ਰੇਲਵੇ ਯਾਰਡ ਨੇੜਿਓਂ 10 ਕਿਲੋ 64 ਗ੍ਰਾਮ ਗਾਂਜਾ ਬਰਾਮਦ ਰੇਲਵੇ ਯਾਰਡ ਨੇੜਿਓਂ 10 ਕਿਲੋ 64 ਗ੍ਰਾਮ ਗਾਂਜਾ ਬਰਾਮਦ, ਅਣਪਛਾਤੇ ਖ਼ਿਲਾਫ਼ ਕੇਸ ਦਰਜ
Publish Date: Sun, 06 Sep 2026 04:25 PM (IST)
Updated Date: Sun, 06 Sep 2026 04:28 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਜੀਆਰਪੀ ਪੁਲਿਸ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦੋਂ ਰੇਲਵੇ ਯਾਰਡ ਖੇਤਰ ਵਿਚ ਚੈਕਿੰਗ ਦੌਰਾਨ ਝਾੜੀਆਂ ਵਿੱਚੋਂ ਲਾਵਾਰਿਸ ਹਾਲਤ ਵਿਚ ਪਿਆ ਭਾਰੀ ਮਾਤਰਾ ਵਿੱਚ ਗਾਂਜਾ ਬਰਾਮਦ ਕੀਤਾ ਗਿਆ। ਪੁਲਿਸ ਨੇ ਬਰਾਮਦ ਨਸ਼ੀਲੇ ਪਦਾਰਥ ਨੂੰ ਕਬਜ਼ੇ ਵਿਚ ਲੈ ਕੇ ਅਣਪਛਾਤੇ ਵਿਅਕਤੀ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।ਜੀਆਰਪੀ ਦੀ ਪੁਲਿਸ ਦੇ ਏਐੱਸਆਈ ਸੁਰਜੀਤ ਸਿੰਘ ਦੀ ਅਗਵਾਈ ’ਚ ਰੇਲਵੇ ਯਾਰਡ ਇਲਾਕੇ ਵਿਚ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਰੇਲਵੇ ਲਾਈਨਾਂ ਦੇ ਨੇੜੇ ਝਾੜੀਆਂ ਵਿਚ ਫਿੱਕੇ ਨੀਲੇ ਰੰਗ ਦਾ ਇੱਕ ਮੋਮੀ ਲਿਫ਼ਾਫ਼ਾ ਲਾਵਾਰਿਸ ਹਾਲਤ ਵਿਚ ਪਿਆ ਦਿਖਾਈ ਦਿੱਤਾ। ਪੁਲਿਸ ਨੂੰ ਸ਼ੱਕ ਹੋਣ ’ਤੇ ਲਿਫ਼ਾਫ਼ੇ ਦੀ ਜਾਂਚ ਕੀਤੀ ਗਈ। ਤਲਾਸ਼ੀ ਦੌਰਾਨ ਲਿਫ਼ਾਫ਼ੇ ਵਿੱਚੋਂ ਨਸ਼ੀਲਾ ਪਦਾਰਥ ਬਰਾਮਦ ਹੋਇਆ। ਪੁਲਿਸ ਵੱਲੋਂ ਬਰਾਮਦ ਪਦਾਰਥ ਨੂੰ ਕੰਪਿਊਟਰਾਈਜ਼ਡ ਕੰਡੇ ’ਤੇ ਤੋਲਿਆ ਗਿਆ, ਜਿਸ ਦਾ ਕੁੱਲ ਵਜ਼ਨ 10 ਕਿਲੋ 64 ਗ੍ਰਾਮ ਗਾਂਜਾ ਪਾਇਆ ਗਿਆ। ਇਸ ਤੋਂ ਬਾਅਦ ਪੁਲਿਸ ਨੇ ਨਸ਼ੀਲੇ ਪਦਾਰਥ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਸਬੰਧੀ ਮੁਕੱਦਮਾ ਨੰਬਰ 22 ਮਿਤੀ 6 ਸਤੰਬਰ 2026 ਨੂੰ ਧਾਰਾ 20/61/85 ਐੱਨਡੀਪੀਐੱਸ ਐਕਟ ਤਹਿਤ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਗਾਂਜਾ ਰੇਲਵੇ ਯਾਰਡ ਨੇੜੇ ਕੌਣ ਲੈ ਕੇ ਆਇਆ ਸੀ ਅਤੇ ਇਸ ਨੂੰ ਇੱਥੇ ਰੱਖਣ ਪਿੱਛੇ ਕਿਸ ਦਾ ਹੱਥ ਹੈ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਪਾਰਟੀ ਵਿਚ ਐੱਲਆਰ/ਏਐੱਸਆਈ ਵਧਾਵਾ ਸਿੰਘ, ਹੈੱਡ ਕਾਂਸਟੇਬਲ ਅਮਰਜੀਤ ਸਿੰਘ, ਮਹਿਲਾ ਹੈੱਡ ਕਾਂਸਟੇਬਲ ਪਰਵਿੰਦਰ ਕੌਰ ਅਤੇ ਪੀਐੱਚਜੀ ਅਜੇ ਕੁਮਾਰ ਵੀ ਸ਼ਾਮਲ ਸਨ। ਅਧਿਕਾਰੀਆਂ ਅਨੁਸਾਰ ਮਾਮਲੇ ਦੀ ਅਗਲੇਰੀ ਤਫ਼ਤੀਸ਼ ਜਾਰੀ ਹੈ।