ਹਨੇਰੀ ਤੇ ਮੀਂਹ ਨੇ ਕਿਸਾਨਾਂ ਦੀਆਂ ਉਮੀਦਾਂ ’ਤੇ ਫੇਰਿਆ ਪਾਣੀ, ਪੱਕੀ ਬਾਸਮਤੀ ਦੀ ਫ਼ਸਲ ਖੇਤਾਂ ’ਚ ਵਿਛੀ ਹਨੇਰੀ ਤੇ ਮੀਂਹ ਨੇ ਕਿਸਾਨਾਂ ਦੀਆਂ ਉਮੀਦਾਂ ’ਤੇ ਫੇਰਿਆ ਪਾਣੀ, ਪੱਕੀ ਬਾਸਮਤੀ ਦੀ ਫ਼ਸਲ ਖੇਤਾਂ ’ਚ ਵਿਛੀ
Publish Date: Sun, 11 Oct 2026 05:52 PM (IST)
Updated Date: Sun, 11 Oct 2026 05:53 PM (IST)
ਜ਼ਿਲ੍ਹੇ ਸਿੰਘ.ਪੰਜਾਬੀ ਜਾਗਰਣ ਮੰਡੀ ਲਾਧੂਕਾ : ਕੁਦਰਤ ਦੀ ਮਾਰ ਅੱਗੇ ਕਿਸੇ ਦਾ ਵੱਸ ਨਹੀਂ ਚੱਲਦਾ। ਇਸ ਵਾਰ ਬਾਸਮਤੀ ਝੋਨੇ ਦੇ ਵਧੀਆ ਭਾਅ ਮਿਲਣ ਕਾਰਨ ਕਿਸਾਨਾਂ ਦੇ ਚਿਹਰਿਆਂ ’ਤੇ ਖ਼ੁਸ਼ੀ ਸੀ ਅਤੇ ਉਨ੍ਹਾਂ ਨੂੰ ਚੰਗਾ ਝਾੜ ਮਿਲਣ ਦੀ ਪੂਰੀ ਉਮੀਦ ਸੀ। ਕਿਸਾਨਾਂ ਨੂੰ ਆਸ ਸੀ ਕਿ ਇਸ ਵਾਰ ਫ਼ਸਲ ਦੀ ਚੰਗੀ ਪੈਦਾਵਾਰ ਅਤੇ ਵਧੀਆ ਭਾਅ ਮਿਲਣ ਨਾਲ ਉਹ ਆਪਣੇ ਸਿਰ ਚੜ੍ਹੇ ਕਰਜ਼ੇ ਉਤਾਰ ਸਕਣਗੇ, ਪਰ ਰਾਤ ਸਮੇਂ ਆਈ ਤੇਜ਼ ਹਨੇਰੀ ਅਤੇ ਮੀਂਹ ਨੇ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਪੱਕੀ ਹੋਈ ਬਾਸਮਤੀ ਦੀ ਫ਼ਸਲ ਖੇਤਾਂ ਵਿੱਚ ਵਿਛ ਜਾਣ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਦਾ ਡਰ ਸਤਾਉਣ ਲੱਗਾ ਹੈ। ਕਿਸਾਨ ਹਰਮੀਤ ਸਿੰਘ, ਰਣਜੀਤ ਸਿੰਘ, ਗੁਰਦੀਪ ਸਿੰਘ, ਸਾਬਕਾ ਸਰਪੰਚ ਜਗਜੀਤ ਸਿੰਘ, ਸਾਬਕਾ ਸਰਪੰਚ ਸੁਰਿੰਦਰ ਕੁਮਾਰ, ਹਰਬੰਸ ਲਾਲ ਅਤੇ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਦੀ ਫ਼ਸਲ ਬਹੁਤ ਵਧੀਆ ਸੀ ਅਤੇ ਬਾਸਮਤੀ ਦਾ ਭਾਅ ਵੀ ਚੰਗਾ ਮਿਲ ਰਿਹਾ ਸੀ। ਉਨ੍ਹਾਂ ਨੂੰ ਆਸ ਸੀ ਕਿ ਚੰਗੇ ਝਾੜ ਨਾਲ ਪਿਛਲੇ ਸਾਲਾਂ ਦੇ ਆਰਥਿਕ ਘਾਟੇ ਦੀ ਭਰਪਾਈ ਹੋ ਸਕੇਗੀ, ਪਰ ਬੇਮੌਸਮੀ ਮੀਂਹ ਅਤੇ ਤੇਜ਼ ਹਨੇਰੀ ਨੇ ਪੱਕੀ ਫ਼ਸਲ ਨੂੰ ਜ਼ਮੀਨ ’ਤੇ ਵਿਛਾ ਦਿੱਤਾ। ਫ਼ਸਲ ਡਿੱਗਣ ਨਾਲ ਵਧੇਗਾ ਖ਼ਰਚਾ, ਝਾੜ ਘਟਣ ਦਾ ਖ਼ਦਸ਼ਾ ਕਿਸਾਨਾਂ ਨੇ ਦੱਸਿਆ ਕਿ ਫ਼ਸਲ ਦੇ ਜ਼ਮੀਨ ’ਤੇ ਡਿੱਗਣ ਕਾਰਨ ਇਸ ਨੂੰ ਕੱਟਣ ਅਤੇ ਸੰਭਾਲਣ ਵਿੱਚ ਵਧੇਰੇ ਮਿਹਨਤ ਤੇ ਖ਼ਰਚਾ ਕਰਨਾ ਪਵੇਗਾ। ਇਸ ਦੇ ਨਾਲ ਹੀ ਝਾੜ ਘਟਣ ਦਾ ਵੀ ਖ਼ਦਸ਼ਾ ਹੈ, ਜਿਸ ਨਾਲ ਕਿਸਾਨਾਂ ਨੂੰ ਦੋਹਰੀ ਮਾਰ ਝੱਲਣੀ ਪੈ ਸਕਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਝੋਨੇ ਦਾ ਝਾੜ ਘੱਟ ਨਿਕਲ ਰਿਹਾ ਸੀ ਅਤੇ ਫ਼ਸਲ ਦਾ ਪੂਰਾ ਭਾਅ ਨਾ ਮਿਲਣ ਕਾਰਨ ਕਿਸਾਨ ਪਹਿਲਾਂ ਹੀ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸਨ। ਖ਼ਾਸ ਕਰਕੇ ਠੇਕੇ ’ਤੇ ਜ਼ਮੀਨਾਂ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਖ਼ਰਚੇ ਪੂਰੇ ਕਰਨੇ ਵੀ ਔਖੇ ਹੋ ਰਹੇ ਸਨ। ਇਸ ਵਾਰ ਬਾਸਮਤੀ ਦਾ ਵਧੀਆ ਭਾਅ ਮਿਲਣ ਅਤੇ ਚੰਗੇ ਝਾੜ ਦੀ ਉਮੀਦ ਨਾਲ ਕਿਸਾਨਾਂ ਨੂੰ ਲੱਗ ਰਿਹਾ ਸੀ ਕਿ ਉਹ ਆਪਣੀਆਂ ਆਰਥਿਕ ਮੁਸ਼ਕਲਾਂ ਤੋਂ ਕੁਝ ਰਾਹਤ ਹਾਸਲ ਕਰ ਸਕਣਗੇ। ਪਰ ਮੀਂਹ ਅਤੇ ਹਨੇਰੀ ਕਾਰਨ ਫ਼ਸਲ ਦੇ ਨੁਕਸਾਨ ਨੇ ਉਨ੍ਹਾਂ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਦਿੱਤਾ ਹੈ। ਕਿਸਾਨ ਪਰਿਵਾਰਾਂ ਵਿੱਚ ਮਾਯੂਸੀ ਦਾ ਮਾਹੌਲ ਹੈ। ਸਰਕਾਰ ਤੋਂ ਕਰਜ਼ਿਆਂ ਦੇ ਵਿਆਜ ਮਾਫ਼ ਕਰਨ ਦੀ ਮੰਗ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕੁਦਰਤੀ ਆਫ਼ਤ ਕਾਰਨ ਹੋਏ ਨੁਕਸਾਨ ਦੇ ਮੱਦੇਨਜ਼ਰ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ। ਉਨ੍ਹਾਂ ਖ਼ਾਸ ਤੌਰ ’ਤੇ ਬੈਂਕਾਂ ਅਤੇ ਸਹਿਕਾਰੀ ਸਭਾਵਾਂ ਤੋਂ ਲਏ ਕਰਜ਼ਿਆਂ ਦੇ ਵਿਆਜ ਨੂੰ ਮੁਆਫ਼ ਕਰਨ ਦੀ ਮੰਗ ਕੀਤੀ, ਤਾਂ ਜੋ ਕਿਸਾਨਾਂ ’ਤੇ ਪੈ ਰਿਹਾ ਆਰਥਿਕ ਬੋਝ ਘਟਾਇਆ ਜਾ ਸਕੇ। ਕਿਸਾਨਾਂ ਨੇ ਕਿਹਾ ਕਿ ਖੇਤੀਬਾੜੀ ਵਿੱਚ ਪਹਿਲਾਂ ਹੀ ਬੀਜਾਂ, ਖਾਦਾਂ, ਕੀਟਨਾਸ਼ਕਾਂ, ਡੀਜ਼ਲ ਅਤੇ ਜ਼ਮੀਨਾਂ ਦੇ ਠੇਕੇ ’ਤੇ ਵੱਡੀ ਰਕਮ ਖ਼ਰਚ ਹੁੰਦੀ ਹੈ। ਜੇਕਰ ਕੁਦਰਤੀ ਆਫ਼ਤ ਕਾਰਨ ਫ਼ਸਲ ਦਾ ਨੁਕਸਾਨ ਹੋ ਜਾਵੇ ਤਾਂ ਕਿਸਾਨਾਂ ਲਈ ਅਗਲੀ ਫ਼ਸਲ ਦੀ ਬਿਜਾਈ ਕਰਨ ਵਾਸਤੇ ਪੈਸਿਆਂ ਦਾ ਪ੍ਰਬੰਧ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੀ ਸਥਿਤੀ ਨੂੰ ਦੇਖਦਿਆਂ ਉਨ੍ਹਾਂ ਲਈ ਵਿਸ਼ੇਸ਼ ਰਾਹਤ ਦਾ ਐਲਾਨ ਕੀਤਾ ਜਾਵੇ, ਤਾਂ ਜੋ ਉਹ ਆਰਥਿਕ ਚਿੰਤਾਵਾਂ ਤੋਂ ਕੁਝ ਹੱਦ ਤੱਕ ਮੁਕਤ ਹੋ ਕੇ ਅਗਲੀ ਫ਼ਸਲ ਦੀ ਬਿਜਾਈ ਕਰ ਸਕਣ।