ਸਵੇਰੇ ਪਾਠ ਤੋਂ ਬਾਅਦ ਕਮਰੇ ’ਚ ਬੰਦ ਹੋਇਆ 65 ਸਾਲਾ ਕਾਰੋਬਾਰੀ, ਖ਼ੁਦ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਕੀਤੀ ਖ਼ਤਮ
ਮ੍ਰਿਤਕ ਦੇ ਭਰਾ ਗਗਨਦੀਪ ਸਿੰਘ ਨੇ ਦੱਸਿਆ ਕਿ ਗੁਰਕ੍ਰਿਪਾਲ ਸਿੰਘ ਰੋਜ਼ਾਨਾ ਦੀ ਤਰ੍ਹਾਂ ਸੋਮਵਾਰ ਸਵੇਰੇ ਕਰੀਬ ਚਾਰ ਵਜੇ ਉੱਠੇ। ਇਸ਼ਨਾਨ ਕਰਨ ਤੋਂ ਬਾਅਦ ਉਨ੍ਹਾਂ ਨੇ ਪਾਠ ਕੀਤਾ। ਇਸ ਤੋਂ ਬਾਅਦ ਪਾਣੀ ਪੀ ਕੇ ਉਹ ਆਪਣੇ ਕਮਰੇ ਵਿੱਚ ਚਲੇ ਗਏ ਅਤੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ। ਕਾਫ਼ੀ ਦੇਰ ਤੱਕ ਜਦੋਂ ਉਨ੍ਹਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਪਰਿਵਾਰ ਨੂੰ ਚਿੰਤਾ ਹੋਈ। ਦਰਵਾਜ਼ਾ ਖੋਲ੍ਹ ਕੇ ਦੇਖਿਆ ਗਿਆ ਤਾਂ ਗੁਰਕ੍ਰਿਪਾਲ ਸਿੰਘ ਕਮਰੇ ਵਿੱਚ ਮ੍ਰਿਤਕ ਹਾਲਤ ਵਿੱਚ ਪਏ ਸਨ।
Publish Date: Mon, 17 Aug 2026 10:45 AM (IST)
Updated Date: Mon, 17 Aug 2026 10:48 AM (IST)
ਸੰਵਾਦ ਸਹਿਯੋਗੀ, ਪੰਜਾਬੀ ਜਾਗਰਣ, ਫਿਰੋਜ਼ਪੁਰ। ਸ਼ਹਿਰ ਦੇ ਗੋਲਡਨ ਐਨਕਲੇਵ ’ਚ ਸੋਮਵਾਰ ਸਵੇਰੇ ਉਸ ਸਮੇਂ ਮਾਤਮ ਛਾ ਗਿਆ, ਜਦੋਂ 65 ਸਾਲਾ ਸਪੇਅਰ ਪਾਰਟਸ ਕਾਰੋਬਾਰੀ ਗੁਰਕ੍ਰਿਪਾਲ ਸਿੰਘ ਚਾਵਲਾ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਘਟਨਾ ਤੋਂ ਬਾਅਦ ਪਰਿਵਾਰ ਵਿੱਚ ਚੀਖ-ਚਿਹਾੜਾ ਮੱਚ ਗਿਆ। ਮ੍ਰਿਤਕ ਸ਼ਹਿਰ ਦੇ ਬਗਦਾਦੀ ਗੇਟ ਚੌਕ 'ਤੇ ਸਪੇਅਰ ਪਾਰਟਸ ਦੀ ਦੁਕਾਨ ਚਲਾਉਂਦੇ ਸਨ।
ਮ੍ਰਿਤਕ ਦੇ ਭਰਾ ਗਗਨਦੀਪ ਸਿੰਘ ਨੇ ਦੱਸਿਆ ਕਿ ਗੁਰਕ੍ਰਿਪਾਲ ਸਿੰਘ ਰੋਜ਼ਾਨਾ ਦੀ ਤਰ੍ਹਾਂ ਸੋਮਵਾਰ ਸਵੇਰੇ ਕਰੀਬ ਚਾਰ ਵਜੇ ਉੱਠੇ। ਇਸ਼ਨਾਨ ਕਰਨ ਤੋਂ ਬਾਅਦ ਉਨ੍ਹਾਂ ਨੇ ਪਾਠ ਕੀਤਾ। ਇਸ ਤੋਂ ਬਾਅਦ ਪਾਣੀ ਪੀ ਕੇ ਉਹ ਆਪਣੇ ਕਮਰੇ ਵਿੱਚ ਚਲੇ ਗਏ ਅਤੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ। ਕਾਫ਼ੀ ਦੇਰ ਤੱਕ ਜਦੋਂ ਉਨ੍ਹਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਪਰਿਵਾਰ ਨੂੰ ਚਿੰਤਾ ਹੋਈ। ਦਰਵਾਜ਼ਾ ਖੋਲ੍ਹ ਕੇ ਦੇਖਿਆ ਗਿਆ ਤਾਂ ਗੁਰਕ੍ਰਿਪਾਲ ਸਿੰਘ ਕਮਰੇ ਵਿੱਚ ਮ੍ਰਿਤਕ ਹਾਲਤ ਵਿੱਚ ਪਏ ਸਨ।
ਸਾਥੀਆਂ ਅਨੁਸਾਰ ਗੁਰਕ੍ਰਿਪਾਲ ਸਿੰਘ ਦੀ ਦਿਮਾਗ ਨਾਲ ਸਬੰਧਤ ਬਿਮਾਰੀ ਦਾ ਇਲਾਜ ਪੀ.ਜੀ.ਆਈ. ਚੰਡੀਗੜ੍ਹ ਤੋਂ ਚੱਲ ਰਿਹਾ ਸੀ ਅਤੇ ਕਰੀਬ ਇੱਕ ਸਾਲ ਪਹਿਲਾਂ ਉਨ੍ਹਾਂ ਦਾ ਆਪ੍ਰੇਸ਼ਨ ਵੀ ਹੋਇਆ ਸੀ। ਹਾਲਾਂਕਿ ਪਰਿਵਾਰ ਦਾ ਕਹਿਣਾ ਹੈ ਕਿ ਘਰ ’ਚ ਕਿਸੇ ਵੀ ਤਰ੍ਹਾਂ ਦਾ ਤਣਾਅ ਜਾਂ ਵਿਵਾਦ ਨਹੀਂ ਸੀ, ਜਿਸ ਕਾਰਨ ਪਰਿਵਾਰਕ ਮੈਂਬਰ ਵੀ ਉਨ੍ਹਾਂ ਦੇ ਇਸ ਕਦਮ ਦੇ ਕਾਰਨ ਨੂੰ ਲੈ ਕੇ ਹੈਰਾਨ ਹਨ।
ਗਗਨਦੀਪ ਸਿੰਘ ਨੇ ਦੱਸਿਆ ਕਿ ਗੁਰਕ੍ਰਿਪਾਲ ਸਿੰਘ ਦੀ ਪਤਨੀ ਪਿਛਲੇ ਕਰੀਬ ਪੰਜ ਮਹੀਨਿਆਂ ਤੋਂ ਮੋਗਾ ਵਿੱਚ ਗੁਰਬਾਣੀ ਦਾ ਕੋਰਸ ਕਰਨ ਲਈ ਗਈ ਹੋਈ ਹੈ। ਪਿਛਲੇ ਹਫ਼ਤੇ ਹੀ ਉਹ ਦੋ ਦਿਨਾਂ ਲਈ ਦਵਾਈ ਲੈਣ ਦੇ ਸਿਲਸਿਲੇ ’ਚ ਫਿਰੋਜ਼ਪੁਰ ਆਈ ਸੀ। ਇਸ ਤੋਂ ਬਾਅਦ ਉਹ ਦੁਬਾਰਾ ਮੋਗਾ ਚਲੀ ਗਈ ਸੀ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪਰਿਵਾਰਕ ਮੈਂਬਰਾਂ ਨੇ ਥਾਣਾ ਸਿਟੀ ਪੁਲਿਸ ਨੂੰ ਸੂਚਨਾ ਦਿੱਤੀ। ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਮੀਤ ਸਿੰਘ ਪੁਲਿਸ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਹੋਰ ਪਰਿਵਾਰਕ ਮੈਂਬਰਾਂ ਦੇ ਪਹੁੰਚਣ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ’ਚ ਰਖਵਾਇਆ ਜਾਵੇਗਾ। ਪੁਲਿਸ ਮਾਮਲੇ ਦੀ ਜਾਂਚ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕਰੇਗੀ।