- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਤੰਬਰ ’ਚ ਟਿਕਟ ਚੈਕਿੰਗ ਦੌਰਾਨ 22,855 ਯਾਤਰੀ ਬਿਨਾਂ ਟਿਕਟ ਜਾਂ ਅਨਿਯਮਿਤ ਯਾਤਰਾ ਕਰਦੇ ਫੜੇ

ਪੰਜਾਬੀ ਜਾਗਰਣ ਰਿਪੋਰਟਰ, ਫਿਰੋਜ਼ਪੁਰ : ਫਿਰੋਜ਼ਪੁਰ ਮੰਡਲ ਵੱਲੋਂ ਰੇਲ ਗੱਡੀਆਂ ਵਿੱਚ ਬਿਨਾਂ ਟਿਕਟ ਜਾਂ ਅਨਿਯਮਿਤ ਢੰਗ ਨਾਲ ਸਫ਼ਰ ਕਰਨ ਵਾਲੇ ਯਾਤਰੀਆਂ ’ਤੇ ਸ਼ਿਕੰਜਾ ਕੱਸਣ ਲਈ ਟਿਕਟ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਹੈ। ਸਤੰਬਰ 2026 ਦੌਰਾਨ ਮੰਡਲ ਦੇ ਟਿਕਟ ਚੈਕਿੰਗ ਸਟਾਫ਼ ਵੱਲੋਂ ਵੱਖ-ਵੱਖ ਰੇਲ ਗੱਡੀਆਂ ਵਿੱਚ ਕੀਤੀ ਗਈ ਜਾਂਚ ਦੌਰਾਨ ਕੁੱਲ 22,855 ਯਾਤਰੀ ਬਿਨਾਂ ਵੈਧ ਟਿਕਟ ਜਾਂ ਅਨਿਯਮਿਤ ਯਾਤਰਾ ਕਰਦੇ ਪਾਏ ਗਏ। ਇਨ੍ਹਾਂ ਯਾਤਰੀਆਂ ਤੋਂ ਜੁਰਮਾਨੇ ਦੇ ਰੂਪ ਵਿੱਚ 2 ਕਰੋੜ ਰੁਪਏ ਤੋਂ ਵੱਧ ਦਾ ਮਾਲੀਆ ਰੇਲਵੇ ਵੱਲੋਂ ਵਸੂਲ ਕੀਤਾ ਗਿਆ।ਰੇਲਵੇ ਅਧਿਕਾਰੀਆਂ ਅਨੁਸਾਰ ਟਿਕਟ ਚੈਕਿੰਗ ਦਾ ਮੁੱਖ ਮਕਸਦ ਬਿਨਾਂ ਟਿਕਟ ਸਫ਼ਰ ਨੂੰ ਰੋਕਣ ਦੇ ਨਾਲ-ਨਾਲ ਵੈਧ ਟਿਕਟ ਲੈ ਕੇ ਯਾਤਰਾ ਕਰਨ ਵਾਲੇ ਮੁਸਾਫ਼ਰਾਂ ਨੂੰ ਸੁਚੱਜੀ, ਸੁਰੱਖਿਅਤ ਅਤੇ ਆਰਾਮਦਾਇਕ ਯਾਤਰਾ ਮੁਹੱਈਆ ਕਰਵਾਉਣਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਨਾਂ ਟਿਕਟ ਜਾਂ ਅਨਿਯਮਿਤ ਯਾਤਰਾ ਕਰਨ ਵਾਲੇ ਯਾਤਰੀਆਂ ਕਾਰਨ ਨਿਯਮਾਂ ਦੀ ਪਾਲਣਾ ਕਰਨ ਵਾਲੇ ਮੁਸਾਫ਼ਰਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਚੈਕਿੰਗ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ਮੰਡਲ ਦੇ ਰੇਲਵੇ ਸਟੇਸ਼ਨਾਂ ਨੂੰ ਸਾਫ਼-ਸੁਥਰਾ ਰੱਖਣ ਅਤੇ ਯਾਤਰੀਆਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਵੀ ਨਿਯਮਿਤ ਜਾਂਚ ਕੀਤੀ ਜਾ ਰਹੀ ਹੈ। ਸਤੰਬਰ ਮਹੀਨੇ ਦੌਰਾਨ ਸਟੇਸ਼ਨ ਪਰਿਸਰ ਵਿੱਚ ਗੰਦਗੀ ਫੈਲਾਉਣ ਵਾਲੇ 202 ਯਾਤਰੀਆਂ ਖ਼ਿਲਾਫ਼ ਐਂਟੀ ਲਿਟਰਿੰਗ ਐਕਟ ਤਹਿਤ ਕਾਰਵਾਈ ਕਰਦਿਆਂ ਉਨ੍ਹਾਂ ਤੋਂ 81 ਹਜ਼ਾਰ ਰੁਪਏ ਤੋਂ ਵੱਧ ਜੁਰਮਾਨਾ ਵਸੂਲਿਆ ਗਿਆ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਕਿਹਾ ਕਿ ਫਿਰੋਜ਼ਪੁਰ ਮੰਡਲ ਵਿੱਚ ਟਿਕਟ ਚੈਕਿੰਗ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦਾ ਉਦੇਸ਼ ਰੇਲਵੇ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਨਾਲ ਵੈਧ ਟਿਕਟ ਵਾਲੇ ਯਾਤਰੀਆਂ ਨੂੰ ਬਿਹਤਰ ਯਾਤਰਾ ਸਹੂਲਤ ਪ੍ਰਦਾਨ ਕਰਨਾ ਹੈ। ਉਨ੍ਹਾਂ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਰੇਲ ਵਿੱਚ ਸਫ਼ਰ ਕਰਨ ਸਮੇਂ ਵੈਧ ਟਿਕਟ ਲੈ ਕੇ ਹੀ ਯਾਤਰਾ ਕਰਨ ਅਤੇ ਰੇਲਵੇ ਸਟੇਸ਼ਨਾਂ ’ਤੇ ਸਫ਼ਾਈ ਬਣਾਈ ਰੱਖਣ।