ਮੰਡੀ ਲਾਧੂਕਾ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਵਿਸ਼ਵਕਰਮਾ ਦਿਵਸ ਮੰਡੀ ਲਾਧੂਕਾ ਦੇ ਵਿਸ਼ਵਕਰਮਾ ਗੁਰਦੁਆਰਾ ਸਾਹਿਬ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਵਿਸ਼ਵਕਰਮਾ ਦਿਵਸ
Publish Date: Mon, 09 Nov 2026 05:00 PM (IST)
Updated Date: Mon, 09 Nov 2026 05:02 PM (IST)
ਜ਼ਿਲ੍ਹੇ ਸਿੰਘ.ਪੰਜਾਬੀ ਜਾਗਰਣ ਮੰਡੀ ਲਾਧੂਕਾ : ਮੰਡੀ ਲਾਧੂਕਾ ਦੇ ਵਿਸ਼ਵਕਰਮਾ ਗੁਰਦੁਆਰਾ ਸਾਹਿਬ ਵਿਖੇ ਭਗਵਾਨ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਦੋ ਦਿਨ ਪਹਿਲਾਂ ਆਰੰਭ ਕਰਵਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਉਪਰੰਤ ਕਥਾਵਾਚਕ ਰਜਿੰਦਰ ਪਾਲ ਸਿੰਘ, ਸਾਬਕਾ ਐਡੀਸ਼ਨਲ ਗ੍ਰੰਥੀ ਮੰਡੀ ਲਾਧੂਕਾ ਨੇ ਬਾਬਾ ਵਿਸ਼ਵਕਰਮਾ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਹਰੇਕ ਮਨੁੱਖ ਨੂੰ ਬਾਬਾ ਵਿਸ਼ਵਕਰਮਾ ਜੀ ਵੱਲੋਂ ਦਰਸਾਏ ਮਾਰਗ ਤੇ ਚੱਲਦਿਆਂ ਕਿਰਤ ਕਰਨੀ ਚਾਹੀਦੀ ਹੈ। ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ, ਸਗੋਂ ਹਰ ਮਨੁੱਖ ਲਈ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਨਾ ਜ਼ਰੂਰੀ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰੀ। ਅਰਦਾਸ ਗੁਰਦੁਆਰਾ ਸਿੰਘ ਸਭਾ ਦੇ ਹੈੱਡ ਗ੍ਰੰਥੀ ਭਾਈ ਰਣਜੋਧ ਸਿੰਘ ਵੱਲੋਂ ਕੀਤੀ ਗਈ। ਇਸ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਜ਼ਿਕਰਯੋਗ ਹੈ ਕਿ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਮੰਡੀ ਲਾਧੂਕਾ, ਫਤਿਹਗੜ੍ਹ, ਤਰੋਬੜੀ ਅਤੇ ਬੱਸ ਅੱਡੇ ਵਿਖੇ ਮਿਸਤਰੀ ਭਾਈਚਾਰੇ ਵੱਲੋਂ ਅਖੰਡ ਪਾਠ ਸਾਹਿਬ ਕਰਵਾਏ ਗਏ ਸਨ, ਜਿਨ੍ਹਾਂ ਦੇ ਭੋਗ ਵੀ ਅੱਜ ਪਾਏ ਗਏ। ਇਨ੍ਹਾਂ ਸਾਰੇ ਸਥਾਨਾਂ ਤੇ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਰਾਗੀ ਜਥਿਆਂ, ਢਾਡੀ ਜਥਿਆਂ ਅਤੇ ਕਥਾਵਾਚਕਾਂ ਨੇ ਗੁਰਬਾਣੀ ਕੀਰਤਨ ਅਤੇ ਕਥਾ ਰਾਹੀਂ ਸੰਗਤ ਨੂੰ ਗੁਰੂ ਜਸ ਨਾਲ ਜੋੜਿਆ। ਇਲਾਕੇ ਦੇ ਸਮੂਹ ਮਿਸਤਰੀ ਭਾਈਚਾਰੇ ਨੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਦਿਆਂ ਸੇਵਾ ਨਿਭਾਈ ਅਤੇ ਪਹੁੰਚੇ ਰਾਗੀ, ਢਾਡੀ ਜਥਿਆਂ ਅਤੇ ਕਥਾਵਾਚਕਾਂ ਦੇ ਵਿਚਾਰ ਸਰਵਣ ਕੀਤੇ।