ਜੰਗੀ ਸ਼ਹੀਦ ਦੇਸ਼ ਦੀ ਸ਼ਾਨ, ਉਨ੍ਹਾਂ ਦੇ ਪਰਿਵਾਰਾਂ ਦੀ ਸੰਭਾਲ ਸਾਡੀ ਜ਼ਿੰਮੇਵਾਰੀ: ਕੈਪਟਨ ਗੁਰਚਰਨ ਸਿੰਘ ਜੰਗੀ ਸ਼ਹੀਦ ਦੇਸ਼ ਦੀ ਸ਼ਾਨ, ਉਨ੍ਹਾਂ ਦੇ ਪਰਿਵਾਰਾਂ ਦੀ ਸੰਭਾਲ ਸਾਡੀ ਜ਼ਿੰਮੇਵਾਰੀ: ਕੈਪਟਨ ਗੁਰਚਰਨ ਸਿੰਘ
Publish Date: Mon, 14 Sep 2026 06:17 PM (IST)
Updated Date: Mon, 14 Sep 2026 06:20 PM (IST)
ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਜੰਗੀ ਸ਼ਹੀਦ ਦੇਸ਼ ਦੀ ਸ਼ਾਨ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੰਭਾਲ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੌਰਿਆ ਚੱਕਰ ਸਨਮਾਨਿਤ ਕੈਪਟਨ ਗੁਰਚਰਨ ਸਿੰਘ ਨੇ ਜੰਗੀ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਫ਼ਿਰੋਜ਼ਪੁਰ ਡਵੀਜ਼ਨ ਦੀ 10 ਜੈਕ ਲਾਈਟ ਇਨਫੈਂਟਰੀ ਦੇ ਸੀ.ਓ. ਕਰਨਲ ਕੁਮਾਰ ਰਿਸ਼ਭ ਵੱਲੋਂ ਭੇਜੀ ਗਈ ਟੀਮ ਨੇ ਸੂਬੇਦਾਰ ਮਹਿੰਦਰ ਸਿੰਘ ਦੀ ਅਗਵਾਈ ਹੇਠ ਅਤੇ ਕੈਪਟਨ ਗੁਰਚਰਨ ਸਿੰਘ ਸ਼ੌਰਿਆ ਚੱਕਰ ਦੇ ਸਹਿਯੋਗ ਨਾਲ ਜਲਾਲਾਬਾਦ ਅਤੇ ਗੁਰੂਹਰਸਹਾਏ ਇਲਾਕੇ ਨਾਲ ਸਬੰਧਤ ਜੰਗੀ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਟੀਮ ਵੱਲੋਂ ਸ਼ਹੀਦ ਪਰਿਵਾਰਾਂ ਅਤੇ ਵੀਰ ਨਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਦਰਪੇਸ਼ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਇਸ ਮੌਕੇ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਦੀਆਂ ਜਾਇਜ਼ ਮੁਸ਼ਕਲਾਂ ਦੇ ਹੱਲ ਲਈ ਹਰ ਸੰਭਵ ਸਹਿਯੋਗ ਕੀਤਾ ਜਾਵੇਗਾ। ਇਸੇ ਦੌਰਾਨ ਪਿੰਡ ਚੱਕ ਸੈਦੋਕੇ ਵਿਖੇ 1965 ਦੀ ਜੰਗ ਦੌਰਾਨ 62 ਕੈਵਲਰੀ ਦੇ ਜੰਗੀ ਸ਼ਹੀਦ ਸੂਬੇਦਾਰ ਸੰਤੋਖ ਸਿੰਘ ਦੀ ਧਰਮ ਪਤਨੀ ਅਤੇ ਵੀਰ ਮਾਤਾ ਨਾਲ ਵੀ ਮੁਲਾਕਾਤ ਕੀਤੀ ਗਈ। ਉਨ੍ਹਾਂ ਨੂੰ ਸਰਕਾਰ ਅਤੇ ਫੌਜ ਵੱਲੋਂ ਸ਼ਹੀਦ ਪਰਿਵਾਰਾਂ ਲਈ ਉਪਲਬਧ ਸਹੂਲਤਾਂ ਅਤੇ ਹੱਕਾਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਾਰੀਆਂ ਵੀਰ ਨਾਰੀਆਂ ਅਤੇ ਵਿਧਵਾਵਾਂ ਦੀ ਸੀ.ਓ. ਸਾਹਿਬ ਦੀ ਮੈਡਮ ਨਾਲ ਆਨਲਾਈਨ ਗੱਲਬਾਤ ਵੀ ਕਰਵਾਈ ਗਈ। ਆਨਲਾਈਨ ਗੱਲਬਾਤ ਦੌਰਾਨ ਮੈਡਮ ਵੱਲੋਂ ਸ਼ਹੀਦ ਪਰਿਵਾਰਾਂ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲਈ ਗਈ ਅਤੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਗਿਆ। ਕੈਪਟਨ ਗੁਰਚਰਨ ਸਿੰਘ ਨੇ ਕਿਹਾ ਕਿ ਜੰਗੀ ਸ਼ਹੀਦਾਂ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਦਿਆਂ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਸੁਣਨਾ ਅਤੇ ਉਨ੍ਹਾਂ ਨੂੰ ਬਣਦਾ ਸਨਮਾਨ ਤੇ ਸਹੂਲਤਾਂ ਦਿਵਾਉਣਾ ਸਾਰਿਆਂ ਦੀ ਜ਼ਿੰਮੇਵਾਰੀ ਹੈ।