ਫਾਜ਼ਿਲਕਾ ਪਹੁੰਚਣ ’ਤੇ ਏਸ਼ੀਅਨ ਚੈਂਪੀਅਨਜ਼ ਟਰਾਫੀ ਟੂਰ ਦਾ ਨਿੱਘਾ ਸਵਾਗਤ ਫਾਜ਼ਿਲਕਾ ਪਹੁੰਚਣ ’ਤੇ ਏਸ਼ੀਅਨ ਚੈਂਪੀਅਨਜ਼ ਟਰਾਫੀ ਟੂਰ ਦਾ ਨਿੱਘਾ ਸਵਾਗਤ
Publish Date: Thu, 22 Oct 2026 04:30 PM (IST)
Updated Date: Fri, 23 Oct 2026 04:01 AM (IST)
-ਐੱਸਐੱਸਪੀ ਗਗਨ ਅਜੀਤ ਸਿੰਘ ਨੇ ਟਰਾਫੀ ਦਾ ਕੀਤਾ ਸਵਾਗਤ, ਨੌਜਵਾਨਾਂ ਨੂੰ ਹਾਕੀ ਨਾਲ ਜੁੜਨ ਲਈ ਪ੍ਰੇਰਿਆ ਨਰੇਸ਼ ਕੁਮਾਰ ਕਾਮਰਾ. ਪੰਜਾਬੀ ਜਾਗਰਣ, ਫਾਜ਼ਿਲਕਾ : ਪੰਜਾਬ ਵਿੱਚ ਹੋਣ ਵਾਲੇ ਕੌਮਾਂਤਰੀ ਹਾਕੀ ਟੂਰਨਾਮੈਂਟ ਏਸ਼ੀਅਨ ਚੈਂਪੀਅਨਜ਼ ਟਰਾਫੀ-2026 ਦੇ ਪ੍ਰਚਾਰ ਲਈ ਕੱਢਿਆ ਜਾ ਰਿਹਾ ਟਰਾਫੀ ਟੂਰ ਬੁੱਧਵਾਰ ਨੂੰ ਫਾਜ਼ਿਲਕਾ ਪਹੁੰਚਿਆ। ਇਸ ਮੌਕੇ ਘੱਲੂ ਦੇ ਖੇਡ ਸਟੇਡੀਅਮ ਵਿੱਚ ਟਰਾਫੀ ਦਾ ਨਿੱਘਾ ਸਵਾਗਤ ਕੀਤਾ ਗਿਆ। ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਟਰਾਫੀ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਲੈ ਕੇ ਫਾਜ਼ਿਲਕਾ ਪਹੁੰਚੇ ਸਨ। ਸਮਾਗਮ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਗਗਨ ਅਜੀਤ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਉਹ ਖ਼ੁਦ ਅੰਤਰਰਾਸ਼ਟਰੀ ਹਾਕੀ ਖਿਡਾਰੀ ਅਤੇ ਟੀਮ ਦੇ ਕਪਤਾਨ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਅਰਜੁਨ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਨੌਜਵਾਨਾਂ, ਖ਼ਾਸ ਕਰਕੇ ਹਾਕੀ ਨਾਲ ਜੁੜੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਖੇਡਾਂ ਵਿੱਚ ਹਿੱਸਾ ਲੈਣ ਅਤੇ ਆਪਣੀ ਪ੍ਰਤਿਭਾ ਦੇ ਦਮ ’ਤੇ ਜ਼ਿਲ੍ਹੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਨ। ਟਰਾਫੀ ਦੇ ਸਵਾਗਤ ਤੋਂ ਬਾਅਦ ਐੱਸਐੱਸਪੀ ਗਗਨ ਅਜੀਤ ਸਿੰਘ ਖੇਡ ਮੈਦਾਨ ਵਿੱਚ ਪਹੁੰਚੇ ਅਤੇ ਉੱਥੇ ਮੌਜੂਦ ਨੌਜਵਾਨ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਉਪਰੰਤ ਏਸ਼ੀਅਨ ਚੈਂਪੀਅਨਜ਼ ਟਰਾਫੀ ਨੂੰ ਅਗਲੇ ਪੜਾਅ ਲਈ ਫਿਰੋਜ਼ਪੁਰ ਜ਼ਿਲ੍ਹੇ ਦੇ ਹਵਾਲੇ ਕਰ ਦਿੱਤਾ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਵਿਕਰਮ ਸਿੰਘ ਵੀ ਮੌਜੂਦ ਸਨ। ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਏਸ਼ੀਅਨ ਚੈਂਪੀਅਨਜ਼ ਟਰਾਫੀ-2026 ਦੇ ਮੁਕਾਬਲੇ ਪੰਜਾਬ ਦੇ ਜਲੰਧਰ ਅਤੇ ਮੁਹਾਲੀ ਵਿੱਚ 27 ਅਕਤੂਬਰ ਤੋਂ 5 ਨਵੰਬਰ ਤੱਕ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦੇ ਮੌਕੇ ਪ੍ਰਦਾਨ ਕਰਨਾ ਹੈ। ਇਸੇ ਉਦੇਸ਼ ਤਹਿਤ ਸੂਬੇ ਵਿੱਚ ਲਗਾਤਾਰ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ।ਇਸ ਮੌਕੇ ਖੇਡ ਵਿਭਾਗ ਫਾਜ਼ਿਲਕਾ ਦੇ ਸੀਨੀਅਰ ਸਹਾਇਕ ਜਤਿੰਦਰ ਕੁਮਾਰ ਸਮੇਤ ਹੋਰ ਹਾਜ਼ਰ ਸਨ।