ਨਾਇਬ ਤਹਿਸੀਲਦਾਰ ਅਵਿਨਾਸ਼ ਚੰਦਰ ਨੇ ਲੜਕੀਆਂ ਦੇ ਵਿਆਹ ਲਈ ਦਿੱਤੀ ਸਹਾਇਤਾ ਨਾਇਬ ਤਹਿਸੀਲਦਾਰ ਅਵਿਨਾਸ਼ ਚੰਦਰ ਦੇ ਸਹਿਯੋਗ ਨਾਲ ਦੋ ਲੜਕੀਆਂ ਦੇ ਵਿਆਹ ਲਈ ਦਿੱਤੀ ਸਹਾਇਤਾ
Publish Date: Wed, 25 Nov 2026 05:08 PM (IST)
Updated Date: Wed, 25 Nov 2026 05:10 PM (IST)
ਭਾਰਤ ਭੂਸ਼ਣ ਸ਼ਰਮਾ, ਪੰਜਾਬੀ ਜਾਗਰਣ, ਅਬੋਹਰ : ਅਰੋੜਾ ਵਿਕਾਸ ਮੰਚ ਦੇ ਪ੍ਰਧਾਨ ਗਗਨ ਚੁੱਘ ਦੀ ਅਗਵਾਈ ਹੇਠ ਸੰਸਥਾ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਸ਼ਲਾਘਾਯੋਗ ਕਾਰਜ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਸੰਸਥਾ ਵੱਲੋਂ ਦੋ ਹੋਰ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਲਈ ਸਹਿਯੋਗ ਦਿੱਤਾ ਗਿਆ। ਸੰਸਥਾ ਦੇ ਪ੍ਰਧਾਨ ਗਗਨ ਚੁੱਘ ਨੇ ਦੱਸਿਆ ਕਿ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨੇ ਆਪਣੀਆਂ ਧੀਆਂ ਦੇ ਵਿਆਹ ਲਈ ਅਰੋੜਾ ਵਿਕਾਸ ਮੰਚ ਨਾਲ ਸੰਪਰਕ ਕੀਤਾ ਸੀ। ਪਰਿਵਾਰਾਂ ਦੀ ਸਥਿਤੀ ਬਾਰੇ ਜਾਣਕਾਰੀ ਲੈਣ ਅਤੇ ਜਾਂਚ-ਪੜਤਾਲ ਕਰਨ ਤੋਂ ਬਾਅਦ ਦੋਵਾਂ ਲੜਕੀਆਂ ਦੇ ਵਿਆਹ ਲਈ ਲੋੜੀਂਦਾ ਰਾਸ਼ਨ ਮੁਹੱਈਆ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸੇਵਾ ਕਾਰਜ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਨਾਇਬ ਤਹਿਸੀਲਦਾਰ ਅਵਿਨਾਸ਼ ਚੰਦਰ, ਉਨ੍ਹਾਂ ਦੀ ਧਰਮਪਤਨੀ ਸੁਨੀਤਾ ਰਾਣੀ ਅਤੇ ਹਰੀਫ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਮੰਚ ਦੇ ਮੈਂਬਰਾਂ ਨੇ ਸਹਿਯੋਗ ਦੇਣ ਵਾਲੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਅਤੇ ਨਵ-ਵਿਆਹੇ ਜੋੜਿਆਂ ਦੇ ਸੁਖੀ ਵਿਆਹੁਤਾ ਜੀਵਨ ਦੀ ਕਾਮਨਾ ਕੀਤੀ। ਇਸ ਮੌਕੇ ਗਗਨ ਚੁੱਘ, ਸੁਭਾਸ਼ ਡੋਡਾ, ਗੁਰਵਿੰਦਰ ਸਿੰਘ ਤਿੰਨਾ ਅਤੇ ਵਿਕਰਮ ਸਿੰਘ ਸਮੇਤ ਹੋਰ ਮੈਂਬਰ ਮੌਜੂਦ ਸਨ। ਗਗਨ ਚੁੱਘ ਨੇ ਦੱਸਿਆ ਕਿ ਇਨ੍ਹਾਂ ਦੋ ਲੜਕੀਆਂ ਸਮੇਤ ਅਰੋੜਾ ਵਿਕਾਸ ਮੰਚ ਹੁਣ ਤੱਕ ਕੁੱਲ 176 ਲੜਕੀਆਂ ਦੇ ਵਿਆਹ ਵਿੱਚ ਸਹਿਯੋਗ ਦੇ ਚੁੱਕਾ ਹੈ। ਉਨ੍ਹਾਂ ਇਸ ਸਮਾਜ ਸੇਵਾ ਦੇ ਕਾਰਜ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਸਥਾ ਭਵਿੱਖ ਵਿੱਚ ਵੀ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਯਤਨਸ਼ੀਲ ਰਹੇਗੀ।