ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ੀਰਾ ’ਚ ਕਰਵਾਇਆ ਡਰੋਨ ਸ਼ੋਅ ਜਵਾਹਰ ਨਵੋਦਿਆ ਵਿਦਿਆਲਿਆ ਮਹੀਆਂ ਵਾਲਾ ਕਲਾਂ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਰੋਨ ਸ਼ੋਅ ਕਰਵਾਇਆ ਗਿਆ
Publish Date: Sun, 04 Oct 2026 03:56 PM (IST)
Updated Date: Sun, 04 Oct 2026 03:59 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਵਾਹਰ ਨਵੋਦਿਆ ਵਿਦਿਆਲਿਆ ਮਹੀਆਂ ਵਾਲਾ ਕਲਾਂ ਜ਼ੀਰਾ ਵਿਖੇ ਡਰੋਨ ਸ਼ੋਅ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ।ਇਸ ਦੌਰਾਨ 500 ਡਰੋਨਾਂ ਨੇ ਅਸਮਾਨ ਵਿੱਚ ਰੌਸ਼ਨੀਆਂ ਦੀ ਮਨਮੋਹਕ ਪੇਸ਼ਕਾਰੀ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ,ਫਲਸਫ਼ੇ ਅਤੇ ਮਹਾਨ ਸਿੱਖਿਆਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ। ਸੰਗਤ ਨੇ ਇਸ ਵਿਲੱਖਣ ਪੇਸ਼ਕਾਰੀ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਦੇਖਿਆ। ਇਸ ਤੋਂ ਪਹਿਲਾਂ ਰਾਗੀ ਜਥਾ ਸਤਪਾਲ ਸਿੰਘ ਬਾਘਾ ਪੁਰਾਣਾ ਵਲੋਂ ਕੀਰਤਨ ਰਾਹੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜੀਵਨ, ਸਿੱਖਿਆਵਾਂ ਅਤੇ ਬਰਾਬਰੀ ਤੇ ਭਾਈਚਾਰੇ ਦੇ ਸੰਦੇਸ਼ ਨੂੰ ਵੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਕੀਰਤਨ ਦੀ ਗੂੰਜ ਅਤੇ ਆਕਾਸ਼ ਵਿੱਚ ਚਮਕਦੀਆਂ ਰੌਸ਼ਨ ਆਕ੍ਰਿਤੀਆਂ ਨੇ ਸਮਾਗਮ ਨੂੰ ਰੂਹਾਨੀ ਮਾਹੌਲ ਪ੍ਰਦਾਨ ਕੀਤਾ।ਇਸ ਮੌਕੇ ਵਿਧਾਇਕ ਜ਼ੀਰਾ ਨਰੇਸ਼ ਕਟਾਰੀਆ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਦਾ 650ਵਾਂ ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਨਾਲ ਵੱਡੇ ਪੱਧਰ ’ਤੇ ਮਨਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਸੂਬੇ ਭਰ ਵਿੱਚ ਡਰੋਨ ਸ਼ੋਅ, ਡਾਕੂਮੈਂਟਰੀ ਆਦਿ ਸਮਾਗਮ ਕਰਵਾਏ ਜਾ ਰਹੇ ਹਨ।ਉਨ੍ਹਾਂ ਕਿਹਾ ਕਿ 500 ਡਰੋਨਾਂ ਰਾਹੀਂ ਕੀਤੀ ਗਈ ਇਹ ਪੇਸ਼ਕਾਰੀ ਸ੍ਰੀ ਗੁਰੂ ਰਵਿਦਾਸ ਜੀ ਨੂੰ ਢੁਕਵੀਂ ਸ਼ਰਧਾਂਜਲੀ ਹੈ। ਇਸ ਰਾਹੀਂ ਗੁਰੂ ਜੀ ਦੇ ਬਰਾਬਰੀ, ਭਾਈਚਾਰਕ ਸਾਂਝ, ਦਇਆ,ਸਮਾਜਿਕ ਨਿਆਂ ਅਤੇ ਮਨੁੱਖੀ ਸਨਮਾਨ ਦੇ ਸਦੀਵੀ ਸੰਦੇਸ਼ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬੇ ਭਰ ਵਿੱਚ 92 ਡਰੋਨ ਸ਼ੋਅ ਕਰਵਾਏ ਜਾ ਰਹੇ ਹਨ,ਜਿਨ੍ਹਾਂ ਦਾ ਉਦੇਸ਼ ਨੌਜਵਾਨਾਂ ਨੂੰ ਗੁਰੂ ਜੀ ਦੇ ਮਹਾਨ ਫਲਸਫ਼ੇ ਅਤੇ ਸਿੱਖਿਆਵਾਂ ਨਾਲ ਜੋੜਨਾ ਹੈ।ਇਸ ਮੌਕੇ ਆਈਆਂ ਹੋਈਆਂ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਐੱਸਡੀਐੱਮ ਜ਼ੀਰਾ ਸੂਰਜ ਕੁਮਾਰ,ਆਪ ਆਗੂ ਸ਼ੰਕਰ ਕਟਾਰੀਆ,ਸਰਪੰਚ ਗੁਰਪ੍ਰੀਤ ਸਿੰਘ, ਪ੍ਰਿੰਸੀਪਲ ਜਵਾਹਰ ਨਵੋਦਿਆ ਵਿਦਿਆਲਿਆ ਸਵਰਨਜੀਤ ਕੌਰ, ਤਹਿਸੀਲਦਾਰ ਵਿਨੋਦ ਕੁਮਾਰ, ਨਾਇਬ ਤਹਿਸੀਲਦਾਰ ਪਰਮਪਾਲ ਸਿੰਘ, ਈ.ਓ ਨਰਿੰਦਰ ਕੁਮਾਰ,ਬੀਡੀਪੀਓ ਜ਼ੀਰਾ ਵਿਕਰਾਂਤ ਪੁਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।