ਕੀ ਗ਼ਰੀਬ ਦੀ ਚਾਹ ਦਾ ਕੱਪ ਵੀ ਹੋ ਜਾਵੇਗਾ ਫਿੱਕਾ? ਚੀਨੀ ਦੀਆਂ ਵਧਦੀਆਂ ਕੀਮਤਾਂ ਨੇ ਵਧਾਈ ਚਿੰਤਾ
ਪ੍ਰਮੋਦ ਗੁਪਤਾ ਨੇ ਕਿਹਾ ਕਿ ਚੀਨੀ ਸਿਰਫ਼ ਇੱਕ ਖਾਣ-ਪੀਣ ਵਾਲੀ ਵਸਤੂ ਨਹੀਂ, ਸਗੋਂ ਇਸ ਦੀ ਕੀਮਤ ਕਰੋੜਾਂ ਪਰਿਵਾਰਾਂ ਦੇ ਰੋਜ਼ਾਨਾ ਘਰੇਲੂ ਬਜਟ ਅਤੇ ਛੋਟੇ ਦੁਕਾਨਦਾਰਾਂ ਦੇ ਕਾਰੋਬਾਰ ਨੂੰ ਸਿੱਧੇ ਤੌਰ ’ਤੇ ਪ੍ਰਭਾਵਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਮਹਿੰਗਾਈ ਦਾ ਅਸਰ ਗਰੀਬ ਅਤੇ ਮੱਧਵਰਗੀ ਪਰਿਵਾਰ ਦੀ ਚਾਹ ਦੇ ਕੱਪ ਤੱਕ ਨਾ ਪਹੁੰਚੇ।
Publish Date: Thu, 13 Aug 2026 01:08 PM (IST)
Updated Date: Thu, 13 Aug 2026 01:13 PM (IST)
ਰਮਨ ਕੁਮਾਰ, ਪੰਜਾਬੀ ਜਾਗਰਣ, ਫਾਜ਼ਿਲਕਾ। ਦੇਸ਼ ’ਚ ਚੀਨੀ ਦੀਆਂ ਵਧਦੀਆਂ ਕੀਮਤਾਂ ਨੇ ਆਮ ਖਪਤਕਾਰਾਂ, ਖ਼ਾਸ ਕਰਕੇ ਗਰੀਬ ਅਤੇ ਮੱਧਵਰਗੀ ਪਰਿਵਾਰਾਂ ਦੇ ਨਾਲ-ਨਾਲ ਛੋਟੇ ਵਪਾਰੀਆਂ ਦੀ ਚਿੰਤਾ ਵਧਾ ਦਿੱਤੀ ਹੈ। ਪੰਜਾਬ ਪ੍ਰਦੇਸ਼ ਰਿਟੇਲ ਐਂਡ ਹੋਲਸੇਲ ਕਰਿਆਣਾ ਐਸੋਸੀਏਸ਼ਨ ਦੇ ਪ੍ਰਦੇਸ਼ ਪ੍ਰਧਾਨ ਅਤੇ ਅਖਿਲ ਭਾਰਤੀ ਉਦਯੋਗ ਵਪਾਰ ਮੰਡਲ, ਪੰਜਾਬ ਦੇ ਪ੍ਰਦੇਸ਼ ਇੰਚਾਰਜ ਪ੍ਰਮੋਦ ਗੁਪਤਾ ਨੇ ਕਿਹਾ ਕਿ ਚੀਨੀ ਦੀ ਉਪਲਬਧਤਾ ਅਤੇ ਕੀਮਤਾਂ ਨੂੰ ਸਥਿਰ ਰੱਖਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ ਪਰ ਆਮ ਲੋਕਾਂ ਅਤੇ ਛੋਟੇ ਵਪਾਰੀਆਂ ਨੂੰ ਅਸਲ ਰਾਹਤ ਦੇਣ ਲਈ ਹੋਰ ਪ੍ਰਭਾਵਸ਼ਾਲੀ ਅਤੇ ਸਮੇਂ ਸਿਰ ਦਖ਼ਲਅੰਦਾਜ਼ੀ ਦੀ ਲੋੜ ਹੈ।
ਪ੍ਰਮੋਦ ਗੁਪਤਾ ਨੇ ਕਿਹਾ ਕਿ ਚੀਨੀ ਸਿਰਫ਼ ਇੱਕ ਖਾਣ-ਪੀਣ ਵਾਲੀ ਵਸਤੂ ਨਹੀਂ, ਸਗੋਂ ਇਸ ਦੀ ਕੀਮਤ ਕਰੋੜਾਂ ਪਰਿਵਾਰਾਂ ਦੇ ਰੋਜ਼ਾਨਾ ਘਰੇਲੂ ਬਜਟ ਅਤੇ ਛੋਟੇ ਦੁਕਾਨਦਾਰਾਂ ਦੇ ਕਾਰੋਬਾਰ ਨੂੰ ਸਿੱਧੇ ਤੌਰ ’ਤੇ ਪ੍ਰਭਾਵਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਮਹਿੰਗਾਈ ਦਾ ਅਸਰ ਗਰੀਬ ਅਤੇ ਮੱਧਵਰਗੀ ਪਰਿਵਾਰ ਦੀ ਚਾਹ ਦੇ ਕੱਪ ਤੱਕ ਨਾ ਪਹੁੰਚੇ।
ਉਨ੍ਹਾਂ ਮੰਗ ਕੀਤੀ ਕਿ ਸਰਕਾਰ ਵੱਲੋਂ ਚੀਨੀ ਦੇ ਉਤਪਾਦਨ, ਉਪਲਬਧ ਭੰਡਾਰ, ਬਾਜ਼ਾਰ ’ਚ ਸਪਲਾਈ ਅਤੇ ਪ੍ਰਚੂਨ ਕੀਮਤਾਂ ’ਤੇ ਲਗਾਤਾਰ ਨਿਗਰਾਨੀ ਰੱਖੀ ਜਾਵੇ। ਜਿੱਥੇ ਵੀ ਜਮ੍ਹਾਂਖੋਰੀ, ਨਕਲੀ ਕਮੀ ਪੈਦਾ ਕਰਨ ਜਾਂ ਬੇਵਜ੍ਹਾ ਕੀਮਤਾਂ ਵਧਾਉਣ ਸਬੰਧੀ ਸ਼ਿਕਾਇਤ ਮਿਲੇ, ਉੱਥੇ ਨਿਰਪੱਖ ਜਾਂਚ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ।
ਤਿਉਹਾਰੀ ਮੌਸਮ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਆਉਣ ਵਾਲੇ ਹਫ਼ਤਿਆਂ ’ਚ ਜ਼ਰੂਰੀ ਵਸਤੂਆਂ ਦੀ ਮੰਗ ਵਧਣ ਦੀ ਸੰਭਾਵਨਾ ਹੈ। ਇਸ ਲਈ ਸਰਕਾਰ ਨੂੰ ਪਹਿਲਾਂ ਹੀ ਲੋੜੀਂਦੇ ਕਦਮ ਚੁੱਕ ਕੇ ਯਥੇਸ਼ਟ ਭੰਡਾਰ, ਨਿਰਵਿਘਨ ਸਪਲਾਈ ਅਤੇ ਵਾਜਬ ਕੀਮਤਾਂ ਯਕੀਨੀ ਬਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਤਿਉਹਾਰਾਂ ਦੌਰਾਨ ਆਮ ਲੋਕਾਂ ’ਤੇ ਵਾਧੂ ਆਰਥਿਕ ਬੋਝ ਨਾ ਪਵੇ।
ਛੋਟੇ ਵਪਾਰੀਆਂ ਦੀਆਂ ਮੁਸ਼ਕਲਾਂ ਬਾਰੇ ਗੁਪਤਾ ਨੇ ਕਿਹਾ ਕਿ ਜਦੋਂ ਕੀਮਤਾਂ ਵਧਦੀਆਂ ਹਨ ਤਾਂ ਖਪਤਕਾਰਾਂ ਦਾ ਪਹਿਲਾ ਗੁੱਸਾ ਅਕਸਰ ਛੋਟੇ ਦੁਕਾਨਦਾਰਾਂ ਨੂੰ ਸਹਿਣਾ ਪੈਂਦਾ ਹੈ, ਜਦਕਿ ਕੀਮਤ ਤੈਅ ਕਰਨ ’ਚ ਉਨ੍ਹਾਂ ਦਾ ਅਸਲ ’ਚ ਕੋਈ ਨਿਯੰਤਰਣ ਨਹੀਂ ਹੁੰਦਾ।
ਇਸ ਲਈ ਸਰਕਾਰ ਨੂੰ ਖਪਤਕਾਰਾਂ ਦੇ ਨਾਲ-ਨਾਲ ਛੋਟੇ ਵਪਾਰੀਆਂ ਦੀਆਂ ਜ਼ਮੀਨੀ ਹਕੀਕਤਾਂ ਨੂੰ ਵੀ ਧਿਆਨ ’ਚ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨੀਤੀ ਅਜਿਹੀ ਹੋਣੀ ਚਾਹੀਦੀ ਹੈ, ਜਿਸ ’ਚ ਕਿਸਾਨ ਨੂੰ ਉਚਿਤ ਮੁੱਲ, ਉਦਯੋਗ ਨੂੰ ਸਥਿਰਤਾ, ਵਪਾਰੀ ਨੂੰ ਸਨਮਾਨਜਨਕ ਕਾਰੋਬਾਰ ਅਤੇ ਖਪਤਕਾਰ ਨੂੰ ਵਾਜਬ ਕੀਮਤ ’ਤੇ ਜ਼ਰੂਰੀ ਵਸਤੂਆਂ ਉਪਲਬਧ ਹੋਣ।
ਪ੍ਰਮੋਦ ਗੁਪਤਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਚੀਨੀ ਦੀਆਂ ਕੀਮਤਾਂ ਅਤੇ ਉਪਲਬਧਤਾ ਦੀ ਨਿਯਮਤ ਸਮੀਖਿਆ ਕੀਤੀ ਜਾਵੇ, ਤਿਉਹਾਰੀ ਮੌਸਮ ਤੋਂ ਪਹਿਲਾਂ ਯਥੇਸ਼ਟ ਸਪਲਾਈ ਯਕੀਨੀ ਬਣਾਈ ਜਾਵੇ ਅਤੇ ਜਮ੍ਹਾਂਖੋਰੀ, ਨਕਲੀ ਕਮੀ ਤੇ ਬੇਵਜ੍ਹਾ ਕੀਮਤ ਵਾਧੇ ਵਿਰੁੱਧ ਪ੍ਰਭਾਵਸ਼ਾਲੀ ਨਿਗਰਾਨੀ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਮਹਿੰਗਾਈ ’ਤੇ ਕਾਬੂ ਪਾਉਣਾ ਸਿਰਫ਼ ਆਰਥਿਕ ਮਾਮਲਾ ਨਹੀਂ, ਸਗੋਂ ਜਨਹਿੱਤ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਵੀ ਵਿਸ਼ਾ ਹੈ। ਸਰਕਾਰ ਵੱਲੋਂ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਫ਼ੈਸਲੇ ਲਏ ਜਾਣ ਨਾਲ ਗਰੀਬ ਤੇ ਮੱਧਵਰਗੀ ਪਰਿਵਾਰਾਂ ਨੂੰ ਰਾਹਤ ਮਿਲਣ ਦੇ ਨਾਲ-ਨਾਲ ਛੋਟੇ ਵਪਾਰੀਆਂ ਅਤੇ ਸਥਾਨਕ ਬਾਜ਼ਾਰਾਂ ਨੂੰ ਵੀ ਮਜ਼ਬੂਤੀ ਮਿਲ ਸਕਦੀ ਹੈ।
ਐਸੋਸੀਏਸ਼ਨ ਦੇ ਚੇਅਰਮੈਨ ਕ੍ਰਿਸ਼ਨ ਲਾਲ ਜਸੂਜਾ (ਫਾਜ਼ਿਲਕਾ) ਨੇ ਕਿਹਾ ਕਿ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਦੀ ਨਿਯਮਤ ਸਮੀਖਿਆ ਕਰਦਿਆਂ ਆਮ ਖਪਤਕਾਰਾਂ ਅਤੇ ਛੋਟੇ ਵਪਾਰੀਆਂ ਨੂੰ ਰਾਹਤ ਦੇਣ ਲਈ ਸਮੇਂ ਸਿਰ ਕਦਮ ਚੁੱਕੇ ਜਾਣੇ ਚਾਹੀਦੇ ਹਨ। ਚੇਅਰਮੈਨ ਪਵਨ ਮੋਦਗਿਲ ਬਧਨੀ ਨੇ ਕਿਹਾ ਕਿ ਤਿਉਹਾਰੀ ਮੌਸਮ ਤੋਂ ਪਹਿਲਾਂ ਜ਼ਰੂਰੀ ਵਸਤੂਆਂ ਦੀ ਯਥੇਸ਼ਟ ਉਪਲਬਧਤਾ ਅਤੇ ਵਾਜਬ ਕੀਮਤਾਂ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਸੀਨੀਅਰ ਵਾਈਸ ਪ੍ਰਧਾਨ ਅਰੁਣ ਗੁਪਤਾ ਅਬੋਹਰ ਨੇ ਕਿਹਾ ਕਿ ਵਧਦੀਆਂ ਕੀਮਤਾਂ ਦਾ ਅਸਰ ਛੋਟੇ ਵਪਾਰੀਆਂ ਦੀ ਕਾਰੋਬਾਰੀ ਪੂੰਜੀ ਅਤੇ ਵਿਕਰੀ ’ਤੇ ਵੀ ਪੈਂਦਾ ਹੈ।
ਸਰਕਾਰ ਦੇ ਪ੍ਰਭਾਵਸ਼ਾਲੀ ਕਦਮਾਂ ਨਾਲ ਖਪਤਕਾਰਾਂ ਦੇ ਨਾਲ-ਨਾਲ ਸਥਾਨਕ ਵਪਾਰ ਨੂੰ ਵੀ ਰਾਹਤ ਮਿਲ ਸਕਦੀ ਹੈ। ਇਸ ਮੰਗ ਦਾ ਸਮਰਥਨ ਕਰਨ ਵਾਲੇ ਐਸੋਸੀਏਸ਼ਨ ਦੇ ਹੋਰ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵੀ ਸਰਕਾਰ ਤੋਂ ਚੀਨੀ ਸਮੇਤ ਜ਼ਰੂਰੀ ਵਸਤੂਆਂ ਦੀਆਂ ਵਧਦੀਆਂ ਕੀਮਤਾਂ ’ਤੇ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਆਮ ਖਪਤਕਾਰਾਂ, ਛੋਟੇ ਵਪਾਰੀਆਂ ਅਤੇ ਸਥਾਨਕ ਬਾਜ਼ਾਰਾਂ ਦੇ ਹਿੱਤਾਂ ਨੂੰ ਧਿਆਨ ’ਚ ਰੱਖਦਿਆਂ ਤੁਰੰਤ, ਪ੍ਰਭਾਵਸ਼ਾਲੀ ਅਤੇ ਸੰਤੁਲਿਤ ਫ਼ੈਸਲੇ ਲਏ ਜਾਣੇ ਚਾਹੀਦੇ ਹਨ।