ਫਾਇਰਿੰਗ ਕਰਕੇ ਫ਼ਿਰੌਤੀ ਮੰਗਣ ਦੇ ਦੋਸ਼ ’ਚ 4 ਗ੍ਰਿਫ਼ਤਾਰ ਜ਼ੀਰਾ ’ਚ ਦੁਕਾਨਦਾਰ ’ਤੇ ਫਾਇਰਿੰਗ ਕਰਕੇ ਫ਼ਿਰੌਤੀ ਮੰਗਣ ਵਾਲੇ 4 ਦੋਸ਼ੀ ਅਸਲੇ ਤੇ ਮੋਟਰਸਾਈਕਲਾਂ ਸਮੇਤ ਕਾਬੂ
Publish Date: Mon, 21 Sep 2026 05:51 PM (IST)
Updated Date: Mon, 21 Sep 2026 05:53 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਜ਼ਿਲ੍ਹਾ ਫ਼ਿਰੋਜ਼ਪੁਰ ਪੁਲੀਸ ਵੱਲੋਂ ਮਾੜੇ ਅਨਸਰਾਂ ਅਤੇ ਗੈਂਗਸਟਰਾਂ ਵਿਰੁੱਧ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਸਿਟੀ ਜ਼ੀਰਾ ਅਤੇ ਸੀ.ਆਈ.ਏ ਸਟਾਫ਼ ਦੀਆਂ ਟੀਮਾਂ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ।ਪੁਲਿਸ ਨੇ ਨਵਾਂ ਤਲਵੰਡੀ ਰੋਡ ਜ਼ੀਰਾ ਵਿਖੇ ਪਲਾਈਵੁੱਡ ਦੀ ਦੁਕਾਨ ਚਲਾਉਂਦੇ ਅਮਨ ਜੈਨ ਪਾਸੋਂ ਫ਼ਿਰੌਤੀ ਦੀ ਮੰਗ ਕਰਨ ਅਤੇ ਉਸ ਦੀ ਦੁਕਾਨ ’ਤੇ ਫਾਇਰਿੰਗ ਕਰਨ ਦੇ ਮਾਮਲੇ ਵਿੱਚ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਫਿਰੋਜਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਐੱਸ.ਪੀ.(ਡੀ) ਮਨਜੀਤ ਸਿੰਘ, ਡੀ.ਐੱਸ.ਪੀ.(ਡੀ)ਬਲਜਿੰਦਰ ਸਿੰਘ ਅਤੇ ਡੀ.ਐੱਸ.ਪੀ ਸਬ ਡਿਵੀਜ਼ਨ ਜ਼ੀਰਾ ਜਸਪਾਲ ਸਿੰਘ ਢਿੱਲੋਂ ਦੀ ਨਿਗਰਾਨੀ ਹੇਠ ਇੰਸਪੈਕਟਰ ਜਸਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਜ਼ੀਰਾ ਵੱਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਨਵਾਂ ਤਲਵੰਡੀ ਰੋਡ ’ਤੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵਿੱਚੋਂ ਪਿੱਛੇ ਬੈਠੇ ਨੌਜਵਾਨ ਨੇ ਅਮਨ ਜੈਨ ’ਤੇ ਸਿੱਧਾ ਫਾਇਰ ਕੀਤਾ ਸੀ,ਜੋ ਦੁਕਾਨ ਦੇ ਸ਼ੀਸ਼ੇ ’ਤੇ ਲੱਗਾ ਸੀ। ਦੌਰਾਨੇ ਤਫ਼ਤੀਸ਼ ਪੁਲਿਸ ਨੇ ਕਾਰਵਾਈ ਕਰਦਿਆਂ ਮੁਕੱਦਮਾ ਨੰਬਰ 159 ਮਿਤੀ 14 ਸਤੰਬਰ 2026 ਅਧੀਨ ਨਾਮਜ਼ਦ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ। ਫੜ੍ਹੇ ਗਏ ਦੋਸ਼ੀਆਂ ਦੀ ਪਛਾਣ ਬਲਵਿੰਦਰ ਸਿੰਘ ਉਰਫ਼ ਬਿੱਲਾ ਪੁੱਤਰ ਸਾਹਿਬ ਸਿੰਘ ਵਾਸੀ ਬਸਤੀ ਕੂੰਨਾ ਵਾਲੀ, ਜ਼ੀਰਾ, ਤੁਸ਼ਾਰ ਭੱਟੀ ਪੁੱਤਰ ਕੁਲਵੰਤ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਜ਼ੀਰਾ, ਜਸ਼ਨਦੀਪ ਸਿੰਘ ਉਰਫ਼ ਜਸ਼ਨ ਪੁੱਤਰ ਗੁਰਜੰਟ ਸਿੰਘ ਵਾਸੀ ਬਸਤੀ ਕੂੰਨਾ ਵਾਲੀ, ਜ਼ੀਰਾ ਅਤੇ ਪ੍ਰਭਪਿੰਦਰ ਸਿੰਘ ਉਰਫ਼ ਨੰਨੂ ਪੁੱਤਰ ਲਖਵਿੰਦਰ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਜ਼ੀਰਾ ਵਜੋਂ ਹੋਈ ਹੈ। ਪੁਲਿਸ ਨੇ ਦੋਸ਼ੀਆਂ ਪਾਸੋਂ ਇੱਕ 9 ਐੱਮ.ਐੱਮ ਗਲੌਕ ਪਿਸਟਲ,ਇੱਕ ਬੁਲੇਟ ਮੋਟਰਸਾਈਕਲ, ਇੱਕ ਸਪਲੈਂਡਰ ਮੋਟਰਸਾਈਕਲ, ਇੱਕ ਖੋਲ੍ਹ ਰੌਂਦ,ਇੱਕ ਰੌਂਦ ਦਾ ਸਿੱਕਾ ਅਤੇ ਜਾਅਲੀ ਨੰਬਰ ਪਲੇਟਾਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀਆਂ ਦਾ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ,ਜਿਸ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।