ਚੋਰੀ ਦੀ ਬਾਈਕ ਤੇ 23 ਮੋਬਾਈਲਾਂ ਸਮੇਤ 3 ਗ੍ਰਿਫਤਾਰ
ਚੋਰੀ ਦਾ ਇਕ ਮੋਟਰਸਾਈਕਲ ਅਤੇ 23 ਮੋਬਾਇਲਾਂ ਸਮੇਤ 3 ਗ੍ਰਿਫਤਾਰ
Publish Date: Sat, 21 Feb 2026 05:31 PM (IST)
Updated Date: Sat, 21 Feb 2026 05:33 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਚੋਰੀ ਦੇ ਇਕ ਮੋਟਰਸਾਈਕਲ ਅਤੇ 23 ਮੋਬਾਇਲ ਫੋਨ ਅਤੇ 7 ਪੀਸ ਟੂਟੀਆਂ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਯਤੀਮਖਾਨਾ ਚੋਂਕ ਫਿਰੋਜ਼ਪੁਰ ਕੈਂਟ ਮੌਜ਼ੂਦ ਸੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਭੋਲਾ ਉਰਫ ਅਮਨ ਪੁੱਤਰ ਗੋਬਾ ਪੁੱਤਰ ਕਾਕਾ ਰਾਮ ਵਾਸੀ ਗੋਲਬਾਗ ਮੰਦਿਰ ਵਾਲੀ ਗਲੀ ਫਿਰੋਜ਼ਪੁਰ ਸ਼ਹਿਰ, ਰਿਸ਼ੀ ਉਰਫ ਰੋਸ਼ਨ ਪੁੱਤਰ ਰਮੇਸ਼ ਵਾਸੀ ਸੋਕੜ ਨਹਿਰ ਗੋਲਬਾਗ ਫਿਰੋਜ਼ਪੁਰ ਸ਼ਹਿਰ ਅਤੇ ਵਿਸ਼ਾਲ ਉਰਫ ਬਾਬੂ ਪੁੱਤਰ ਮੁੰਨੀ ਲਾਲ ਵਾਸੀ 27 ਮਾਲ ਰੋਡ ਫਿਰੋਜ਼ਪੁਰ ਕੇਂਟ ਹਾਲ ਕੁਆਰਟਰ ਨੰਬਰ 23 ਹਾਊਸਿੰਗ ਬੋਰਡ ਕਾਲੋਨੀ ਫਿਰੋਜ਼ਪੁਰ ਸ਼ਹਿਰ ਲੁੱਟਾਂ ਖੋਹਾਂ ਅਤੇ ਚੋਰੀਆਂ ਕਰਨ ਦੇ ਆਦੀ ਹਨ, ਜੋ ਮੇਲਿਆਂ, ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਭੀੜ ਭੜੱਕੇ ਵਾਲੀਆਂ ਜਗ੍ਹਾ ਤੋਂ ਲੋਕਾਂ ਦੀਆਂ ਜੇਬਾਂ ਵਿਚ ਫੋਨ ਅਤੇ ਪਰਸ ਚੋਰੀ ਕਰਦੇ ਹਨ। ਇਹ ਰਾਹਗੀਰਾਂ ਪਾਸੋਂ ਵੀ ਝਪਟਮਾਰ ਕੇ ਮੋਬਾਇਲ ਖੋਹ ਕਰਦੇ ਹਨ ਅਤੇ ਉਨ੍ਹਾਂ ਦੇ ਕੁੜਤੇ ਪਜਾਤੇ ਦੇ ਖੀਸੇ ਖਿੱਚ ਕੇ ਪਰਸ, ਪੈਸੇ ਖੋਹ ਕਰਦੇ ਹਨ ਤੇ ਘਰਾਂ ਵਿਚੋਂ ਵੀ ਚੋਰੀਆਂ ਕਰਦੇ ਹਨ। ਇਨ੍ਹਾਂ ’ਤੇ ਚੋਰੀਆਂ, ਲੁੱਟ ਖੋਹ ਦੇ ਪਹਿਲਾਂ ਵੀ ਕਾਫੀ ਮੁਕੱਦਮੇ ਦਰਜ ਹਨ ਜੋ ਹੁਣ ਵੀ ਚੋਰੀ ਲੁੱਟ ਖੋਹ ਕੀਤੇ ਮੋਬਾਇਲ ਅਤੇ ਹੋਰ ਸਮਾਨ ਵੇਚਣ ਲਈ ਸ਼ਮਸ਼ਾਨਘਾਟ ਰੋਡ ’ਤੇ ਝਾੜੀਆਂ ਪਾਸ ਖੜੇ ਗਾਹਕਾਂ ਦਾ ਇੰਤਜ਼ਾਰ ਕਰ ਰਹੇ ਹਨ। ਜੇਕਰ ਉਨ੍ਹਾਂ ’ਤੇ ਹੁਣੇ ਹੀ ਛਾਪੇਮਾਰੀ ਕੀਤੀ ਜਾਵੇ ਤਾਂ ਚੋਰੀ ਕੀਤੇ ਸਮਾਨ ਅਤੇ ਖੋਹ ਕੀਤੇ ਮੋਬਾਇਲਾਂ ਸਮੇਤ ਕਾਬੂ ਆ ਸਕਦੇ ਹਨ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 1 ਮੋਟਰਸਾਈਕਲ, 23 ਮੋਬਾਇਲ ਫੋਨ ਅਤੇ 7 ਪੀਸ ਟੂਟੀਆਂ ਬਰਾਮਦ ਹੋਈਆਂ ਹਨ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।