- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੌਮੀ ਲੋਕ ਅਦਾਲਤ ਵਿਚ 16726 ਕੇਸਾਂ ਦਾ ਕੀਤਾ ਗਿਆ ਨਿਪਟਾਰਾ

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਮਾਨਯੋਗ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੇ ਹਿੰਦੁਸਤਾਨ ਵਿਚ ਕੌਮੀ ਲੋਕ ਅਦਾਲਤ ਲਗਾਈ ਗਈ। ਇਨ੍ਹਾਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਨਯੋਗ ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸੁਮੀਤ ਮਲਹੋਤਰਾ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਫਿਰੋਜ਼ਪੁਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਅਦਾਲਤਾਂ ਵਿਚ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਜਿਸ ਦੇ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਵਿਚ ਕੁੱਲ 14 ਬੈਂਚ ਬਣਾਏ ਗਏ ਜਿਨ੍ਹਾਂ ਵਿਚ ਸੈਸ਼ਨ ਡਵੀਜਨ, ਫਿਰੋਜ਼ਪੁਰ ਦੀਆਂ ਅਦਾਲਤਾਂ ਵਿਚ 10 ਬੈਂਚ, ਸਥਾਈ ਲੋਕ ਅਦਾਲਤ ਵਿਖੇ 1 ਬੈਂਚ, ਜ਼ੀਰਾ ਵਿਖੇ 1 ਬੈਂਚ ਅਤੇ ਗੁਰੂਹਰਸਹਾਏ ਵਿਖੇ 2 ਬੈਂਚ ਬਣਾਏ ਗਏ ਹਨ। ਜਾਣਕਾਰੀ ਮੁਤਾਬਿਕ ਇਸ ਲੋਕ ਅਦਾਲਤ ਵਿਚ ਕੁੱਲ 21194 ਕੇਸ ਲਗਾਏ ਗਏ ਜਿਨ੍ਹਾਂ ਵਿੱਚੋਂ 16726 ਕੇਸਾਂ ਦਾ ਨਿਪਟਾਰਾ ਕੀਤਾ ਗਿਆ।
ਇਸ ਲੋਕ ਅਦਾਲਤ ਵਿਚ ਵੱਖ-ਵੱਖ ਤਰ੍ਹਾਂ ਦੇ ਕੇਸਾਂ ਦਾ ਜਿਵੇਂ ਕਿ ਦੀਵਾਨੀ ਕੇਸ, ਰਾਜੀਨਾਮਾ ਹੋਣ ਯੋਗ ਫੌਜਦਾਰੀ ਕੇਸ, ਚੈੱਕ ਬਾਊਂਸ, ਰਿਕਵਰੀ ਦੇ ਕੇਸ, ਟਰੈਫਿਕ ਚਲਾਨ ਅਤੇ ਘਰੇਲੂ ਝਗੜਿਆਂ ਦੇ ਕੇਸ, ਇਖਰਾਜ ਰਿਪੋਰਟਾਂ, ਅਦਮਪਤਾ ਰਿਪੋਰਟਾਂ, ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਕੇਸ ਅਤੇ ਪ੍ਰੀ ਲਿਟੀਗੇਟਿਵ ਕੇਸ ਜਿਨ੍ਹਾਂ ਵਿਚ ਬੈਂਕ ਰਿਕਵਰੀ ਪ੍ਰਾਈਵੇਟ ਫਾਇਨਾਂਸ ਕੰਪਨੀ, ਮੋਬਾਇਲ ਅਤੇ ਟੈਲੀਫੋਨ ਕੰਪਨੀਆਂ ਦੇ ਕੇਸਾਂ ਦਾ ਨਿਪਟਾਰਾ ਧਿਰਾਂ ਦੀ ਆਪਸੀ ਸਹਿਮਤੀ ਦੇ ਨਾਲ ਕੀਤਾ ਗਿਆ। ਲੋਕ ਅਦਾਲਤ ਵਿਚ ਆਉਣ ਵਾਲੇ ਲੋਕਾਂ ਦੀ ਮੱਦਦ ਅਤੇ ਪੁੱਛਗਿੱਛ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਕੋਰਟ ਕੰਪਲੈਕਸ, ਫਿਰੋਜ਼ਪੁਰ ਦੇ ਪਬਲਿਕ ਐਂਟਰੀ ਗੇਟ ਉੱਪਰ ਇਕ ਹੈਲਪ ਡੈਸਕ ਵੀ ਲਗਾਇਆ ਗਿਆ ਤਾਂ ਜੋ ਲੋਕਾਂ ਨੂੰ ਸੁਖਾਲਾ ਕੀਤਾ ਜਾ ਸਕੇ। ਇਸੇ ਤਰ੍ਹਾਂ ਹੀ ਦੋਵਾਂ ਸਬ ਡਵੀਜਨਾਂ ਜ਼ੀਰਾ ਅਤੇ ਗੁਰੂਹਰਸਹਾਏ ਵਿਖੇ ਵੀ ਹੈਲਪ ਡੈਸਕ ਲਗਾਏ ਗਏ। ਲੋਕ ਅਦਾਲਤ ਵਿਚ ਫੈਸਲਾ ਹੋਏ ਕੇਸਾਂ ਦੀ ਕੋਈ ਅਪੀਲ ਦਲੀਲ ਨਹੀਂ ਹੈ। ਲੋਕ ਅਦਾਲਤ ਵਿਚ ਹੋਏ ਫੈਸਲੇ ਨੂੰ ਡਿਕਰੀ ਦੀ ਮਾਨਤਾ ਪ੍ਰਾਪਤ ਹੈ ਅਤੇ ਇਹ ਫੈਸਲੇ ਤਸੱਲੀਬਖਸ਼ ਹੁੰਦੇ ਹਨ ਅਤੇ ਧਿਰਾਂ ਨੂੰ ਮੁਕੱਦਮੇਬਾਜੀ ਤੋਂ ਮੁਕਤੀ ਮਿਲਦੀ ਹੈ ਅਤੇ ਹੋਰ ਕਈ ਮਾਨਸਿਕ ਪ੍ਰੇਸ਼ਾਨੀਆਂ ਤੋਂ ਧਿਰਾਂ ਨੂੰ ਮੁਕਤੀ ਮਿਲਦੀ ਹੈ। ਦੋਵੇਂ ਧਿਰਾਂ ਆਪਣੇ ਆਪ ਨੂੰ ਜੇਤੂ ਮਹਿਸੂਸ ਕਰਦੀਆਂ ਹਨ ਅਤੇ ਕਿਸੇ ਵੀ ਧਿਰ ਦੀ ਹਾਰ ਨਹੀਂ ਹੁੰਦੀ।