ਗੋਪਾਲ ਅਸ਼ਟਮੀ ਦੇ ਮੌਕੇ ਸ਼ਾਨਦਾਰ ਸਮਾਗਮ ਸ੍ਰੀ ਸਨਾਤਨ ਧਰਮ ਗਊਸ਼ਾਲਾ ਵਿਖੇ ਗੋਪਾਲ ਅਸ਼ਟਮੀ ਦੇ ਮੌਕੇ ਕਰਵਾਇਆ ਗਿਆ ਸ਼ਾਨਦਾਰ ਸਮਾਗਮ
Publish Date: Thu, 19 Nov 2026 04:58 PM (IST)
Updated Date: Fri, 20 Nov 2026 04:01 AM (IST)
ਵੰਸ਼ਮ ਸਿੰਘਾਲ ਤੇ ਅਰਸ਼ ਸਿੰਘਾਲ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ, ਸੰਗਤ ਨੇ ਗਊ ਪੂਜਾ ਅਤੇ ਭਜਨਾਂ ਦਾ ਮਾਣਿਆ ਆਨੰਦ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ,ਫਿਰੋਜ਼ਪੁਰ : ਸ੍ਰੀ ਸਨਾਤਨ ਧਰਮ ਗਊਸ਼ਾਲਾ ਵਿਖੇ ਗੋਪਾਲ ਅਸ਼ਟਮੀ ਦੇ ਪਵਿੱਤਰ ਮੌਕੇ ’ਤੇ ਇੱਕ ਵਿਸ਼ਾਲ ਅਤੇ ਪ੍ਰਭਾਵਸ਼ਾਲੀ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸ਼ੁਭ ਅਵਸਰ ’ਤੇ ਇਲਾਕੇ ਦੇ ਪ੍ਰਸਿੱਧ ਭਜਨ ਉਪਦੇਸ਼ਕਾਂ ਦੇ ਨਾਲ-ਨਾਲ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਵਿਧੀ-ਵਿਧਾਨ ਅਨੁਸਾਰ ਗਊ ਪੂਜਾ ਕੀਤੀ ਅਤੇ ਭਜਨ-ਕੀਰਤਨ ਦਾ ਖ਼ੂਬ ਆਨੰਦ ਮਾਣਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਵੰਸ਼ਮ ਸਿੰਘਾਲ ਤੇ ਅਰਸ਼ ਸਿੰਘਾਲ ਦਾ ਪ੍ਰਬੰਧਕਾਂ, ਪਤਵੰਤੇ ਸੱਜਣਾਂ ਅਤੇ ਸੰਗਤ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ। ਇਸ ਉਪਰੰਤ ਮੁੱਖ ਮਹਿਮਾਨਾਂ ਨੇ ਗਊ ਪੂਜਾ ਅਤੇ ਜੋਤੀ ਪੂਜਨ ਕਰਵਾ ਕੇ ਸਮਾਗਮ ਦੀ ਰਸਮੀ ਸ਼ੁਰੂਆਤ ਕੀਤੀ। ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਗਊ ਪੂਜਾ ਅਤੇ ਰੋਜ਼ਾਨਾ ਗਊ ਸੇਵਾ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਗਾਂ ਦਾ ਦੁੱਧ ਹੀ ਵਰਤਣਾ ਚਾਹੀਦਾ ਹੈ, ਜਿਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਗਊ ਪਾਲਣ ਕਰਨ ਨਾਲ ਸਾਰੇ ਗ੍ਰਹਿਆਂ ਦੀ ਪੂਜਾ ਦਾ ਫਲ ਪ੍ਰਾਪਤ ਹੁੰਦਾ ਹੈ ਕਿਉਂਕਿ ਗਾਂ ਨੂੰ ਮਾਂ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ ਅਤੇ ਇਸੇ ਕਾਰਨ ਇਸ ਨੂੰ ਗਊ ਮਾਤਾ ਦਾ ਦਰਜਾ ਦਿੱਤਾ ਗਿਆ ਹੈ। ਸਮਾਗਮ ਵਿੱਚ ਹਾਜ਼ਰ ਸੰਗਤ ਨੇ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਧਾਰਮਿਕ ਪ੍ਰੋਗਰਾਮ ਵਿੱਚ ਭਾਗ ਲਿਆ ਅਤੇ ਗਊ ਮਾਤਾ ਦੀ ਸੇਵਾ ਦਾ ਸੰਕਲਪ ਲਿਆ।