ਪਿੰਡ ਝੋਕ ਹਰੀਹਰ ’ਚ ਗੈਸ ਏਜੰਸੀ ਦੇ ਗੋਦਾਮ ’ਚੋਂ 72 ਸਿਲੰਡਰ ਚੋਰੀ
ਪਿੰਡ ਝੋਕ ਹਰੀਹਰ ’ਚ ਗੈਸ ਏਜੰਸੀ ਦੇ ਗੋਦਾਮ ’ਚੋਂ 72 ਸਿਲੰਡਰ ਚੋਰੀ
Publish Date: Mon, 06 Apr 2026 03:45 PM (IST)
Updated Date: Mon, 06 Apr 2026 03:49 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫ਼ਿਰੋਜ਼ਪੁਰ ਦੇ ਨਜ਼ਦੀਕੀ ਪਿੰਡ ਝੋਕ ਹਰੀਹਰ ਵਿਚ ਸਥਿਤ ਇਕ ਗੈਸ ਏਜੰਸੀ ਦੇ ਗੋਦਾਮ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਣਪਛਾਤੇ ਚੋਰਾਂ ਵੱਲੋਂ ਵੱਡੀ ਮਾਤਰਾ ਵਿਚ ਗੈਸ ਸਿਲੰਡਰ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ‘ਸਿਮਰ ਇੰਡੇਨ ਗ੍ਰਾਮੀਣ ਵਿਤਰਕ’ ਦੇ ਗੋਦਾਮ ਵਿੱਚੋਂ ਚੋਰਾਂ ਨੇ ਬੜੀ ਚਲਾਕੀ ਨਾਲ ਕੰਧ ਵਿਚਲੇ ਰੋਸ਼ਨਦਾਨ ਅਤੇ ਜਾਲੀਆਂ ਨੂੰ ਤੋੜ ਕੇ ਅੰਦਰ ਦਾਖਲ ਹੋਏ ਅਤੇ ਉੱਥੇ ਪਏ ਕਰੀਬ 72 ਗੈਸ ਸਿਲੰਡਰ ਲੈ ਕੇ ਫਰਾਰ ਹੋ ਗਏ। ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ 331 (4), 305 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਕੁਲਵੰਤ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਝੋਕ ਹਰੀਹਰ ਨੇ ਦੱਸਿਆ ਕਿ ਇਹ ਵਾਰਦਾਤ 3 ਅਤੇ 4 ਅਪ੍ਰੈਲ 2026 ਦੀ ਦਰਮਿਆਨੀ ਰਾਤ ਨੂੰ ਵਾਪਰੀ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਗੋਦਾਮ ਬੰਦ ਸੀ, ਪਰ ਰਾਤ ਦੇ ਕਰੀਬ 12.30 ਤੋਂ 2 ਵਜੇ ਦੇ ਵਿਚਕਾਰ ਅਣਪਛਾਤੇ ਚੋਰਾਂ ਨੇ ਗੋਦਾਮ ਦੀਆਂ ਜਾਲੀਆਂ ਅਤੇ ਰੋਸ਼ਨਦਾਨ ਨੂੰ ਨਿਸ਼ਾਨਾ ਬਣਾਇਆ। ਚੋਰਾਂ ਨੇ ਜਾਲੀਆਂ ਤੋੜ ਕੇ ਗੋਦਾਮ ਅੰਦਰ ਦਾਖਲ ਹੋਏ ਅਤੇ ਗੁਦਾਮ ਦੇ ਅੰਦਰ ਪਏ 72 ਗੈਸ ਸਿਲੰਡਰ ਚੋਰੀ ਕਰ ਲਏ। ਇੰਨੀ ਵੱਡੀ ਗਿਣਤੀ ਵਿਚ ਸਿਲੰਡਰ ਚੋਰੀ ਹੋਣ ਕਾਰਨ ਏਜੰਸੀ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਇਹ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਚੋਰਾਂ ਨੇ ਸਿਲੰਡਰ ਲਿਜਾਣ ਲਈ ਕਿਸੇ ਵੱਡੇ ਵਾਹਨ ਦੀ ਵਰਤੋਂ ਕੀਤੀ ਹੋਵੇਗੀ। ਮਾਮਲੇ ਦੀ ਤਫਤੀਸ਼ ਕਰ ਰਹੇ ਸਹਾਇਕ ਥਾਣੇਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਕੁਲਵੰਤ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਥਾਣਾ ਕੁੱਲਗੜ੍ਹੀ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।