15 ਦਿਨਾਂ ’ਚ 82.6 ਟਨ ਪਰਸੀਮਨ ਫਲ ਦੀ ਰੇਲ ਰਾਹੀਂ ਢੋਆ-ਢੁਆਈ ਲੁਧਿਆਣਾ ਤੋਂ 15 ਦਿਨਾਂ ਵਿੱਚ 82.6 ਟਨ ਪਰਸੀਮਨ ਫਲ ਦੀ ਰੇਲ ਰਾਹੀਂ ਢੋਆ-ਢੁਆਈ, ਦੇਸ਼ ਦੇ ਛੇ ਪ੍ਰਮੁੱਖ ਸ਼ਹਿਰਾਂ ਤੱਕ ਪਹੁੰਚਾਇਆ ਮਾਲ
Publish Date: Thu, 15 Oct 2026 03:53 PM (IST)
Updated Date: Fri, 16 Oct 2026 04:00 AM (IST)
ਦੇਸ਼ ਦੇ ਛੇ ਪ੍ਰਮੁੱਖ ਸ਼ਹਿਰਾਂ ਤੱਕ ਪਹੁੰਚਾਇਆ ਮਾਲ ਫਿਰੋਜ਼ਪੁਰ ਰੇਲਵੇ ਮੰਡਲ ਦੇ ਯਤਨਾਂ ਨੂੰ ਮਿਲੀ ਸਫ਼ਲਤਾ, ਫਲ ਵਪਾਰੀਆਂ ਨੂੰ ਰੇਲ ਆਵਾਜਾਈ ਰਾਹੀਂ ਮਿਲ ਰਿਹੈ ਵੱਡਾ ਲਾਭ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਲੁਧਿਆਣਾ ਰੇਲਵੇ ਸਟੇਸ਼ਨ ਤੋਂ ਪਰਸੀਮਨ ਫਲ ਦੀ ਰੇਲ ਰਾਹੀਂ ਢੋਆ-ਢੁਆਈ ਨੂੰ ਉਤਸ਼ਾਹ ਮਿਲ ਰਿਹਾ ਹੈ। ਪਹਿਲੀ ਤੋਂ 15 ਅਕਤੂਬਰ 2026 ਤੱਕ ਸਿਰਫ਼ 15 ਦਿਨਾਂ ਵਿੱਚ 82.6 ਟਨ ਫਲ ਦੇਸ਼ ਦੇ ਛੇ ਪ੍ਰਮੁੱਖ ਸ਼ਹਿਰਾਂ ਲਈ ਭੇਜਿਆ ਗਿਆ, ਜਿਸ ਨਾਲ ਵਪਾਰੀਆਂ ਨੂੰ ਆਪਣੇ ਉਤਪਾਦ ਵੱਖ-ਵੱਖ ਮੰਡੀਆਂ ਤੱਕ ਪਹੁੰਚਾਉਣ ਲਈ ਸੁਵਿਧਾਜਨਕ ਸਾਧਨ ਮਿਲਿਆ ਹੈ। ਫਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਮਾਲ ਢੋਆ-ਢੁਆਈ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਮਾਰਗਦਰਸ਼ਨ ਹੇਠ ਬਿਜ਼ਨਸ ਡਿਵੈਲਪਮੈਂਟ ਯੂਨਿਟ ਵੱਲੋਂ ਕੀਤੇ ਜਾ ਰਹੇ ਵਿਸ਼ੇਸ਼ ਯਤਨਾਂ ਸਦਕਾ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਪਰਸੀਮਨ ਫਲ ਦੀ ਰੇਲ ਰਾਹੀਂ ਢੋਆ-ਢੁਆਈ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਰੇਲਵੇ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ 1 ਅਕਤੂਬਰ ਤੋਂ 15 ਅਕਤੂਬਰ 2026 ਤੱਕ ਵੱਖ-ਵੱਖ ਰੇਲਗੱਡੀਆਂ ਰਾਹੀਂ ਕੁੱਲ 3,361 ਪੈਕੇਟਾਂ ਵਿੱਚ 82.6 ਟਨ ਪਰਸੀਮਨ ਫਲ ਭੇਜਿਆ ਗਿਆ। ਇਹ ਮਾਲ ਹਾਵੜਾ, ਕੋਲਕਾਤਾ, ਗੁਹਾਟੀ, ਪਟਨਾ, ਸਿਆਲਦਾਹ ਅਤੇ ਬਾਂਦਰਾ ਟਰਮੀਨਸ ਵਰਗੇ ਦੇਸ਼ ਦੇ ਛੇ ਪ੍ਰਮੁੱਖ ਸ਼ਹਿਰਾਂ ਲਈ ਰਵਾਨਾ ਕੀਤਾ ਗਿਆ। ਇਸ ਪਹਿਲਕਦਮੀ ਨਾਲ ਫਲ ਵਪਾਰੀਆਂ ਨੂੰ ਆਪਣੇ ਉਤਪਾਦ ਦੂਰ-ਦੁਰਾਡੇ ਦੇ ਬਾਜ਼ਾਰਾਂ ਤੱਕ ਪਹੁੰਚਾਉਣ ਲਈ ਇੱਕ ਸੁਵਿਧਾਜਨਕ ਅਤੇ ਭਰੋਸੇਯੋਗ ਵਿਕਲਪ ਮਿਲ ਰਿਹਾ ਹੈ। ਰੇਲ ਰਾਹੀਂ ਮਾਲ ਭੇਜਣ ਨਾਲ ਵਪਾਰੀਆਂ ਨੂੰ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਆਪਣੇ ਕਾਰੋਬਾਰ ਦਾ ਵਿਸਥਾਰ ਕਰਨ ਦੇ ਮੌਕੇ ਵੀ ਮਿਲ ਰਹੇ ਹਨ। ਸੀਨੀਅਰ ਮੰਡਲ ਵਣਜ ਪ੍ਰਬੰਧਕ/ਮਾਲ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਫਿਰੋਜ਼ਪੁਰ ਮੰਡਲ ਦੀ ਭਰੋਸੇਯੋਗ ਅਤੇ ਸਮੇਂ ਸਿਰ ਮਾਲ ਢੋਆ-ਢੁਆਈ ਪ੍ਰਣਾਲੀ ਵਪਾਰੀਆਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੰਡਲ ਮਾਲ ਆਵਾਜਾਈ ਵਧਾਉਣ ਦੇ ਨਾਲ-ਨਾਲ ਵਾਤਾਵਰਣ ਅਨੁਕੂਲ ਆਵਾਜਾਈ ਸੇਵਾਵਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ।ਰੇਲਵੇ ਵੱਲੋਂ ਅਜਿਹੇ ਯਤਨਾਂ ਰਾਹੀਂ ਵਪਾਰੀਆਂ ਨੂੰ ਬਿਹਤਰ ਸਹੂਲਤਾਂ ਦੇਣ ਅਤੇ ਰੇਲ ਮਾਲ ਆਵਾਜਾਈ ਨੂੰ ਹੋਰ ਮਜ਼ਬੂਤ ਬਣਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।