ਵਿਧਾਇਕ ਗੋਲਡੀ ਕੰਬੋਜ ਦੀ ਟਿੱਪਣੀ ਦਾ ਵਪਾਰ ਮੰਡਲ ਵੱਲੋਂ ਵਿਰੋਧ ਵਪਾਰੀਆਂ ਬਾਰੇ ਵਿਧਾਇਕ ਗੋਲਡੀ ਕੰਬੋਜ ਦੀ ਟਿੱਪਣੀ ’ਤੇ ਵਪਾਰ ਮੰਡਲ ਵੱਲੋਂ ਵਿਰੋਧ: ਅਮਿਤ ਕਪੂਰ
Publish Date: Thu, 29 Oct 2026 04:12 PM (IST)
Updated Date: Fri, 30 Oct 2026 04:01 AM (IST)
ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਜਲਾਲਾਬਾਦ : ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਬੀਤੇ ਦਿਨ ਵਿਧਾਨ ਸਭਾ ਦੇ ਬਾਹਰ ਦਿੱਤੇ ਕਥਿਤ ਬਿਆਨ ਕਿ ‘ਬਿਜ਼ਨੈੱਸਮੈਨ ਦਾ ਕੋਈ ਦੀਨ-ਈਮਾਨ ਨਹੀਂ ਹੁੰਦਾ’, ਨੂੰ ਲੈ ਕੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਨੇ ਸਖ਼ਤ ਨਾਰਾਜ਼ਗੀ ਜਤਾਈ ਹੈ। ਵਪਾਰ ਮੰਡਲ ਦੇ ਸੂਬਾ ਪ੍ਰਧਾਨ ਅਮਿਤ ਕਪੂਰ ਨੇ ਇਸ ਟਿੱਪਣੀ ਨੂੰ ਵਪਾਰੀ ਵਰਗ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀ ਦੱਸਦਿਆਂ ਆਪਣਾ ਵਿਰੋਧ ਦਰਜ ਕਰਵਾਇਆ। ਉਨ੍ਹਾਂ ਵਪਾਰੀਆਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਖ਼ਿਲਾਫ਼ ਵੋਟ ਪਾਉਣ ਦੀ ਅਪੀਲ ਵੀ ਕੀਤੀ। ਅਮਿਤ ਕਪੂਰ ਨੇ ਕਿਹਾ ਕਿ ਵਪਾਰੀ ਵਰਗ ਆਪਣੀ ਮਿਹਨਤ, ਇਮਾਨਦਾਰੀ ਅਤੇ ਲਗਨ ਨਾਲ ਕਾਰੋਬਾਰ ਚਲਾਉਣ ਦੇ ਨਾਲ-ਨਾਲ ਲੋਕਾਂ ਨੂੰ ਰੁਜ਼ਗਾਰ ਦੇਣ ਅਤੇ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਯੋਗਦਾਨ ਪਾਉਂਦਾ ਹੈ। ਵਪਾਰੀ ਸਰਕਾਰ ਨੂੰ ਮਾਲੀਆ ਦੇਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਅਜਿਹੇ ਵਿੱਚ ਪੂਰੇ ਵਪਾਰੀ ਵਰਗ ਦੇ ਦੀਨ-ਈਮਾਨ ’ਤੇ ਸਵਾਲ ਖੜ੍ਹੇ ਕਰਨ ਵਾਲੀ ਟਿੱਪਣੀ ਨਾਲ ਕਾਰੋਬਾਰੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਜਨਤਕ ਨੁਮਾਇੰਦਿਆਂ ਨੂੰ ਜਨਤਕ ਮੰਚਾਂ ’ਤੇ ਬਿਆਨ ਦਿੰਦਿਆਂ ਆਪਣੀ ਜ਼ਿੰਮੇਵਾਰੀ ਅਤੇ ਮਰਿਆਦਾ ਦਾ ਧਿਆਨ ਰੱਖਣਾ ਚਾਹੀਦਾ ਹੈ। ਕਿਸੇ ਇੱਕ ਵਿਅਕਤੀ ਜਾਂ ਘਟਨਾ ਦੇ ਸੰਦਰਭ ਵਿੱਚ ਕਹੀ ਗਈ ਗੱਲ ਨੂੰ ਪੂਰੇ ਵਪਾਰੀ ਵਰਗ ਨਾਲ ਜੋੜਨਾ ਉਚਿਤ ਨਹੀਂ ਹੈ। ਵਪਾਰੀਆਂ ਦੀ ਮਿਹਨਤ, ਇਮਾਨਦਾਰੀ ਅਤੇ ਆਰਥਿਕ ਯੋਗਦਾਨ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਸ਼੍ਰੀ ਕਪੂਰ ਨੇ ਕਿਹਾ ਕਿ ਵਪਾਰੀ ਵਰਗ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀ ਟਿੱਪਣੀ ਪ੍ਰਤੀ ਆਪਣੀ ਨਾਰਾਜ਼ਗੀ ਲੋਕਤੰਤਰੀ ਢੰਗ ਨਾਲ ਜ਼ਾਹਰ ਕਰਨਾ ਜ਼ਰੂਰੀ ਹੈ। ਉਨ੍ਹਾਂ ਸਮੁੱਚੇ ਵਪਾਰੀ ਵਰਗ ਨੂੰ ਇਕਜੁੱਟ ਹੋ ਕੇ ਇਸ ਮੁੱਦੇ ’ਤੇ ਆਪਣੀ ਆਵਾਜ਼ ਬੁਲੰਦ ਕਰਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਵੋਟ ਪਾਉਣ ਦੀ ਅਪੀਲ ਕੀਤੀ।