ਸੰਸਕਾਰ ਕੇਂਦਰ ਦੀਆਂ ਅਧਿਆਪਕਾਵਾਂ ਦਾ ਦੋ ਰੋਜ਼ਾ ਸਿਖਲਾਈ ਸੰਪੰਨ ਸਰਵਹਿਤਕਾਰੀ ਵਿੱਦਿਆ ਮੰਦਰ ਵਿੱਚ ਸੰਸਕਾਰ ਕੇਂਦਰ ਦੀਆਂ ਅਧਿਆਪਕਾਵਾਂ ਦਾ ਦੋ ਰੋਜ਼ਾ ਸਿਖਲਾਈ ਵਰਗ ਸੰਪੰਨ
Publish Date: Mon, 19 Oct 2026 04:13 PM (IST)
Updated Date: Mon, 19 Oct 2026 04:15 PM (IST)
ਨਰੇਸ਼ ਕੁਮਾਰ ਕਾਮਰਾ.ਪੰਜਾਬੀ ਜਾਗਰਣ ਫਾਜ਼ਿਲਕਾ : ਸਥਾਨਕ ਸਰਵਹਿਤਕਾਰੀ ਵਿੱਦਿਆ ਮੰਦਰ, ਫਾਜ਼ਿਲਕਾ ਦੇ ਕੈਂਪਸ ਵਿੱਚ ਵਿੱਦਿਆ ਭਾਰਤੀ ਵੱਲੋਂ ਸੰਸਕਾਰ ਕੇਂਦਰਾਂ ਦੀਆਂ ਅਧਿਆਪਕਾਵਾਂ ਲਈ ਦੋ ਰੋਜ਼ਾ ਸਿਖਲਾਈ ਵਰਗ ਲਗਾਇਆ ਗਿਆ। ਇਸ ਸਿਖਲਾਈ ਵਰਗ ਦਾ ਮੁੱਖ ਉਦੇਸ਼ ਸੰਸਕਾਰ ਕੇਂਦਰਾਂ ਰਾਹੀਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਲੋੜੀਂਦੀਆਂ ਸਿੱਖਿਆ ਵਿਧੀਆਂ ਅਤੇ ਨੈਤਿਕ ਕਦਰਾਂ-ਕੀਮਤਾਂ ਬਾਰੇ ਅਧਿਆਪਕਾਵਾਂ ਨੂੰ ਸਿਖਲਾਈ ਦੇਣਾ ਸੀ। ਇਸ ਸਿਖਲਾਈ ਵਰਗ ਦੌਰਾਨ ਵਿੱਦਿਆ ਭਾਰਤੀ ਦੇ ਪੂਰਨਕਾਲੀਕ ਸਰਪ੍ਰਸਤ, ਉੱਤਰ ਖੇਤਰ ਸੰਯੋਜਕ ਅਤੇ ਹਰਿਆਣਾ ਸੇਵਾ ਵਿਭਾਗ ਪ੍ਰਮੁੱਖ ਡਾ. ਸੁਭਾਸ਼ ਸ਼ਰਮਾ, ਸੰਗਰੂਰ ਅਤੇ ਫਿਰੋਜ਼ਪੁਰ-ਫਾਜ਼ਿਲਕਾ ਬਾਰਡਰ ਵਿਭਾਗ ਦੇ ਸੰਯੋਜਕ ਸੁਰੇਸ਼ ਪਾਲ, ਸ੍ਰੀ ਮੁਕਤਸਰ ਸਾਹਿਬ ਅਤੇ ਲੁਧਿਆਣਾ ਵਿਭਾਗ ਦੇ ਸੰਯੋਜਕ ਦੇਵੇਂਦਰ, ਪ੍ਰਾਂਤ ਦੇ ਸਰੀਰਕ ਅਤੇ ਘੋਸ਼ ਸੰਯੋਜਕ ਨਰੇਸ਼ ਪਾਲ, ਸੇਵਾ ਪ੍ਰਾਂਤ ਸੰਯੋਜਕ ਸਰਦਾਰ ਕਰਮਜੀਤ ਪਰਮਾਰ ਅਤੇ ਵਿੱਦਿਆ ਮੰਦਰ ਦੇ ਪ੍ਰਬੰਧਕ ਅਸ਼ੋਕ ਮੋਂਗਾ ਤੇ ਵਿਨੋਦ ਜੁਨੇਜਾ ਨੇ ਵਿਸ਼ੇਸ਼ ਮਾਰਗਦਰਸ਼ਨ ਦਿੱਤਾ। ਇਸ ਵਰਗ ਵਿੱਚ ਫਿਰੋਜ਼ਪੁਰ ਬਾਰਡਰ ਅਤੇ ਫਾਜ਼ਿਲਕਾ ਦੀਆਂ 79 ਸੰਚਾਲਿਕਾਵਾਂ, ਚਾਰ ਬਲਾਕ ਪ੍ਰਮੁੱਖ, ਦੋ ਵਿਭਾਗ ਸੰਯੋਜਕ ਅਤੇ ਵੱਖ-ਵੱਖ ਪੱਧਰਾਂ ਦੇ ਅਧਿਕਾਰੀਆਂ ਸਮੇਤ ਕੁੱਲ 89 ਅਧਿਆਪਕਾਵਾਂ ਅਤੇ ਅਧਿਕਾਰੀਆਂ ਨੇ ਭਾਗ ਲਿਆ। ਸਿਖਲਾਈ ਵਰਗ ਦੇ ਪ੍ਰਬੰਧਾਂ ਵਿੱਚ ਵਿੱਦਿਆ ਮੰਦਰ ਦੇ 15 ਆਚਾਰੀਆਂ ਅਤੇ ਅਧਿਆਪਕਾਵਾਂ ਨੇ ਸਹਿਯੋਗ ਦਿੱਤਾ। ਦੋ ਦਿਨਾਂ ਦੌਰਾਨ ਸੰਸਕਾਰ ਕੇਂਦਰਾਂ ਦੀਆਂ ਅਧਿਆਪਕਾਵਾਂ ਨੂੰ ਬਾਲ ਵਿਕਾਸ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ, ਨੈਤਿਕ ਅਤੇ ਅਧਿਆਤਮਿਕ ਸਿੱਖਿਆ, ਸਰੀਰਕ ਸਿੱਖਿਆ, ਖੇਡ-ਖੇਡ ਵਿੱਚ ਪੜ੍ਹਾਉਣ ਦੀਆਂ ਵਿਧੀਆਂ ਅਤੇ ਬੱਚਿਆਂ ਵਿੱਚ ਚੰਗੇ ਸੰਸਕਾਰ ਪੈਦਾ ਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਸਿਖਲਾਈ ਦਾ ਉਦੇਸ਼ ਅਧਿਆਪਕਾਵਾਂ ਨੂੰ ਬੱਚਿਆਂ ਦੀਆਂ ਲੋੜਾਂ ਅਨੁਸਾਰ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਿਆ ਦੇਣ ਲਈ ਸਮਰੱਥ ਬਣਾਉਣਾ ਸੀ। ਸਮਾਪਤੀ ਸਮਾਰੋਹ ਦੌਰਾਨ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਮਧੂ ਸ਼ਰਮਾ ਨੇ ਅਧਿਆਪਕਾਵਾਂ ਨਾਲ ਸਿਖਲਾਈ ਵਰਗ ਦੌਰਾਨ ਪ੍ਰਾਪਤ ਕੀਤੇ ਤਜਰਬਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਅਧਿਆਪਕਾਵਾਂ ਨੂੰ ਸਿਖਲਾਈ ਦੌਰਾਨ ਸਿੱਖੀਆਂ ਵਿਧੀਆਂ ਨੂੰ ਆਪਣੇ ਅਧਿਆਪਨ ਕਾਰਜ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਸਿਖਲਾਈ ਵਰਗ ਵਿੱਚ ਸ਼ਾਮਲ ਹੋਏ ਸਾਰੇ ਪਤਵੰਤੇ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।