ਫਿਰੋਜ਼ਪੁਰ ਕੇਂਦਰੀ ਜੇਲ੍ਹ ’ਚੋਂ 8 ਮੋਬਾਈਲ ਫੋਨ, ਹੈੱਡਫੋਨ ਤੇ 48 ਪੁੜੀਆਂ ਜਰਦਾ ਬਰਾਮਦ ਫਿਰੋਜ਼ਪੁਰ ਕੇਂਦਰੀ ਜੇਲ੍ਹ ’ਚੋਂ 8 ਮੋਬਾਈਲ ਫੋਨ, ਹੈੱਡਫੋਨ ਅਤੇ 48 ਜਰਦੇ ਦੀਆਂ ਪੁੜੀਆਂ ਬਰਾਮਦ
Publish Date: Fri, 16 Oct 2026 03:42 PM (IST)
Updated Date: Fri, 16 Oct 2026 03:45 PM (IST)
9 ਹਵਾਲਾਤੀਆਂ ਤੇ ਕੈਦੀਆਂ ’ਤੇ ਮਾਮਲਾ ਦਰਜ ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚੋਂ ਪਾਬੰਦੀਸ਼ੁਦਾ ਤੇ ਇਤਰਾਜ਼ਯੋਗ ਵਸਤੂਆਂ ਮਿਲਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਜੇਲ੍ਹ ਪ੍ਰਸ਼ਾਸਨ ਵੱਲੋਂ ਵੱਖ-ਵੱਖ ਤਾਰੀਖਾਂ ਨੂੰ ਕੀਤੀਆਂ ਗਈਆਂ ਤਲਾਸ਼ੀਆਂ ਅਤੇ ਜਾਂਚਾਂ ਦੌਰਾਨ 8 ਮੋਬਾਈਲ ਫੋਨ, 4 ਹੈੱਡਫੋਨ, 2 ਡਾਟਾ ਕੇਬਲ, 48 ਜਰਦੇ ਦੀਆਂ ਪੁੜੀਆਂ, ਤੰਬਾਕੂ ਅਤੇ ਨਸ਼ੀਲੇ ਕੈਪਸੂਲ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਪੁਲਿਸ ਨੇ 9 ਹਵਾਲਾਤੀਆਂ ਅਤੇ ਕੈਦੀਆਂ ਦੇ ਖਿਲਾਫ 42(1) ਅਤੇ 48(2) ਪੰਜਾਬ ਪ੍ਰਿਜ਼ਨਜ਼ ਐਂਡ ਕਰੈਕਸ਼ਨਲ ਸਰਵਿਸਿਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਵੱਲੋਂ ਭੇਜੀ ਗਈ ਰਿਪੋਰਟ ਦੇ ਆਧਾਰ ’ਤੇ ਕੀਤੀ ਗਈ ਹੈ। ਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ 4 ਅਕਤੂਬਰ ਨੂੰ ਹਵਾਲਾਤੀ ਰਘੂ ਕੋਲੋਂ ਬੈਟਰੀ ਤੇ ਸਿੰਮ ਸਮੇਤ ਕੀਪੈਡ ਮੋਬਾਈਲ ਫੋਨ, 8 ਅਕਤੂਬਰ ਨੂੰ ਕੈਦੀ ਦਲੇਰ ਸਿੰਘ ਕੋਲੋਂ ਮੋਬਾਈਲ ਫੋਨ ਮਿਲਿਆ, ਹਵਾਲਾਤੀ ਗੁਰਦੀਪ ਸਿੰਘ ਉਰਫ਼ ਕਾਲੀ ਸੂਟਰ, ਸ਼ੇਰਾ, ਮੱਲਾਂਵਾਲਾ ਤੇ ਰਾਮਦੀਨ ਕੋਲੋਂ ਮੋਬਾਈਲ ਫੋਨਾਂ ਦੇ ਨਾਲ ਹੈੱਡਫੋਨ ਤੇ ਜਰਦੇ ਦੀਆਂ ਪੁੜੀਆਂ ਬਰਾਮਦ ਹੋਈਆਂ। ਹਵਾਲਾਤੀ ਗੁਰਭੇਜ ਸਿੰਘ ਕੋਲੋਂ ਕੀਪੈਡ ਮੋਬਾਈਲ, ਦੋ ਡਾਟਾ ਕੇਬਲਾਂ ਤੇ ਜਰਦੇ ਦੀਆਂ 10 ਪੁੜੀਆਂ ਮਿਲੀਆਂ, ਜਦਕਿ ਸੁਖਚੈਨ ਸਿੰਘ ਕੋਲੋਂ ਮੋਬਾਈਲ ਫੋਨ, ਹੈੱਡਫੋਨ ਤੇ 8 ਜਰਦੇ ਦੀਆਂ ਪੂੜੀਆਂ ਬਰਾਮਦ ਹੋਈਆਂ। 10 ਅਕਤੂਬਰ ਦੀ ਤਲਾਸ਼ੀ ਦੌਰਾਨ ਹਵਾਲਾਤੀ ਸਿਮਰਨਜੀਤ ਸਿੰਘ ਉਰਫ਼ ਬੱਬਲੂ ਕੋਲੋਂ ਅੱਧੀ ਪੁੜੀ ਤੰਬਾਕੂ ਤੇ ਪੰਜ ਕੈਪਸੂਲ ਬਰਾਮਦ ਹੋਏ। ਇਸ ਤੋਂ ਇਲਾਵਾ 11 ਤੇ 12 ਅਕਤੂਬਰ ਨੂੰ ਹਵਾਲਾਤੀ ਸ਼ੁਭਮ ਕੁਮਾਰ ਉਰਫ਼ ਮਿਸ਼ਰੀ ਕੋਲੋਂ ਵੀ ਸਿੰਮ ਤੇ ਬੈਟਰੀ ਸਮੇਤ ਇਕ ਕੀਪੈਡ ਮੋਬਾਈਲ ਫੋਨ ਬਰਾਮਦ ਹੋਇਆ।