ਪਰਮਾਨੰਦ ਵਿਖਾਵਨਾ ਦੀਆਂ ਅੱਖਾਂ ਨਾਲ ਦੁਨੀਆ ਦੇਖ ਸਕਣਗੇ 2 ਨੇਤਰਹੀਣ ਆੜ੍ਹਤੀ ਪਰਮਾਨੰਦ ਵਿਖਾਵਨਾ ਦੀਆਂ ਅੱਖਾਂ ਨਾਲ ਦੁਨੀਆ ਦੇਖ ਸਕਣਗੇ 2 ਨੇਤਰਹੀਣ
Publish Date: Thu, 08 Oct 2026 04:07 PM (IST)
Updated Date: Fri, 09 Oct 2026 04:03 AM (IST)
ਨਰੇਸ਼ ਕੁਮਾਰ ਕਾਮਰਾ. ਪੰਜਾਬੀ ਜਾਗਰਣ, ਫਾਜ਼ਿਲਕਾ : ਫਾਜ਼ਿਲਕਾ ਦੀ ਦਾਵੜਾ ਗਲੀ ਵਾਸੀ ਆੜ੍ਹਤੀ ਪਰਮਾਨੰਦ ਵਿਖਾਵਨਾ (60) ਦੇ ਅਚਾਨਕ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਦੁੱਖ ਦੀ ਘੜੀ ਵਿੱਚ ਹੌਸਲਾ ਦਿਖਾਉਂਦਿਆਂ ਨੇਤਰਦਾਨ ਦਾ ਫੈਸਲਾ ਲਿਆ। ਪਰਿਵਾਰ ਦੀ ਸਹਿਮਤੀ ਤੋਂ ਬਾਅਦ ਸੋਸ਼ਲ ਵੈਲਫੇਅਰ ਸੋਸਾਇਟੀ ਫਾਜ਼ਿਲਕਾ ਦੀ ਟੀਮ ਵੱਲੋਂ ਮ੍ਰਿਤਕ ਦੀਆਂ ਅੱਖਾਂ ਸੁਰੱਖਿਅਤ ਕਰਵਾ ਕੇ ਕੌਰਨੀਆ ਪੁਨਰਜੋਤ ਆਈ ਬੈਂਕ ਸੋਸਾਇਟੀ, ਲੁਧਿਆਣਾ ਨੂੰ ਭੇਜੇ ਗਏ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਗੁਆਂਢੀ ਸੁਨੀਲ ਨੇ ਉਨ੍ਹਾਂ ਦੀ ਪਤਨੀ ਸੀਮਾ ਰਾਣੀ, ਧੀ ਪਲਕ, ਜਵਾਈ ਰਿਸ਼ਭ ਕੁਮਾਰ, ਦੂਜੀ ਧੀ ਏਸ਼ਵੀ ਅਤੇ 13 ਸਾਲਾ ਪੁੱਤਰ ਐਰਿਕ ਕੁਮਾਰ ਸਮੇਤ ਭਰਾਵਾਂ ਕੇਵਲ ਕ੍ਰਿਸ਼ਨ, ਸਦਾ ਲਾਲ, ਸੁਭਾਸ਼ ਚੰਦਰ ਅਤੇ ਰਾਜ ਕੁਮਾਰ ਨੂੰ ਨੇਤਰਦਾਨ ਲਈ ਪ੍ਰੇਰਿਤ ਕੀਤਾ। ਪਰਿਵਾਰ ਵੱਲੋਂ ਸਹਿਮਤੀ ਮਿਲਣ ਉਪਰੰਤ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸ਼ਸ਼ੀਕਾਂਤ, ਨੇਤਰਦਾਨ ਪ੍ਰੋਜੈਕਟ ਚੇਅਰਮੈਨ ਰਵੀ ਜੁਨੇਜਾ, ਜਨਰਲ ਸਕੱਤਰ ਰਾਕੇਸ਼ ਗਿਲਹੋਤਰਾ ਅਤੇ ਸਕੱਤਰ ਮੋਹਨ ਲਾਲ ਦਾਮੜੀ ਨਾਲ ਸੰਪਰਕ ਕੀਤਾ ਗਿਆ। ਸੋਸਾਇਟੀ ਦੇ ਵਫ਼ਦ ਨੇ ਤੁਰੰਤ ਮ੍ਰਿਤਕ ਦੀਆਂ ਅੱਖਾਂ ਸੁਰੱਖਿਅਤ ਕਰਵਾਈਆਂ ਅਤੇ ਕੌਰਨੀਆ ਲੁਧਿਆਣਾ ਸਥਿਤ ਆਈ ਬੈਂਕ ਨੂੰ ਭੇਜ ਦਿੱਤੇ। ਸ਼ਸ਼ੀਕਾਂਤ ਅਤੇ ਰਵੀ ਜੁਨੇਜਾ ਨੇ ਦੱਸਿਆ ਕਿ ਪਰਿਵਾਰ ਇਸ ਸਮੇਂ ਗਹਿਰੇ ਸਦਮੇ ਵਿੱਚ ਸੀ। ਇਸ ਦੇ ਬਾਵਜੂਦ ਮ੍ਰਿਤਕ ਦੀ ਪਤਨੀ ਅਤੇ ਭਰਾਵਾਂ ਨੇ ਨੇਤਰਦਾਨ ਦਾ ਫੈਸਲਾ ਲੈ ਕੇ ਮਨੁੱਖਤਾ ਦੀ ਮਿਸਾਲ ਕਾਇਮ ਕੀਤੀ। ਉਨ੍ਹਾਂ ਦੱਸਿਆ ਕਿ ਪਰਮਾਨੰਦ ਵਿਖਾਵਨਾ ਸੋਸ਼ਲ ਵੈਲਫੇਅਰ ਸੋਸਾਇਟੀ ਦੇ 453ਵੇਂ ਨੇਤਰਦਾਨੀ ਬਣੇ ਹਨ। ਇਸ ਤੋਂ ਪਹਿਲਾਂ ਸੋਸਾਇਟੀ ਵੱਲੋਂ 452 ਵਿਅਕਤੀਆਂ ਦੇ ਨੇਤਰਦਾਨ ਕਰਵਾਏ ਜਾ ਚੁੱਕੇ ਹਨ। ਸੋਸਾਇਟੀ ਅਨੁਸਾਰ ਇਨ੍ਹਾਂ ਰਾਹੀਂ 904 ਨੇਤਰਹੀਣ ਵਿਅਕਤੀਆਂ ਨੂੰ ਲਾਭ ਮਿਲ ਚੁੱਕਾ ਹੈ। ਮੌਜੂਦਾ ਨੇਤਰਦਾਨ ਤੋਂ ਕੌਰਨੀਆ ਟਰਾਂਸਪਲਾਂਟ ਰਾਹੀਂ ਹੋਰ ਨੇਤਰਹੀਣ ਵਿਅਕਤੀਆਂ ਨੂੰ ਵੀ ਨਜ਼ਰ ਮਿਲਣ ਦੀ ਉਮੀਦ ਹੈ। ਨੇਤਰ ਸੁਰੱਖਿਅਤ ਕਰਵਾਉਣ ਤੋਂ ਬਾਅਦ ਅੰਤਿਮ ਸੰਸਕਾਰ ਮੌਕੇ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਵਫ਼ਦ ਵਿੱਚ ਵਿਨੋਦ ਨਾਗਪਾਲ ਅਤੇ ਜਗਦੀਸ਼ ਸਿਰੋਵਾ ਸਮੇਤ ਮੈਂਬਰਾਂ ਨੇ ਮ੍ਰਿਤਕ ਦੀ ਦੇਹ ’ਤੇ ‘ਨੇਤਰਦਾਤਾ’ ਦੀ ਚਾਦਰ ਚੜ੍ਹਾਈ ਅਤੇ ਫੁੱਲਾਂ ਦੀ ਮਾਲਾ ਅਰਪਿਤ ਕਰਕੇ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਨੇਤਰਦਾਨ ਲਈ ਪਰਿਵਾਰ ਦਾ ਧੰਨਵਾਦ ਵੀ ਕੀਤਾ। ਸ਼ਸ਼ੀਕਾਂਤ ਅਤੇ ਰਵੀ ਜੁਨੇਜਾ ਨੇ ਕਿਹਾ ਕਿ ਮੌਤ ਤੋਂ ਬਾਅਦ ਦੇਹ ਦਾ ਸੰਸਕਾਰ ਹੋ ਜਾਂਦਾ ਹੈ ਪਰ ਨੇਤਰਦਾਨ ਰਾਹੀਂ ਕਿਸੇ ਨੇਤਰਹੀਣ ਦੀ ਜ਼ਿੰਦਗੀ ਵਿੱਚ ਰੌਸ਼ਨੀ ਲਿਆਂਦੀ ਜਾ ਸਕਦੀ ਹੈ। ਉਨ੍ਹਾਂ ਸਮਾਜ ਦੇ ਲੋਕਾਂ ਨੂੰ ਨੇਤਰਦਾਨ ਲਈ ਅੱਗੇ ਆਉਣ ਅਤੇ ਇਸ ਨੂੰ ਮਨੁੱਖਤਾ ਦੀ ਸੇਵਾ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ।