ਲਛਮਣ ਨਹਿਰ ’ਚ ਪਿਆ 20 ਫੁੱਟ ਪਾੜ, ਖੇਤਾਂ ’ਚ ਤੇਜ਼ੀ ਨਾਲ ਵਧਿਆ ਪਾਣੀ ਪਿੰਡ ਮੱਤੜ ਹਿਠਾੜ ਵਿਖੇ ਲਛਮਣ ਨਹਿਰ ਨੂੰ ਪਿਆ 20 ਫੁੱਟ ਦਾ ਪਾੜ, ਖੇਤਾਂ ’ਚ ਤੇਜ਼ੀ ਨਾਲ ਵਧਿਆ ਪਾਣੀ
Publish Date: Fri, 21 Aug 2026 04:27 PM (IST)
Updated Date: Fri, 21 Aug 2026 04:30 PM (IST)
ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਅਧੀਨ ਆਉਂਦੇ ਸਰਹੱਦੀ ਪਿੰਡ ਮੱਤੜ ਹਿਠਾੜ ਵਿਖੇ ਅੱਜ ਸਵੇਰੇ ਲਗਭਗ 7.30 ਵਜੇ ਲਛਮਣ ਨਹਿਰ ’ਚ ਅਚਾਨਕ 20 ਫੁੱਟ ਦੇ ਕਰੀਬ ਚੌੜਾ ਪਾੜ ਪੈ ਗਿਆ। ਨਹਿਰ ਟੁੱਟਣ ਕਾਰਨ ਤੇਜ਼ ਰਫ਼ਤਾਰ ਨਾਲ ਪਾਣੀ ਆਸ-ਪਾਸ ਦੇ ਖੇਤਾਂ ਵੱਲ ਵਧਣਾ ਸ਼ੁਰੂ ਹੋ ਗਿਆ, ਜਿਸ ਨਾਲ ਹੁਣ ਤੱਕ ਲਗਭਗ 50 ਤੋਂ 60 ਏਕੜ ਝੋਨੇ ਦੀ ਫਸਲ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਕੇ ਤਬਾਹ ਹੋ ਚੁੱਕੀ ਹੈ। ਮੌਕੇ ’ਤੇ ਮੌਜ਼ੂਦ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਘਟਨਾ ਦੇ ਤੁਰੰਤ ਬਾਅਦ ਪ੍ਰਸ਼ਾਸਨ ਅਤੇ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ, ਪਰ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕੋਈ ਵੀ ਅਧਿਕਾਰੀ ਸਥਿਤੀ ਦਾ ਜਾਇਜ਼ਾ ਲੈਣ ਜਾਂ ਪਾੜ ਨੂੰ ਪੂਰਨ ਲਈ ਮੌਕੇ ’ਤੇ ਨਹੀਂ ਪਹੁੰਚਿਆ। ਇਸ ਝੋਨੇ ਦੇ ਸੀਜ਼ਨ ਦੌਰਾਨ ਮਮਦੋਟ ਬਲਾਕ ਦੇ ਅੰਦਰ ਲਛਮਣ ਨਹਿਰ ਟੁੱਟਣ ਦੀ ਇਹ ਦੂਜੀ ਵੱਡੀ ਘਟਨਾ ਹੈ। ਇਸ ਤੋਂ ਪਹਿਲਾਂ 2 ਜੁਲਾਈ ਨੂੰ ਵੀ ਪਿੰਡ ਰਾਓਕੇ ਹਿਠਾੜ ਵਿਖੇ ਲਛਮਣ ਨਹਿਰ ਵਿੱਚ 20 ਫੁੱਟ ਦੇ ਕਰੀਬ ਪਾੜ ਪੈ ਗਿਆ ਸੀ। ਉਸ ਸਮੇਂ ਵੀ ਲਗਾਤਾਰ ਦੋ ਦਿਨ ਨਹਿਰ ਵਿੱਚ ਪਾਣੀ ਚੱਲਦਾ ਰਿਹਾ ਸੀ, ਜਿਸ ਕਾਰਨ 600 ਏਕੜ ਤੋਂ ਵੀ ਜ਼ਿਆਦਾ ਝੋਨੇ ਦੀ ਫਸਲ, ਪਸ਼ੂਆਂ ਦਾ ਚਾਰਾ ਅਤੇ ਗਰੀਬ ਕਿਸਾਨਾਂ ਵੱਲੋਂ ਬੀਜੀਆਂ ਗਈਆਂ ਸਬਜ਼ੀਆਂ ਨਹਿਰੀ ਪਾਣੀ ਦੀ ਲਪੇਟ ਵਿਚ ਆ ਕੇ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਸਨ। ਵਾਰ-ਵਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੇ ਵਿਭਾਗ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤੇ ਹਨ। ਨਹਿਰ ਟੁੱਟਣ ਅਤੇ ਸਮੇਂ ਸਿਰ ਮੱਦਦ ਨਾ ਪਹੁੰਚਣ ਕਾਰਨ ਇਲਾਕੇ ਦੇ ਕਿਸਾਨਾਂ ਵਿਚ ਪ੍ਰਸ਼ਾਸਨ ਅਤੇ ਨਹਿਰੀ ਵਿਭਾਗ ਦੇ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੀੜਤ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਨਹਿਰੀ ਵਿਭਾਗ ਵੱਲੋਂ ਬਿਨ੍ਹਾ ਕਿਸੇ ਦੇਰੀ ਦੇ ਤੁਰੰਤ ਰਿਪੇਅਰ ਟੀਮ ਭੇਜ ਕੇ ਨਹਿਰ ਦੇ ਪਾੜ ਨੂੰ ਪੂਰਿਆ ਜਾਵੇ ਤਾਂ ਜੋ ਹੋਰ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ। ਪ੍ਰਸ਼ਾਸਨ ਵੱਲੋਂ ਖਰਾਬ ਹੋਈ ਫਸਲ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਨੁਕਸਾਨੇ ਗਏ ਝੋਨੇ ਦਾ ਪੀੜ੍ਹਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਨਹਿਰ ਦੇ ਕੰਢਿਆਂ ਨੂੰ ਮਜ਼ਬੂਤ ਅਤੇ ਪੱਕੇ ਕਰਨ ਲਈ ਯੋਜਨਾਬੱਧ ਪ੍ਰਬੰਧ ਕੀਤੇ ਜਾਣ। ਘਟਨਾ ਵਾਪਰਨ ਅਤੇ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋਣ ਦੇ ਬਾਵਜੂਦ ਨਹਿਰੀ ਵਿਭਾਗ ਵਲੋਂ ਅਜੇ ਤੱਕ ਕੋਈ ਵੀ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਵਿਭਾਗ ਦੀ ਇਸ ਸਾਜ਼ਿਸ਼ੀ ਚੁੱਪ ਅਤੇ ਢਿੱਲੀ ਕਾਰਗੁਜ਼ਾਰੀ ਕਾਰਨ ਪੀੜਤ ਕਿਸਾਨਾਂ ਦਾ ਗੁੱਸਾ ਹੋਰ ਵੀ ਵੱਧਦਾ ਜਾ ਰਿਹਾ ਹੈ।