- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਿਸ਼ਨ ਆਤਮਨਿਰਭਰਤਾ ਇਨ ਪਲਸਿਜ਼ ਤਹਿਤ ਪਿੰਡ ਅਲੀਆਣਾ ਵਿਖੇ ਇੱਕ ਰੋਜ਼ਾ ਕਿਸਾਨ ਸਿਖਲਾਈ ਕੈਂਪ ਲਗਾਇਆ

ਨਵਜੋਤ ਸਿੰਘ, ਪੰਜਾਬੀ ਜਾਗਰਣ
ਫਾਜ਼ਿਲਕਾ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਾਜ਼ਿਲਕਾ ਵੱਲੋਂ ‘ਮਿਸ਼ਨ ਆਤਮਨਿਰਭਰਤਾ ਇਨ ਪਲਸਿਜ਼’ ਤਹਿਤ ਪਿੰਡ ਅਲੀਆਣਾ ਵਿਖੇ ਇੱਕ ਰੋਜ਼ਾ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ਵਿੱਚ ਮੁੱਖ ਖੇਤੀਬਾੜੀ ਅਫ਼ਸਰ ਡਾ. ਕੁਲਵੰਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕੈਂਪ ਦਾ ਉਦੇਸ਼ ਕਿਸਾਨਾਂ ਨੂੰ ਦਾਲਾਂ ਦੀ ਵਿਗਿਆਨਕ ਕਾਸ਼ਤ, ਉਤਪਾਦਕਤਾ ਵਿੱਚ ਵਾਧਾ ਅਤੇ ਟਿਕਾਊ ਖੇਤੀ ਪ੍ਰਬੰਧਨ ਬਾਰੇ ਜਾਗਰੂਕ ਕਰਨਾ ਸੀ। ਇਸ ਦੌਰਾਨ ਡਾ. ਕੁਲਵੰਤ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਰਵਾਇਤੀ ਫ਼ਸਲਾਂ ਦੇ ਨਾਲ-ਨਾਲ ਮੂੰਗੀ ਅਤੇ ਹੋਰ ਦਾਲਾਂ ਦੀ ਕਾਸ਼ਤ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਾਲਾਂ ਦੀ ਕਾਸ਼ਤ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ ਹੁੰਦਾ ਹੈ, ਪਾਣੀ ਦੀ ਬੱਚਤ ਹੁੰਦੀ ਹੈ ਅਤੇ ਫ਼ਸਲੀ ਵਿਭਿੰਨਤਾ ਨੂੰ ਵੀ ਉਤਸ਼ਾਹ ਮਿਲਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਦਾਲਾਂ ਦੇ ਉਤਪਾਦਨ ਵਿੱਚ ਆਤਮਨਿਰਭਰ ਬਣਾਉਣ ਲਈ ਕਿਸਾਨਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ।
ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਡਾ. ਪਰਮਿੰਦਰ ਧੰਜੂ ਨੇ ਕਿਸਾਨਾਂ ਨੂੰ ਵਿਭਾਗ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਅਤੇ ਆਧੁਨਿਕ ਖੇਤੀ ਤਕਨੀਕਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨਵੀਆਂ ਤਕਨੀਕਾਂ ਅਪਣਾ ਕੇ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ। ਖੇਤੀਬਾੜੀ ਵਿਕਾਸ ਅਫ਼ਸਰ ਲਵਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਮੂੰਗੀ ਤੋਂ ਇਲਾਵਾ ਝੋਨੇ ਅਤੇ ਬਾਸਮਤੀ ਦੀ ਵਿਗਿਆਨਕ ਕਾਸ਼ਤ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਮਿੱਟੀ ਦੀ ਜਾਂਚ ਕਰਵਾਉਣ ਅਤੇ ਉਸ ਦੀ ਰਿਪੋਰਟ ਦੇ ਆਧਾਰ ’ਤੇ ਹੀ ਖਾਦਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ, ਤਾਂ ਜੋ ਉਤਪਾਦਨ ਲਾਗਤ ਘਟਾਈ ਜਾ ਸਕੇ ਅਤੇ ਮਿੱਟੀ ਦੀ ਸਿਹਤ ਵੀ ਬਰਕਰਾਰ ਰਹੇ।
ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ) ਦੇ ਡਾ. ਅਰਵਿੰਦ ਆਹਲਾਵਤ ਨੇ ਕੇਂਦਰ ਵੱਲੋਂ ਚਲਾਏ ਜਾ ਰਹੇ ਸਿਖਲਾਈ ਪ੍ਰੋਗਰਾਮਾਂ ਅਤੇ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਡਾ. ਪ੍ਰਕਾਸ਼ ਨੇ ਹਰੀ ਖਾਦਾਂ ਜਿਵੇਂ ਜੰਤਰ ਅਤੇ ਮੂੰਗੀ ਦੀ ਕਾਸ਼ਤ ਕਰਕੇ ਉਨ੍ਹਾਂ ਨੂੰ ਖੇਤ ਵਿੱਚ ਹੀ ਵਾਹੁਣ ਦੀ ਮਹੱਤਤਾ ਬਾਰੇ ਦੱਸਿਆ, ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ। ਕੈਂਪ ਦੌਰਾਨ ਕਿਸਾਨਾਂ ਨੇ ਖੇਤੀ ਮਾਹਿਰਾਂ ਨਾਲ ਸਿੱਧੀ ਗੱਲਬਾਤ ਕਰਕੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਦੇ ਮਾਹਿਰਾਂ ਨੇ ਵਿਗਿਆਨਕ ਢੰਗ ਨਾਲ ਹੱਲ ਦੱਸੇ। ਇਸ ਮੌਕੇ ਪਿੰਡ ਅਲੀਆਣਾ ਦੇ ਅਗਾਂਹਵਧੂ ਕਿਸਾਨ ਕਰਨੈਲ ਸਿੰਘ, ਪਿੰਡ ਅਲੀਆਣਾ ਅਤੇ ਚਿਰਾਗ ਢਾਣੀ ਦੇ ਸਰਪੰਚਾਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। ਕੈਂਪ ਦੇ ਅਖੀਰ ਵਿੱਚ ਮੁੱਖ ਖੇਤੀਬਾੜੀ ਅਫ਼ਸਰ ਡਾ. ਕੁਲਵੰਤ ਸਿੰਘ ਵੱਲੋਂ ਕਿਸਾਨਾਂ ਨੂੰ ਮੂੰਗੀ ਦੀਆਂ ਮਿੰਨੀ ਕਿੱਟਾਂ ਵੰਡੀਆਂ ਗਈਆਂ ਅਤੇ ਉਨ੍ਹਾਂ ਨੂੰ ਦਾਲਾਂ ਦੀ ਕਾਸ਼ਤ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।