀਸ਼ ਰਾਵਤ, ਨਵਦੀਪ ਸਿੰਘ, ਸਚਿਨ ਠਾਕੁਰ, ਮਨਦੀਪ ਸਿੰਘ ਅਤੇ ਸੁਭਾਸ਼ ਚੰਦਰ ਚੋਣਕਰਤਾ ਵਜੋਂ ਆਪਣੀ ਡਿਊਟੀ ਨਿਭਾਅ ਰਹੇ ਹਨ। ਸਕੂਲ ਦੇ ਵਿਦਿਆਰਥੀ ਵੀ ਵਲੰਟੀਅਰਾਂ ਵਜੋਂ ਸਹਿਯੋਗ ਦੇ ਰਹੇ ਹਨ। ਬਾਹਰੋਂ ਆਈਆਂ ਟੀਮਾਂ ਦੀ ਸਹੂਲਤ ਲਈ ਖਾਣ-ਪੀਣ, ਰਿਹਾਇਸ਼ ਅਤੇ ਆਉਣ-ਜਾਣ ਦੇ ਪੁਖ਼ਤਾ ਪ੍ਰਬੰਧ ਸੰਸਥਾ ਵੱਲੋਂ ਕੀਤੇ ਗਏ ਹਨ। ਸਕੂਲ ਦੇ ਡਰਾਈਵਰ ਸਾਰਜ ਸਿੰਘ, ਗੁਰਮੇਲ ਸਿੰਘ, ਗੁਰਵਿੰਦਰ ਸਿੰਘ ਸਮੇਤ ਹੋਰ ਡਰਾਈਵਰ ਵੀ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਕੁੱਲ 16 ਟੀਮਾਂ ਨੇ ਭਾਗ ਲਿਆ। ਪਹਿਲੇ ਦਿਨ ਹੋਏ ਮੁਕਾਬਲਿਆਂ ਵਿੱਚ ਫ਼ਿਰੋਜ਼ਪੁਰ ਨੇ ਮੋਗਾ ਨੂੰ 17-0 ਨਾਲ, ਸ੍ਰੀ ਮੁਕਤਸਰ ਸਾਹਿਬ ਨੇ ਕਪੂਰਥਲਾ ਨੂੰ 10-0 ਨਾਲ, ਅੰਮ੍ਰਿਤਸਰ ਨੇ ਬਠਿੰਡਾ ਨੂੰ 12-0 ਨਾਲ ਅਤੇ ਲੁਧਿਆਣਾ ਨੇ ਹੁਸ਼ਿਆਰਪੁਰ ਨੂੰ 3-0 ਨਾਲ ਹਰਾਇਆ। ਇਸੇ ਤਰ੍ਹਾਂ ਫ਼ਾਜ਼ਿਲਕਾ ਨੇ ਫ਼ਿਰੋਜ਼ਪੁਰ ਨੂੰ 2-0 ਨਾਲ ਮਾਤ ਦਿੱਤੀ।ਕੱਸੋਆਣਾ ਦੀ ਧਰਤੀ ’ਤੇ ਸਜਿਆ ਇਹ ਖੇਡ ਮਹਾਕੁੰਭ ਜਿੱਥੇ ਨੌਜਵਾਨ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੰਚ ਪ੍ਰਦਾਨ ਕਰ ਰਿਹਾ ਹੈ, ਉੱਥੇ ਹੀ ਖੇਡ ਭਾਵਨਾ, ਅਨੁਸ਼ਾਸਨ, ਮਿਹਨਤ ਅਤੇ ਆਪਸੀ ਸਾਂਝ ਦਾ ਸੁਨੇਹਾ ਵੀ ਦੇ ਰਿਹਾ ਹੈ।