ਐਸਕੇਐਮ ਵੱਲੋਂ ਚੰਡੀਗੜ੍ਹ ਮੋਰਚਾ ਜਿੱਤ ਕੇ ਪਰਤੇ ਕਿਸਾਨ ਆਗੂਆਂ ਦਾ ਸਵਾਗਤ ਐਸਕੇਐਮ ਵੱਲੋਂ ਚੰਡੀਗੜ੍ਹ ਮੋਰਚਾ ਜਿੱਤ ਕੇ ਪਰਤੇ ਕਿਸਾਨ ਆਗੂਆਂ ਦਾ ਨਿੱਘਾ ਸਵਾਗਤ
Publish Date: Tue, 08 Sep 2026 04:34 PM (IST)
Updated Date: Tue, 08 Sep 2026 04:37 PM (IST)
ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਐਸਕੇਐਮ ਵੱਲੋਂ ਚੰਡੀਗੜ੍ਹ ਵਿੱਚ ਸ਼ੁਰੂ ਕੀਤੇ ਸੰਘਰਸ਼ ਨੂੰ ਵੱਡੀ ਜਿੱਤ ਮਿਲਣ ’ਤੇ ਫਾਜ਼ਿਲਕਾ ਪਰਤੇ ਕਿਸਾਨ ਆਗੂਆਂ ਦਾ ਮਾਹਮੂ ਜੋਈਆ ਬੱਸ ਸਟੈਂਡ ’ਤੇ ਸਵਾਗਤ ਕੀਤਾ ਗਿਆ। ਚੰਡੀਗੜ੍ਹ ਮੋਰਚੇ ’ਚ ਸ਼ਾਮਲ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਸੁਰਿੰਦਰ ਸਿੰਘ ਢੰਡੀਆਂ, ਜ਼ਿਲ੍ਹਾ ਆਗੂ ਕਾਮਰੇਡ ਕ੍ਰਿਸ਼ਨ ਧਰਮੂਵਾਲਾ, ਨੌਜਵਾਨ ਆਗੂ ਰਾਜਵਿੰਦਰ ਨਿਉਲਾ, ਜਸਬੀਰ ਸਿੰਘ ਅਤੇ ਅਜੀਤ ਸਿੰਘ ਦਾ ਸਾਥੀਆਂ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਕਾਮਰੇਡ ਸੁਰਿੰਦਰ ਸਿੰਘ ਢੰਡੀਆਂ ਨੇ ਕਿਹਾ ਕਿ ਇਹ ਕਿਸਾਨ-ਮਜ਼ਦੂਰ ਏਕਤਾ ਦੀ ਤਾਕਤ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕਿਸਾਨ ਅੰਦੋਲਨ ਦੌਰਾਨ ਹਜ਼ਾਰਾਂ ਔਕੜਾਂ ਦੇ ਬਾਵਜੂਦ 11 ਮਹੀਨਿਆਂ ਬਾਅਦ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਸੀ। ਹੁਣ ਉਸੇ ਏਕਤਾ ਅਤੇ ਜੋਸ਼ ਨਾਲ ਪੰਜਾਬ ਦੇ ਕਿਸਾਨੀ ਮਸਲਿਆਂ ਨੂੰ ਲੈ ਕੇ ਐਸਕੇਐਮ ਵੱਲੋਂ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਲਾਇਆ ਗਿਆ, ਜਿਸ ਦੇ ਤੀਜੇ ਦਿਨ ਹੀ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਸਹਿਮਤੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਕਿਸਾਨ ਅਤੇ ਲੋਕ ਮਾਰੂ ਨੀਤੀਆਂ ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਹੋਣ ਦਿੱਤੀਆਂ ਜਾਣਗੀਆਂ। ਇਸ ਮੌਕੇ ਸੀਪੀਆਈ ਦੇ ਸੂਬਾ ਕੌਂਸਲ ਮੈਂਬਰ ਕਾਮਰੇਡ ਹੰਸ ਰਾਜ ਗੋਲਡਨ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਸੂਬਾ ਪ੍ਰਧਾਨ ਪਰਮਜੀਤ ਨੇ ਕਿਹਾ ਕਿ ਕਿਸਾਨਾਂ ਦੀ ਸੂਬਾ ਪੱਧਰੀ ਇਹ ਜਿੱਤ ਵੀ ਨਵਾਂ ਇਤਿਹਾਸ ਸਿਰਜੇਗੀ। ਇਸ ਮੌਕੇ ਏਆਈਐਸਐਫ ਦੇ ਸੂਬਾ ਪ੍ਰਧਾਨ ਰਮਨ ਧਰਮੂਵਾਲਾ, ਸੀਪੀਆਈ ਬਲਾਕ ਗੁਰੂਹਰਸਹਾਇ ਦੇ ਸਕੱਤਰ ਕਾਮਰੇਡ ਰਮੇਸ਼ ਪੀਰ ਮੁਹੰਮਦ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਨਰਿੰਦਰ ਢਾਬਾਂ, ਸੀਨੀਅਰ ਆਗੂ ਗੁਰਦਿਆਲ ਢਾਬਾਂ, ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਏਟਕ ਦੇ ਜ਼ਿਲ੍ਹਾ ਸਕੱਤਰ ਸੋਨਾ ਧੁੰਨਕੀਆਂ ਅਤੇ ਪੰਜਾਬ ਇਸਤਰੀ ਸਭਾ ਦੀ ਆਗੂ ਹਰਜੀਤ ਕੌਰ ਢੰਡੀਆਂ ਸਮੇਤ ਹੋਰ ਆਗੂ ਹਾਜ਼ਰ ਸਨ।