37ਵੀਂ ਸਬ-ਜੂਨੀਅਰ ਪੰਜਾਬ ਸਟੇਟ ਸਵੀਮਿੰਗ ਚੈਂਪੀਅਨਸ਼ਿਪ ਦਾ ਸ਼ਾਨਦਾਰ ਆਗਾਜ਼ 37ਵੀਂ ਸਬ-ਜੂਨੀਅਰ ਪੰਜਾਬ ਸਟੇਟ ਸਵੀਮਿੰਗ ਚੈਂਪੀਅਨਸ਼ਿਪ ਦਾ ਦਿੱਲੀ ਪਬਲਿਕ ਸਕੂਲ ’ਚ ਸ਼ਾਨਦਾਰ ਆਗਾਜ਼
Publish Date: Sat, 18 Jul 2026 06:12 PM (IST)
Updated Date: Sat, 18 Jul 2026 06:13 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਦੇ ਦਿੱਲੀ ਪਬਲਿਕ ਸਕੂਲ ਵਿਖੇ 37ਵੀਂ ਸਬ-ਜੂਨੀਅਰ ਪੰਜਾਬ ਸਟੇਟ ਸਵੀਮਿੰਗ ਚੈਂਪੀਅਨਸ਼ਿਪ ਦਾ ਸ਼ਾਨਦਾਰ ਆਗਾਜ਼ ਹੋਇਆ। ਪੰਜਾਬ ਸਵੀਮਿੰਗ ਐਸੋਸੀਏਸ਼ਨ ਦੀ ਸਰਪ੍ਰਸਤੀ ਹੇਠ ਜ਼ਿਲ੍ਹਾ ਸਵੀਮਿੰਗ ਐਸੋਸੀਏਸ਼ਨ, ਫਿਰੋਜ਼ਪੁਰ ਵੱਲੋਂ ਕਰਵਾਈ ਜਾ ਰਹੀ ਇਸ ਦੋ ਰੋਜ਼ਾ ਸੂਬਾ ਪੱਧਰੀ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਲਗਭਗ 300 ਤੈਰਾਕ ਪਹੁੰਚੇ ਹਨ। ਚੈਂਪੀਅਨਸ਼ਿਪ ਦਾ ਉਦਘਾਟਨ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਕੀਤਾ। ਉਨ੍ਹਾਂ ਨੇ ਨੌਜਵਾਨ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਖੇਡਾਂ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਦੇਸ਼ਭਗਤੀ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਇਸ ਮੌਕੇ ਸਵੀਮਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਸੀਨੀਅਰ ਮੀਤ ਪ੍ਰਧਾਨ ਬਲਰਾਜ ਸ਼ਰਮਾ, ਜ਼ਿਲ੍ਹਾ ਸਵੀਮਿੰਗ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਸੂਚ, ਡੀਐੱਸਪੀ ਪੰਜਾਬ ਪੁਲਿਸ ਫਰੀਦਕੋਟ-ਕਮ-ਸਕੱਤਰ ਤਰਲੋਚਨ ਸਿੰਘ ਭੁੱਲਰ ਤੇ ਕਾਰਜਕਾਰੀ ਮੈਂਬਰ ਸੁਰੇਸ਼ ਮੱਤਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਚੈਂਪੀਅਨਸ਼ਿਪ ਦੇ ਪਹਿਲੇ ਦਿਨ ਕਰਵਾਏ ਗਏ ਫਾਈਨਲ ਮੁਕਾਬਲਿਆਂ ਵਿਚ ਫਿਰੋਜ਼ਪੁਰ ਦੇ ਤੈਰਾਕਾਂ ਨੇ ਮੇਜ਼ਬਾਨ ਹੋਣ ਦਾ ਪੂਰਾ ਮਾਣ ਰੱਖਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ। 200 ਮੀਟਰ ਫ੍ਰੀ-ਸਟਾਈਲ (ਲੜਕੇ-3) ਵਿਚ ਫਿਰੋਜ਼ਪੁਰ ਦੇ ਮਨਸੀਮਰ ਸਿੰਘ ਨੇ 2:34.73 ਮਿੰਟ ਦੇ ਸਮੇਂ ਨਾਲ ਸੋਨ ਤਗਮਾ ਜਿੱਤਿਆ, ਜਦਕਿ ਮਨਵੀਰ ਸਿੰਘ ਨੇ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ। ਹੋਰ ਵਰਗਾਂ ਵਿੱਚ ਜਲੰਧਰ, ਫ਼ਾਜ਼ਿਲਕਾ, ਫਰੀਦਕੋਟ, ਮੋਹਾਲੀ, ਸੰਗਰੂਰ ਅਤੇ ਪਠਾਨਕੋਟ ਦੇ ਤੈਰਾਕਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ, ਚਾਂਦੀ ਅਤੇ ਕਾਂਸੀ ਦੇ ਤਗਮੇ ਹਾਸਲ ਕੀਤੇ। ਪਹਿਲੇ ਦਿਨ ਦੇ ਅੰਤ ਵਿੱਚ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਚੈਂਪੀਅਨਸ਼ਿਪ ਦੇ ਬਾਕੀ ਮੁਕਾਬਲੇ ਸ਼ਨੀਚਰਵਾਰ 18 ਜੁਲਾਈ ਦੇਰ ਸ਼ਾਮ ਤੱਕ ਜਾਰੀ ਸਨ, ਜਿਨ੍ਹਾਂ ਵਿੱਚ ਸੂਬੇ ਦੇ ਉਭਰਦੇ ਤੈਰਾਕ ਆਪਣੀ ਕਾਬਲੀਅਤ ਦਾ ਹੋਰ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ।