ਫ਼ਿਰੋਜ਼ਪੁਰ ਰੇਲਵੇ ਸਟੇਸ਼ਨ ਤੋਂ 48 ਕਿੱਲੋ 900 ਗ੍ਰਾਮ ਗਾਂਜਾ ਬਰਾਮਦ, ਦੋ ਵਿਅਕਤੀ ਕਾਬੂ ਫ਼ਿਰੋਜ਼ਪੁਰ ਰੇਲਵੇ ਸਟੇਸ਼ਨ ਤੋਂ 48 ਕਿੱਲੋ 900 ਗ੍ਰਾਮ ਗਾਂਜਾ ਬਰਾਮਦ, ਦੋ ਵਿਅਕਤੀ ਕਾਬੂ
Publish Date: Mon, 26 Oct 2026 04:53 PM (IST)
Updated Date: Mon, 26 Oct 2026 04:55 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਵਿੱਚ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਜੀਆਰਪੀ ਪੁਲਿਸ ਫ਼ਿਰੋਜ਼ਪੁਰ ਵੱਲੋਂ ਦੋ ਵੱਖ-ਵੱਖ ਮਾਮਲਿਆਂ ਵਿੱਚ ਕੁੱਲ 48 ਕਿੱਲੋ 900 ਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਤੇ ਰੇਲਗੱਡੀ ਦੇ ਡੱਬੇ ਵਿੱਚੋਂ ਲਾਵਾਰਿਸ ਥੈਲੇ ਵਿੱਚ ਪਿਆ ਗਾਂਜਾ ਬਰਾਮਦ ਕਰਕੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਵਿਸ਼ੇਸ਼ ਡੀਜੀਪੀ, ਜੀਆਰਪੀ ਪੰਜਾਬ ਅਤੇ ਡੀਐਸਪੀ ਜ਼ੋਨਲ ਫ਼ਿਰੋਜ਼ਪੁਰ ਜਸਕਰਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਚ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਦੌਰਾਨ ਏਐਸਆਈ ਜਤਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਰੇਲਵੇ ਸਟੇਸ਼ਨ ਫ਼ਿਰੋਜ਼ਪੁਰ ਵਿਖੇ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਦੋ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਦੇ ਪਲਾਸਟਿਕ ਦੇ ਗੱਟਿਆਂ ਦੀ ਤਲਾਸ਼ੀ ਲਈ ਗਈ, ਜਿਸ ਵਿੱਚੋਂ 18 ਕਿੱਲੋ 400 ਗ੍ਰਾਮ ਗਾਂਜਾ ਬਰਾਮਦ ਹੋਇਆ। ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਸ਼ਿਵਚਰਨ ਪੁੱਤਰ ਨਰੇਸ਼ ਕੁਮਾਰ, ਵਾਸੀ ਸੁੰਦਰ ਨਗਰ, ਫ਼ਰੀਦਕੋਟ ਅਤੇ ਸ਼ਿਵਰਾਜ ਸਿੰਘ ਪੁੱਤਰ ਰਾਜ ਸਿੰਘ, ਵਾਸੀ ਪਿੰਡ ਸ਼ਾਹਦੀਨ ਵਾਲਾ, ਜ਼ਿਲ੍ਹਾ ਫ਼ਿਰੋਜ਼ਪੁਰ ਵਜੋਂ ਹੋਈ। ਇਸ ਤਰ੍ਹਾਂ ਏਐੱਸਆਈ ਸੁਰਜੀਤ ਸਿੰਘ ਪੁਲਿਸ ਪਾਰਟੀ ਸਮੇਤ ਰੇਲਵੇ ਸਟੇਸ਼ਨ ਫ਼ਿਰੋਜ਼ਪੁਰ ਕੈਂਟ ਵਿਖੇ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਆਰਪੀਐਫ ਦੇ ਪੀਸੀ ਨਵਲ ਸਿੰਘ ਨੇ ਸੂਚਨਾ ਦਿੱਤੀ ਕਿ ਵਾਸ਼ਿੰਗ ਲਾਈਨ ਵਿੱਚ ਖੜ੍ਹੀ ਤਿਰਪੁਰਾ ਸੁੰਦਰੀ ਐਕਸਪ੍ਰੈੱਸ ਦੇ ਜਨਰਲ ਡੱਬੇ ਵਿੱਚ ਸੀਟ ਉੱਪਰ ਇੱਕ ਲਾਵਾਰਿਸ ਥੈਲਾ ਪਿਆ ਹੈ। ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਥੈਲੇ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ 30 ਕਿੱਲੋ 500 ਗ੍ਰਾਮ ਗਾਂਜਾ ਬਰਾਮਦ ਹੋਇਆ। ਇਹ ਜਾਣਕਾਰੀ ਇੰਸਪੈਕਟਰ ਨਵੀਨ ਕੁਮਾਰ, ਮੁੱਖ ਅਫ਼ਸਰ ਥਾਣਾ ਜੀਆਰਪੀ ਫ਼ਿਰੋਜ਼ਪੁਰ ਵੱਲੋਂ ਦਿੱਤੀ ਗਈ। ਦੋਵਾਂ ਮਾਮਲਿਆਂ ਵਿੱਚ ਪੁਲਿਸ ਵੱਲੋਂ ਅਗਲੀ ਤਫ਼ਤੀਸ਼ ਜਾਰੀ ਹੈ।