ਕੇਂਦਰੀ ਜੇਲ੍ਹ ਫਿਰੋਜ਼ਪੁਰ ’ਚੋਂ 7 ਮੋਬਾਈਲ ਫ਼ੋਨ, ਤੰਬਾਕੂ ਤੇ ਬੀੜੀਆਂ ਦੇ ਬੰਡਲ ਬਰਾਮਦ
ਕੇਂਦਰੀ ਜੇਲ੍ਹ ਫਿਰੋਜ਼ਪੁਰ ’ਚੋਂ 7 ਮੋਬਾਈਲ ਫ਼ੋਨ , ਤੰਬਾਕੂ ਅਤੇ ਬੀੜੀਆਂ ਦੇ ਬੰਡਲ ਬਰਾਮਦ
Publish Date: Sun, 15 Feb 2026 03:40 PM (IST)
Updated Date: Sun, 15 Feb 2026 03:42 PM (IST)

ਸਟਾਫ ਰਿਪੋਰਟਰ,ਪੰਜਾਬੀ ਜਾਗਰਣ, ਫਿਰੋਜ਼ਪੁਰ : ਕੇਂਦਰੀ ਜੇਲ੍ਹ ਫਿਰੋਜ਼ਪੁਰ ਅੰਦਰੋਂ ਮੋਬਾਈਲ ਫੋਨ, ਨਸ਼ੀਲੇ ਪਦਾਰਥ ਤੇ ਸਿਗਰਟ ਬੀੜੀਆਂ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਤਰਾਂ ਬੀਤੇ ਦਿਨ ਕੇਂਦਰੀ ਜੇਲ੍ਹ ਅੰਦਰੋਂ ਕੀਤੀ ਗਈ ਤਲਾਸ਼ੀ ਦੌਰਾਨ 7 ਮੋਬਾਈਲ ਫ਼ੋਨ ਸਮੇਤ ਸਿਮ, 3 ਪੁੜੀਆਂ ਤੰਬਾਕੂ, 3 ਪੈਕੇਟ ਅਤੇ 2 ਬੰਡਲ ਬੀੜੀਆਂ ਦੇ ਬਰਾਮਦ ਹੋਣ ਦੀ ਖ਼ਬਰ ਹੈ। ਇਸ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਸਹਾਇਕ ਸੁਪਰਡੈਂਟ ਪੁਸ਼ਵਿੰਦਰ ਸਿੰਘ ਦੇ ਬਿਆਨਾਂ ਤੇ 9 ਹਵਾਲਾਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫਿਰੋਜ਼ਪੁਰ ਦੇ ਏਐੱਸਆਈ ਸ਼ਰਮਾ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਸਹਾਇਕ ਸੁਪਰਡੈਂਟ ਪੁਸ਼ਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬੀਤੇ ਦਿਨ ਸਾਥੀ ਕਰਮਚਾਰੀਆਂ ਦੇ ਨਾਲ ਜੇਲ੍ਹ ਵਿੱਚ ਚਲਾਈ ਤਲਾਸ਼ੀ ਮੁਹਿੰਮ ਦੌਰਾਨ ਜੇਲ੍ਹ ਵਿੱਚ ਬੰਦ ਹਵਾਲਾਤੀ ਗੁਰਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ, ਬਾਜ ਸਿੰਘ ਪੁੱਤਰ ਜਰਨੈਲ ਸਿੰਘ, ਸੁਖਚੈਨ ਸਿੰਘ ਪੁੱਤਰ ਛਿੰਦਰ ਸਿੰਘ, ਦੀਪਕ ਉਰਫ਼ ਦੀਪੂ ਪੁੱਤਰ ਸੂਰਜ ਕੁਮਾਰ, ਰਾਹੁਲ ਪੁੱਤਰ ਬੁੱਧ ਰਾਮ, ਗੁਰਜੰਟ ਸਿੰਘ ਪੁੱਤਰ ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਗੁਰਦਿਆਲ ਸਿੰਘ, ਗੁਰਪ੍ਰੀਤ ਸਿੰਘ ਅਤੇ ਹਵਾਲਾਤੀ ਜਸਵਿੰਦਰ ਕੁਮਾਰ ਪੁੱਤਰ ਰੂਪ ਲਾਲ ਤੋਂ ਅਤੇ ਲਾਵਾਰਿਸ ਪਏ ਹੋਏ 3 ਕੀ-ਪੈਡ ਵਾਲੇ ਮੋਬਾਈਲ, 4 ਟੱਚ ਸਕਰੀਨ ਮੋਬਾਈਲ ਫ਼ੋਨ ਸਮੇਤ ਸਿਮ, 3 ਪੁੜੀਆਂ ਤੰਬਾਕੂ, 3 ਪੈਕੇਟ ਬੀੜੀ ਅੰਦਾਜ਼ ਅਤੇ 2 ਬੰਡਲ ਬੀੜੀ ਨੂਰ ਦੇ ਬਰਾਮਦ ਕੀਤੇ ਹਨ।ਮਾਮਲੇ ਦੀ ਜਾਂਚ ਕਰ ਰਹੇ ਸ਼ਰਮਾ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਕਤ ਮਾਮਲੇ ਵਿੱਚ ਸਾਰੇ ਹਵਾਲਾਤੀਆਂ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ‘ਬਾਹਰੋਂ ਥਰੋ’ ਤੇ ਅੰਦਰੋਂ ਮਿਲੀਭੁਗਤ ਕਾਰਨ ਅੰਦਰ ਪਹੁੰਚਦੇ ਹਨ ਫੋਨ ਬੀਤੇ ਸਾਲ 2025 ਵਿਚ ਕੇਂਦਰੀ ਜੇਲ੍ਹ ਅੰਦਰੋਂ ਬਰਾਮਦ ਹੋਏ 500 ਤੋਂ ਵੱਧ ਮੋਬਾਈਲ ਫੋਨਾਂ ਵਿਚੋਂ ਜ਼ਿਆਦਾਤਰ ਹਵਾਈ ਰੂਟ ਜਰੀਏ ਬਾਹਰੋਂ ਆਏ ਦੱਸੇ ਗਏ ਸਨ। ਭਾਵੇਂ ਕਿ ਜੇਲ੍ਹ ਦੇ ਅੰਦਰ ਵੀ ਕੁੱਝ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਮਿਲੀਭੁਗਤ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ, ਪਰ ਬਾਹਰੋਂ ਇਸ ਕਦਰ ਵੱਡੀ ਤਾਦਾਦ ਵਿਚ ਮੋਬਾਈਲਾਂ ਅਤੇ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਆਉਣੀਆਂ ਜ਼ਿਲ੍ਹਾ ਪੁਲਿਸ ’ਤੇ ਸਵਾਲੀਆ ਨਿਸ਼ਾਨ ਲਾਉਂਦੀ ਹੈ। ਜ਼ਿਲ੍ਹਾ ਪੁਲਿਸ ਵੱਲੋਂ ਜੇਲ੍ਹ ਦੇ ਬਾਹਰੋਂ ਥਰੋਆਂ ਕਰਨ ਵਾਲਿਆਂ ਵਿਚੋਂ ਮਹਿਜ਼ ਦੋ ਚਾਰ ਜਣੇ ਹੀ ਗ੍ਰਿਫਤਾਰ ਕੀਤੇ ਜਾਂਦੇ ਹਨ ।