ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਾਜ਼ਿਲਕਾ ਦੀ ਚੋਣ ਲਈ ਅੱਜ ਪੈਣਗੀਆਂ ਵੋਟਾਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਾਜ਼ਿਲਕਾ ਦੀ ਚੋਣ ਲਈ ਅੱਜ ਪੈਣਗੀਆਂ ਵੋਟਾਂ
Publish Date: Thu, 10 Sep 2026 06:55 PM (IST)
Updated Date: Fri, 11 Sep 2026 04:08 AM (IST)
ਪ੍ਰਧਾਨਗੀ ਲਈ ਗੁਲਸ਼ਨ ਮਹਰੋਕ ਤੇ ਸਿਧਾਰਥ ਖੁਰਾਣਾ ਵਿਚਾਲੇ ਸਿੱਧਾ ਮੁਕਾਬਲਾ, 384 ਵਕੀਲ ਕਰਨਗੇ ਮਤਦਾਨ ਰਿਤਿਸ਼ ਕੁੱਕੜ. ਪੰਜਾਬੀ ਜਾਗਰਣ, ਫ਼ਾਜ਼ਿਲਕਾ : ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਾਜ਼ਿਲਕਾ ਦੀਆਂ ਚੋਣਾਂ ਲਈ ਅੱਜ ਮਤਦਾਨ ਹੋਵੇਗਾ। ਪ੍ਰਧਾਨ ਦੇ ਅਹੁਦੇ ਲਈ ਗੁਲਸ਼ਨ ਮਹਰੋਕ ਅਤੇ ਸਿਧਾਰਥ ਖੁਰਾਣਾ ਵਿਚਾਲੇ ਸਿੱਧਾ ਮੁਕਾਬਲਾ ਹੈ। ਨਾਮਜ਼ਦਗੀ ਵਾਪਸੀ ਦੌਰਾਨ ਅਨਮੋਲ ਸਚਦੇਵਾ ਵੱਲੋਂ ਪ੍ਰਧਾਨ ਦੇ ਅਹੁਦੇ ਤੋਂ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈਣ ਤੋਂ ਬਾਅਦ ਇਹ ਮੁਕਾਬਲਾ ਦੋ ਉਮੀਦਵਾਰਾਂ ਵਿਚਕਾਰ ਰਹਿ ਗਿਆ ਹੈ। ਬਾਰ ਐਸੋਸੀਏਸ਼ਨ ਦੇ ਬਾਕੀ ਛੇ ਅਹੁਦਿਆਂ ’ਤੇ ਕਿਸੇ ਵੀ ਉਮੀਦਵਾਰ ਨੇ ਨਾਮਜ਼ਦਗੀ ਵਾਪਸ ਨਹੀਂ ਲਈ, ਜਿਸ ਕਾਰਨ ਹਰ ਅਹੁਦੇ ’ਤੇ ਦੋ-ਦੋ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਪ੍ਰਧਾਨ ਦੇ ਅਹੁਦੇ ਲਈ ਗੁਲਸ਼ਨ ਮਹਰੋਕ ਪਹਿਲਾਂ ਦੋ ਵਾਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਹਿ ਚੁੱਕੇ ਹਨ, ਜਦਕਿ ਸਿਧਾਰਥ ਖੁਰਾਣਾ ਵੀ ਪਹਿਲਾਂ ਚੋਣ ਲੜ ਚੁੱਕੇ ਹਨ। ਦੋਵੇਂ ਉਮੀਦਵਾਰਾਂ ਵੱਲੋਂ ਵਕੀਲਾਂ ਨਾਲ ਸੰਪਰਕ ਕਰਕੇ ਆਪਣੇ ਹੱਕ ਵਿੱਚ ਸਮਰਥਨ ਜੁਟਾਇਆ ਗਿਆ ਹੈ। ਹੁਣ ਬਾਰ ਐਸੋਸੀਏਸ਼ਨ ਦੇ 384 ਵਕੀਲ ਵੋਟਰ ਆਪਣੇ ਮਤਾਧਿਕਾਰ ਦੀ ਵਰਤੋਂ ਕਰਕੇ ਨਵੀਂ ਟੀਮ ਦੀ ਚੋਣ ਕਰਨਗੇ। ਉਪ ਪ੍ਰਧਾਨ ਦੇ ਅਹੁਦੇ ਲਈ ਪਵਨ ਕੁਮਾਰ ਅਤੇ ਸ਼ੁਭ ਸ਼ਰਮਾ, ਸਕੱਤਰ ਲਈ ਗੁਰਸੇਵਕ ਸਿੰਘ ਸਿੱਧੂ ਅਤੇ ਰਜਤ ਭੂਸਰੀ, ਸੰਯੁਕਤ ਸਕੱਤਰ ਲਈ ਸੋਨੀਆ ਖੋਖਰ ਅਤੇ ਵਿਕਰਮ ਸੋਲੰਕੀ ਅਤੇ ਖਜ਼ਾਨਚੀ ਦੇ ਅਹੁਦੇ ਲਈ ਜਗਦੀਸ਼ ਕੰਬੋਜ ਅਤੇ ਜੈਪਾਲ ਸੁਥਾਰ ਵਿਚਾਲੇ ਮੁਕਾਬਲਾ ਹੈ। ਇਸੇ ਤਰ੍ਹਾਂ ਮਹਿਲਾ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਲਈ ਮਮਤਾ ਰਾਣੀ ਅਤੇ ਰਮਨਦੀਪ ਕੌਰ ਸੰਧੂ ਅਤੇ ਸੰਯੁਕਤ ਸਕੱਤਰ-ਕਮ-ਲਾਇਬ੍ਰੇਰੀਅਨ ਦੇ ਅਹੁਦੇ ਲਈ ਪੂਰਨਿਮਾ ਬਹਲ ਅਤੇ ਰਾਗਿਨੀ ਤ੍ਰਿਪਾਠੀ ਆਹਮੋ-ਸਾਹਮਣੇ ਹਨ। ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੰਜ ਮੈਂਬਰੀ ਚੋਣ ਕਮੇਟੀ ਦਾ ਗਠਨ ਕੀਤਾ ਗਿਆ ਹੈ। ਐਡਵੋਕੇਟ ਰਾਜੇਸ਼ ਕਸਰੀਜਾ, ਐਡਵੋਕੇਟ ਰੋਹਿਤ ਵਾਟਸ, ਐਡਵੋਕੇਟ ਦਿਨੇਸ਼ ਕੁਮਾਰ, ਐਡਵੋਕੇਟ ਹਰਿੰਦਰ ਸਿੰਘ ਅਤੇ ਐਡਵੋਕੇਟ ਵਿਪਨ ਕੁਮਾਰ ਸਿੰਗਲਾ ਨੂੰ ਚੋਣ ਕਮਿਸ਼ਨਰ-ਕਮ-ਰਿਟਰਨਿੰਗ ਅਫ਼ਸਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਦੀ ਨਿਗਰਾਨੀ ਹੇਠ ਮਤਦਾਨ ਅਤੇ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਚੋਣ ਲਈ ਮਤਦਾਨ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਕਰਕੇ ਨਤੀਜੇ ਐਲਾਨੇ ਜਾਣਗੇ।