- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
37ਵੀਂ ਪੰਜਾਬ ਸਟੇਟ ਸਬ-ਜੂਨੀਅਰ ਤੈਰਾਕੀ ਚੈਂਪੀਅਨਸ਼ਿਪ ਸਮਾਪਤ, ਜਲੰਧਰ ਬਣਿਆ ਓਵਰਆਲ ਚੈਂਪੀਅਨ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਫ਼ਿਰੋਜ਼ਪੁਰ ਵਿਖੇ ਦਿੱਲੀ ਪਬਲਕਿ ਸਕੂਲ ’ਚ ਦੋ ਰੋਜ਼ਾ ਚੱਲੀ 37ਵੀਂ ਸਬ-ਜੂਨੀਅਰ ਪੰਜਾਬ ਸਟੇਟ ਤੈਰਾਕੀ ਚੈਂਪੀਅਨਸ਼ਿਪ (ਲੜਕੇ ਅਤੇ ਲੜਕੀਆਂ) ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈ ਹੈ। ਦੋ ਦਿਨ ਚੱਲੇ ਇਨ੍ਹਾਂ ਰੋਮਾਂਚਕ ਮੁਕਾਬਲਿਆਂ ਵਿਚ ਜਲੰਧਰ ਦੀ ਟੀਮ ਨੇ ਕੁੱਲ 103 ਅੰਕ ਪ੍ਰਾਪਤ ਕਰਕੇ ਓਵਰਆਲ ਚੈਂਪੀਅਨਸ਼ਿਪ ਦੀ ਟਰਾਫ਼ੀ ’ਤੇ ਕਬਜ਼ਾ ਕੀਤਾ। ਵੱਖ-ਵੱਖ ਵਰਗਾਂ ਦੇ ਫਾਈਨਲ ਮੁਕਾਬਲਿਆਂ ਵਿਚ ਪੰਜਾਬ ਭਰ ਦੇ ਨੌਜਵਾਨ ਖਿਡਾਰੀਆਂ ਨੇ ਸਵਿਮਿੰਗ ਪੂਲ ਵਿਚ ਆਪਣੀ ਤੈਰਾਕੀ ਦੇ ਸ਼ਾਨਦਾਰ ਜੌਹਰ ਦਿਖਾ ਕੇ ਹਾਜ਼ਰੀਨ ਨੂੰ ਪ੍ਰਭਾਵਿਤ ਕੀਤਾ। ਇਸ ਵੱਕਾਰੀ ਰਾਜ ਪੱਧਰੀ ਚੈਂਪੀਅਨਸ਼ਿਪ ਦੇ ਆਖਰੀ ਦਿਨ ਵੱਖ-ਵੱਖ ਉਮਰ ਵਰਗਾਂ ਦੇ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ, ਜਿਨ੍ਹਾਂ ਦੇ ਅਧਿਕਾਰਤ ਨਤੀਜੇ ਵਿਚ ਲੜਕੀਆਂ (ਗਰੁੱਪ-2) ’ਚ ਜਲੰਧਰ ਦੀ ਟੀਮ 49 ਅੰਕਾਂ ਨਾਲ ਜੇਤੂ ਰਹੀ, ਜਦਕਿ ਮੋਹਾਲੀ ਦੀ ਟੀਮ 31 ਅੰਕਾਂ ਨਾਲ ਉਪ-ਜੇਤੂ ਰਹੀ। ਲੜਕੀਆਂ (ਗਰੁੱਪ-3) ’ਚ ਲੁਧਿਆਣਾ ਨੇ 43 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਅਤੇ ਫ਼ਰੀਦਕੋਟ 23 ਅੰਕਾਂ ਨਾਲ ਦੂਜੇ ਸਥਾਨ ’ਤੇ ਰਿਹਾ। ਲੜਕੇ (ਗਰੁੱਪ-2) ’ਚ ਮੋਹਾਲੀ ਦੀ ਟੀਮ ਨੇ 57 ਅੰਕ ਲੈ ਕੇ ਜਿੱਤ ਦਰਜ ਕੀਤੀ, ਜਦਕਿ ਜਲੰਧਰ 54 ਅੰਕਾਂ ਨਾਲ ਉਪ-ਜੇਤੂ ਰਿਹਾ। ਲੜਕੇ (ਗਰੁੱਪ-3) ’ਚ ਮੇਜ਼ਬਾਨ ਫ਼ਿਰੋਜ਼ਪੁਰ ਦੀ ਟੀਮ ਨੇ 48 ਅੰਕਾਂ ਨਾਲ ਬਾਜ਼ੀ ਮਾਰੀ ਅਤੇ ਲੁਧਿਆਣਾ ਦੀ ਟੀਮ 37 ਅੰਕਾਂ ਨਾਲ ਦੂਜੇ ਸਥਾਨ ’ਤੇ ਰਹੀ।