ਦੁਪਹਿਰ ਸਮੇਂ ਮਹਿਲਾਵਾਂ ਨੇ ਕੀਤਾ ਪੂਜਨ, ਰਾਤ ਨੂੰ ਚੰਦਰਮਾ ਦੇ ਦਰਸ਼ਨ ਕਰ ਖੋਲ੍ਹਿਆ ਟੁਬੜੀ ਦਾ ਵਰਤ ਦੁਪਹਿਰ ਸਮੇਂ ਮਹਿਲਾਵਾਂ ਨੇ ਕੀਤਾ ਪੂਜਨ, ਰਾਤ ਨੂੰ ਚੰਦਰਮਾ ਦੇ ਦਰਸ਼ਨ ਕਰ ਖੋਲ੍ਹਿਆ ਟੁਬੜੀ ਦਾ ਵਰਤ
Publish Date: Tue, 24 Nov 2026 07:05 PM (IST)
Updated Date: Wed, 25 Nov 2026 04:08 AM (IST)
-ਕਰਵਾਚੌਥ ਤੋਂ ਬਾਅਦ ਟੁਬੜੀ ਦੇ ਵਰਤ ਨਾਲ ਸੁਹਾਗਣਾਂ ਦੇ ਵਰਤਾਂ ਦਾ ਸਿਲਸਿਲਾ ਹੋਇਆ ਸੰਪੰਨ, ਪਤੀ ਤੇ ਬੱਚਿਆਂ ਦੀ ਲੰਬੀ ਉਮਰ ਤੇ ਪਰਿਵਾਰ ਦੀ ਖੁਸ਼ਹਾਲੀ ਲਈ ਕੀਤੀ ਕਾਮਨਾ ਰਿਤਿਸ਼ ਕੁੱਕੜ. ਪੰਜਾਬੀ ਜਾਗਰਣ, ਫਾਜ਼ਿਲਕਾ : ਕਰਵਾਚੌਥ ਤੋਂ ਬਾਅਦ ਟੁਬੜੀ ਦੇ ਵਰਤ ਨਾਲ ਹੀ ਸੁਹਾਗਣਾਂ ਦੇ ਵਰਤਾਂ ਦਾ ਸਿਲਸਿਲਾ ਸੰਪੰਨ ਹੋ ਗਿਆ। ਮੰਗਲਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮਹਿਲਾਵਾਂ ਨੇ ਪਤੀ ਅਤੇ ਬੱਚਿਆਂ ਦੀ ਲੰਬੀ ਉਮਰ ਅਤੇ ਪਰਿਵਾਰ ਦੀ ਸੁਖ-ਸਮ੍ਰਿੱਧੀ ਦੀ ਕਾਮਨਾ ਨਾਲ ਟੁਬੜੀ ਦਾ ਵਰਤ ਰੱਖਿਆ। ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਸਰਗੀ ਗ੍ਰਹਿਣ ਕਰਕੇ ਸ਼ੁਰੂ ਹੋਇਆ ਇਹ ਵਰਤ ਰਾਤ ਨੂੰ ਚੰਦਰਮਾ ਦੇ ਦਰਸ਼ਨ ਕਰਨ ਉਪਰੰਤ ਸੰਪੰਨ ਹੋਇਆ। ਫਾਜ਼ਿਲਕਾ ਵਿੱਚ ਦੁਪਹਿਰ ਬਾਅਦ ਤੋਂ ਹੀ ਵੱਖ-ਵੱਖ ਥਾਵਾਂ ’ਤੇ ਪੂਜਨ ਲਈ ਮਹਿਲਾਵਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। ਮਹਿਲਾਵਾਂ ਨੇ ਚੱਲਦੇ ਪਾਣੀ ਦੇ ਨੇੜੇ ਦੀਵੇ ਜਗਾ ਕੇ ਪੂਜਾ-ਅਰਚਨਾ ਕੀਤੀ ਅਤੇ ਟੁਬੜੀ ਮਾਤਾ ਅੱਗੇ ਘਰ-ਪਰਿਵਾਰ ਦੀ ਖੁਸ਼ਹਾਲੀ ਦੀ ਅਰਦਾਸ ਕੀਤੀ। ਕਈ ਥਾਵਾਂ ’ਤੇ ਮਹਿਲਾਵਾਂ ਦੀ ਵਧੇਰੇ ਗਿਣਤੀ ਕਾਰਨ ਜਾਮ ਵਰਗੀ ਸਥਿਤੀ ਵੀ ਬਣੀ ਰਹੀ। ਦੁਪਹਿਰ ਬਾਅਦ ਗਊਸ਼ਾਲਾ ਕੰਪਲੈਕਸ, ਸਰਕਾਰੀ ਆਈਟੀਆਈ, ਬਾਦਲ ਕਾਲੋਨੀ ਸਮੇਤ ਵੱਖ-ਵੱਖ ਥਾਵਾਂ ’ਤੇ ਮਹਿਲਾਵਾਂ ਪੂਜਾ ਸਮੱਗਰੀ ਲੈ ਕੇ ਪਹੁੰਚਣ ਲੱਗੀਆਂ। ਦੀਵਾਲੀ ਤੋਂ ਬਾਅਦ ਆਉਣ ਵਾਲੇ ਵਰਤਾਂ ਵਿੱਚ ਟੁਬੜੀ ਦੇ ਵਰਤ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਦੀਵਾਲੀ ਤੋਂ ਪਹਿਲਾਂ ਕਰਵਾਚੌਥ ਦਾ ਵਰਤ ਰੱਖਿਆ ਜਾਂਦਾ ਹੈ, ਜਦਕਿ ਦੀਵਾਲੀ ਤੋਂ ਛੇ ਦਿਨ ਬਾਅਦ ਛਠ ਪੁਰਬ ਮਨਾਇਆ ਜਾਂਦਾ ਹੈ। ਇਸ ਤੋਂ ਕਰੀਬ 15 ਦਿਨ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਟੁਬੜੀ ਦਾ ਵਰਤ ਰੱਖਿਆ ਜਾਂਦਾ ਹੈ। ਇਹ ਵਰਤ ਕਰਵਾਚੌਥ ਨਾਲ ਕਾਫ਼ੀ ਮਿਲਦਾ-ਜੁਲਦਾ ਹੈ, ਪਰ ਇਸ ਦੀ ਪੂਜਾ ਵਿਧੀ ਅਤੇ ਪਰੰਪਰਾਵਾਂ ਵੱਖਰੀਆਂ ਹਨ। ਮਾਨਤਾ ਹੈ ਕਿ ਸੱਚੇ ਮਨ ਨਾਲ ਟੁਬੜੀ ਮਾਤਾ ਦੀ ਪੂਜਾ ਕਰਨ ਨਾਲ ਪਤੀ ਦੀ ਲੰਬੀ ਉਮਰ ਅਤੇ ਬੱਚਿਆਂ ’ਤੇ ਮਾਤਾ ਦੀ ਕਿਰਪਾ ਬਣੀ ਰਹਿੰਦੀ ਹੈ। ਇਸੇ ਆਸਥਾ ਦੇ ਚਲਦਿਆਂ ਸੁਹਾਗਣਾਂ ਪੂਰਾ ਦਿਨ ਨਿਰਜਲਾ ਵਰਤ ਰੱਖ ਕੇ ਵਿਧੀ-ਵਿਧਾਨ ਨਾਲ ਪੂਜਾ ਕਰਦੀਆਂ ਹਨ। ਫਾਜ਼ਿਲਕਾ ਦੇ ਆਲਮਸ਼ਾਹ ਰੋਡ ਸਥਿਤ ਇੱਕ ਆਈਟੀਆਈ ਵਿੱਚ ਪੂਜਾ ਲਈ ਪਹੁੰਚੀ ਸੁਹਾਗਣ ਰਜਨੀ ਨੇ ਦੱਸਿਆ ਕਿ ਉਨ੍ਹਾਂ ਨੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਸਰਗੀ ਗ੍ਰਹਿਣ ਕਰਕੇ ਵਰਤ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਦਿਨ ਭਰ ਬਿਨਾਂ ਕੁਝ ਖਾਧੇ-ਪੀਤੇ ਵਰਤ ਰੱਖਿਆ। ਸ਼ਾਮ ਸਮੇਂ ਹੋਣ ਵਾਲੇ ਪੂਜਨ ਦੌਰਾਨ ਗੰਨੇ ਅਤੇ ਕਣਕ ਆਦਿ ਨਾਲ ਹਟੜੀ ਤਿਆਰ ਕਰਕੇ ਖੇਤੀਬਾੜੀ ਦੀ ਪੂਜਾ ਕੀਤੀ। ਉਨ੍ਹਾਂ ਦੱਸਿਆ ਕਿ ਇਸ ਪੂਜਾ ਰਾਹੀਂ ਪਤੀ ਦੀ ਲੰਬੀ ਉਮਰ ਦੇ ਨਾਲ-ਨਾਲ ਘਰ-ਪਰਿਵਾਰ ਵਿੱਚ ਸੁਖ-ਸਮ੍ਰਿੱਧੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ ਜਾਂਦੀ ਹੈ।