ਪਿੰਡ ਮਰਖਾਈ ਦੇ 24 ਸਾਲਾ ਨੌਜਵਾਨ ਦੀ ਚਿੱਟੇ ਕਾਰਨ ਹੋਈ ਮੌਤ ਪਿੰਡ ਮਰਖਾਈ ਦੇ 24 ਸਾਲਾ ਨੌਜਵਾਨ ਦੀ ਚਿੱਟੇ ਕਾਰਨ ਹੋਈ ਮੌਤ
Publish Date: Sat, 19 Sep 2026 05:25 PM (IST)
Updated Date: Sat, 19 Sep 2026 05:26 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਹਲਕਾ ਜ਼ੀਰਾ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਹਲਕਾ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਮਿਤੀ 18 ਸਤੰਬਰ ਨੂੰ ਜ਼ੀਰਾ ਫਿਰੋਜਪੁਰ ਰੋਡ ਤੇ ਇੱਕ ਪੈਲੇਸ ਯੁੱਧ ਨਸ਼ਿਆਂ ਵਿਰੁੱਧ ਕਰਵਾਈ ਗਈ ਵਿਸ਼ਾਲ ਮੀਟਿੰਗ ਦੌਰਾਨ ਜ਼ੀਰਾ ਫਿਰੋਜਪੁਰ ਰੋਡ ਤੇ ਸਥਿੱਤ ਪਿੰਡ ਮਰਖਾਈ ਵਿਖੇ ਚਿੱਟੇ ਦੇ ਨਸ਼ੇ ਕਾਰਨ ਇੱਕ (21) ਸਾਲਾ ਨੌਜਵਾਨ ਲਵਪ੍ਰੀਤ ਸਿੰਘ ਦੇ ਫੁੱਲ ਚੁਗੇ ਗਏ ਅਤੇ 24 ਸਾਲਾ ਨੌਜਵਾਨ ਗੁਰਜਿੰਦਰ ਸਿੰਘ ਦੀ ਚਿੱਟੇ ਦੇ ਨਸ਼ੇ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਗੁਰਜਿੰਦਰ ਸਿੰਘ (24) ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਮਰਖਾਈ ਜੋ ਕਿ ਪਿਛਲੇ 3-4 ਸਾਲ ਤੋਂ ਚਿੱਟੇ ਦਾ ਸੇਵਨ ਕਰ ਰਿਹਾ ਸੀ, ਪਰਿਵਾਰ ਦੇ ਵਾਰ -ਵਾਰ ਰੋਕਣ ਅਤੇ ਇਲਾਜ ਕਰਵਾਉਣ ਦੇ ਬਾਵਜੂਦ ਵੀ ਉਹ ਨਸ਼ਾ ਨੂੰ ਨਹੀਂ ਛੱਡ ਸਕਿਆ।ਉਨ੍ਹਾਂ ਦੱਸਿਆ ਕਿ ਚਿੱਟੇ ਦੇ ਸੇਵਨ ਕਾਰਨ ਉਹ ਕਈ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਗਿਆ ਸੀ, ਜਿਸਦਾ ਇਲਾਜ ਸਿਵਲ ਹਸਪਤਾਲ ਜ਼ੀਰਾ ਵਿਖੇ ਚੱਲ ਰਿਹਾ ਸੀ, ਉਸਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੀ 18 ਸਤੰਬਰ ਨੂੰ ਮੌਤ ਹੋ ਗਈ। ਗੁਰਜਿੰਦਰ ਸਿੰਘ ਮਜ਼ਦੂਰ ਪਰਿਵਾਰ ਨਾਲ ਸਬੰਧਤ ਸੀ। ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਮਰਖਾਈ ਵਿਖੇ ਚਿੱਟੇ ਕਾਰਨ ਇੱਕ ਮਹੀਨੇ ਦੇ ਵਿਚ ਇਹ ਸਤਵੀਂ ਮੌਤ ਹੈ। ਉਨ੍ਹਾਂ ਕਿਹਾ ਕਿ ਮਿਤੀ 18 ਸਤੰਬਰ ਵਾਲੇ ਦਿਨ ਚਿੱਟੇ ਨਾਲ ਮਰੇ ਇਕ 18 ਸਾਲਾਂ ਨੌਜਵਾਨ ਲਵਪ੍ਰੀਤ ਸਿੰਘ ਦੇ ਫੁੱਲ ਚੁੱਗੇ ਗਏ, ਉਸੇ ਦਿਨ ਹੀ ਗੁਰਜਿੰਦਰ ਸਿੰਘ ਦੀ ਚਿੱਟੇ ਕਾਰਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਲਕਾ ਜ਼ੀਰਾ ’ਚ ਵੱਡੀ ਪੱਧਰ ਤੇ ਨਸ਼ਾ ਤਸਕਰ ਬਿਨ੍ਹਾਂ ਕਿਸੇ ਡਰ ਤੋਂ ਧੜੱਲੇ ਨਾਲ ਚਿੱਟੇ ਦਾ ਕਾਰੋਬਾਰ ਕਰ ਰਹੇ ਹਨ। ਉਨ੍ਹਾਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਸ਼ਾ ਤਸਕਰਾਂ ਨੂੰ ਨੱਥ ਪਾਈ ਜਾਵੇ ਅਤੇ ਪਰਿਵਾਰਾਂ ਦੀ ਮੱਦਦ ਕੀਤੀ ਜਾਵੇ।