ਗੀਤਾ ਭਵਨ ਗਲੀ ’ਚ ਚੌਕੀਦਾਰ ’ਤੇ ਹਮਲਾ, ਸਿਰ ’ਤੇ ਗੰਭੀਰ ਸੱਟ ਫ਼ਾਜ਼ਿਲਕਾ ਗੀਤਾ ਭਵਨ ਗਲੀ ’ਚ ਚੌਕੀਦਾਰ ’ਤੇ ਹਮਲਾ, ਸਿਰ ’ਤੇ ਗੰਭੀਰ ਸੱਟ
Publish Date: Thu, 24 Sep 2026 06:14 PM (IST)
Updated Date: Fri, 25 Sep 2026 04:07 AM (IST)
ਵਪਾਰੀਆਂ ਨੇ ਰੋਸ ਵਜੋਂ ਨਹੀਂ ਖੋਲ੍ਹੀਆਂ ਦੁਕਾਨਾਂ ਪੁਲਿਸ ਨੇ ਸੀਸੀਟੀਵੀ ਫੁਟੇਜ ਖੰਗਾਲੀ ਰਮਨ ਕੁਮਾਰ, ਪੰਜਾਬੀ ਜਾਗਰਣ, ਫਾਜ਼ਿਲਕਾ : ਸ਼ਹਿਰ ਦੇ ਪ੍ਰਮੁੱਖ ਬਾਜ਼ਾਰ ਗੀਤਾ ਭਵਨ ਦੀ ਗਲੀ ਵਿੱਚ ਬੁੱਧਵਾਰ ਰਾਤ ਕਰੀਬ ਸਾਢੇ 11 ਵਜੇ ਚੌਕੀਦਾਰ ’ਤੇ ਹਮਲਾ ਹੋਣ ਦੀ ਘਟਨਾ ਸਾਹਮਣੇ ਆਈ ਹੈ। ਹਮਲੇ ਵਿੱਚ ਚੌਕੀਦਾਰ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ। ਮੁੱਢਲੀ ਜਾਣਕਾਰੀ ਅਨੁਸਾਰ ਬਾਈਕ ਸਵਾਰ ਨੌਜਵਾਨਾਂ ਵੱਲੋਂ ਹਮਲਾ ਕੀਤੇ ਜਾਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਚੌਕੀਦਾਰ ਦਾ ਮੋਬਾਈਲ ਫੋਨ ਵੀ ਗਾਇਬ ਮਿਲਿਆ ਹੈ। ਘਟਨਾ ਦੇ ਵਿਰੋਧ ਵਿੱਚ ਵੀਰਵਾਰ ਸਵੇਰੇ ਗੀਤਾ ਭਵਨ ਦੀ ਗਲੀ ਵਿੱਚ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਨਹੀਂ ਖੋਲ੍ਹੀਆਂ। ਵਪਾਰੀਆਂ ਦਾ ਕਹਿਣਾ ਹੈ ਕਿ ਰਾਤ ਸਮੇਂ ਉਨ੍ਹਾਂ ਦੀਆਂ ਦੁਕਾਨਾਂ ਅਤੇ ਸਾਮਾਨ ਦੀ ਸੁਰੱਖਿਆ ਕਰਨ ਵਾਲੇ ਚੌਕੀਦਾਰ ’ਤੇ ਹਮਲਾ ਗੰਭੀਰ ਮਾਮਲਾ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬਾਕਸ ਪੁਲਿਸ ਨੇ ਸ਼ੁਰੂ ਕੀਤੀ ਜਾਂਚ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਤੁਰੰਤ ਹਰਕਤ ਵਿੱਚ ਆਈ। ਡੀਐੱਸਪੀ ਬੀਐੱਸ ਰੰਧਾਵਾ ਅਤੇ ਥਾਣਾ ਇੰਚਾਰਜ ਮੌਕੇ ’ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਿਸ ਵੱਲੋਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ। ਡੀਐੱਸਪੀ ਬੀਐੱਸ ਰੰਧਾਵਾ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਘਟਨਾ ਰਾਤ ਕਰੀਬ ਸਾਢੇ 11 ਵਜੇ ਵਾਪਰੀ। ਘਟਨਾ ਤੋਂ ਬਾਅਦ ਚੌਕੀਦਾਰ ਦਾ ਮੋਬਾਈਲ ਫੋਨ ਵੀ ਗਾਇਬ ਹੋਣ ਦੀ ਜਾਣਕਾਰੀ ਮਿਲੀ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਵੱਲੋਂ ਇਸ ਪਹਿਲੂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਸੀਸੀਟੀਵੀ ਫੁਟੇਜ ਰਾਹੀਂ ਹਮਲਾਵਰਾਂ ਦੀਆਂ ਗਤੀਵਿਧੀਆਂ ਅਤੇ ਉਨ੍ਹਾਂ ਦੇ ਆਉਣ-ਜਾਣ ਦੇ ਰਸਤੇ ਦੀ ਜਾਂਚ ਕੀਤੀ ਜਾ ਰਹੀ ਹੈ। ਬਾਈਕ ਸਵਾਰ ਨੌਜਵਾਨਾਂ ਦੀ ਪਛਾਣ ਲਈ ਵੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਹੀ ਹਮਲੇ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ। ਬਾਕਸ ਚੌਕੀਦਾਰ ਦੀ ਸੁਰੱਖਿਆ ’ਤੇ ਸਵਾਲ, ਵਪਾਰੀਆਂ ’ਚ ਰੋਸ ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਗੁਲਬਦਰ ਨੇ ਕਿਹਾ ਕਿ ਚੌਕੀਦਾਰ ਰਾਤ ਸਮੇਂ ਵਪਾਰੀਆਂ ਦੀਆਂ ਦੁਕਾਨਾਂ ਅਤੇ ਸਾਮਾਨ ਦੀ ਸੁਰੱਖਿਆ ਲਈ ਤਾਇਨਾਤ ਰਹਿੰਦੇ ਹਨ। ਅਜਿਹੇ ਵਿਅਕਤੀ ’ਤੇ ਹਮਲਾ ਹੋਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬਾਜ਼ਾਰ ਵਿੱਚ ਦੁਕਾਨਾਂ ਦੀ ਸੁਰੱਖਿਆ ਕਰਨ ਵਾਲਾ ਵਿਅਕਤੀ ਹੀ ਸੁਰੱਖਿਅਤ ਨਹੀਂ ਰਹੇਗਾ ਤਾਂ ਵਪਾਰੀ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਸਕਣਗੇ। ਵਪਾਰੀਆਂ ਨੇ ਪੁਲਿਸ ਤੋਂ ਹਮਲੇ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਕੇ ਜਲਦ ਕਾਰਵਾਈ ਕਰਨ ਅਤੇ ਘਟਨਾ ਦੀ ਪੂਰੀ ਜਾਂਚ ਕਰਨ ਦੀ ਮੰਗ ਕੀਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।