ਅੱਜ ਸ਼ੋਭਾ ਯਾਤਰਾ ਤੇ ਪਾਲਕੀ ਨਾਲ ਪੰਡਾਲਾਂ ’ਚ ਵਿਰਾਜਮਾਨ ਹੋਣਗੇ ਗਣਪਤੀ ਅੱਜ ਸ਼ੋਭਾ ਯਾਤਰਾ ਤੇ ਪਾਲਕੀ ਨਾਲ ਪੰਡਾਲਾਂ ’ਚ ਵਿਰਾਜਮਾਨ ਹੋਣਗੇ ਗਣਪਤੀ
Publish Date: Sun, 13 Sep 2026 06:51 PM (IST)
Updated Date: Mon, 14 Sep 2026 04:05 AM (IST)
-ਸ਼੍ਰੀ ਰਾਮ ਸੰਕੀਰਤਨ ਮੰਦਰ ਤੇ ਚੌਧਰੀਆਂ ਗਲੀ ’ਚ ਢੋਲ ਦੀ ਥਾਪ ਨਾਲ ਹੋਵੇਗੀ ਗਣਪਤੀ ਸਥਾਪਨਾ, 10 ਦਿਨਾਂ ਤਕ ਚੱਲਣਗੇ ਧਾਰਮਿਕ ਸਮਾਗਮ ਰਿਤਿਸ਼ ਕੁੱਕੜ, ਪੰਜਾਬੀ ਜਾਗਰਣ, ਫਾਜ਼ਿਲਕਾ : ਗਣੇਸ਼ ਮਹੋਤਸਵ ਨੂੰ ਲੈ ਕੇ ਫਾਜ਼ਿਲਕਾ ਸ਼ਹਿਰ ਵਿੱਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਗਲੀਆਂ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਹੈ। ਸੋਮਵਾਰ ਨੂੰ ਸ਼ੋਭਾ ਯਾਤਰਾ ਅਤੇ ਪਾਲਕੀ ਦੇ ਨਾਲ ਗਣਪਤੀ ਮਹਾਰਾਜ ਵੱਖ-ਵੱਖ ਪੰਡਾਲਾਂ ਵਿੱਚ ਵਿਰਾਜਮਾਨ ਹੋਣਗੇ। ਗਣਪਤੀ ਸਥਾਪਨਾ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਰ ਸ਼ਹਿਰ ਵਿੱਚ ਕਰੀਬ 12 ਥਾਵਾਂ ’ਤੇ ਵੱਡੇ ਪੱਧਰ ’ਤੇ ਗਣੇਸ਼ ਮਹੋਤਸਵ ਕਰਵਾਇਆ ਜਾ ਰਿਹਾ ਹੈ, ਜਦਕਿ 30 ਤੋਂ 35 ਦੇ ਕਰੀਬ ਘਰਾਂ ਵਿੱਚ ਵੀ ਗਣਪਤੀ ਮਹਾਰਾਜ ਦੀ ਸਥਾਪਨਾ ਕੀਤੀ ਜਾਵੇਗੀ। ਸ਼੍ਰੀ ਰਾਮ ਸੰਕੀਰਤਨ ਮੰਦਰ ਦੇ ਪ੍ਰਧਾਨ ਸਤਪਾਲ ਉਬਵੇਜਾ ਅਤੇ ਉਤਸਵ ਇੰਚਾਰਜ ਪੰਡਿਤ ਨੱਥੂ ਰਾਮ ਸ਼ਰਮਾ ਨੇ ਦੱਸਿਆ ਕਿ ਸੋਮਵਾਰ ਨੂੰ ਗਣਪਤੀ ਮਹਾਰਾਜ ਦੀ ਮੂਰਤੀ ਨੂੰ ਸ਼ੋਭਾ ਯਾਤਰਾ ਅਤੇ ਪਾਲਕੀ ਰਾਹੀਂ ਢੋਲ ਦੀ ਥਾਪ ’ਤੇ ਝੂਮਦੇ ਸ਼ਰਧਾਲੂਆਂ ਦੀ ਮੌਜੂਦਗੀ ਵਿੱਚ ਮੰਦਰ ਦੇ ਪੰਡਾਲ ਵਿੱਚ ਵਿਰਾਜਮਾਨ ਕੀਤਾ ਜਾਵੇਗਾ। ਇਸ ਉਪਰੰਤ ਸ਼ਾਮ 7 ਵਜੇ ਮੰਦਰ ਦੇ ਪੁਜਾਰੀ ਚਿਮਨ ਲਾਲ ਸ਼ਰਮਾ ਅਤੇ ਰਾਜੇਸ਼ ਸ਼ਰਮਾ ਵੱਲੋਂ ਵਿਧੀਵਤ ਪੂਜਨ ਕਰਵਾਇਆ ਜਾਵੇਗਾ। ਰਾਤ ਨੂੰ ਭਜਨ ਸੰਕੀਰਤਨ ਦਾ ਆਯੋਜਨ ਹੋਵੇਗਾ। ਉਨ੍ਹਾਂ ਦੱਸਿਆ ਕਿ ਮਹੋਤਸਵ ਦੌਰਾਨ ਰੋਜ਼ਾਨਾ ਵੱਖ-ਵੱਖ ਭਜਨ ਮੰਡਲੀਆਂ ਵੱਲੋਂ ਰਾਤ 9 ਵਜੇ ਤੋਂ ਸਵਾ 10 ਵਜੇ ਤੱਕ ਭਜਨ ਸੰਕੀਰਤਨ ਕੀਤਾ ਜਾਵੇਗਾ। ਸੰਕੀਰਤਨ ਉਪਰੰਤ ਸ਼ਰਧਾਲੂਆਂ ਨੂੰ ਪ੍ਰਸਾਦ ਵੰਡਿਆ ਜਾਵੇਗਾ। ਗਣੇਸ਼ ਮਹੋਤਸਵ ਨੂੰ ਲੈ ਕੇ ਸ਼੍ਰੀ ਰਾਮ ਸੰਕੀਰਤਨ ਮੰਦਰ ਨੂੰ ਵੀ ਰੰਗ-ਬਿਰੰਗੀਆਂ ਲਾਈਟਾਂ ਨਾਲ ਖੂਬਸੂਰਤੀ ਨਾਲ ਸਜਾਇਆ ਗਿਆ ਹੈ। ਇਸੇ ਤਰ੍ਹਾਂ ਰਿੱਧੀ-ਸਿੱਧੀ ਗਣੇਸ਼ ਮੰਡਲੀ ਫਾਜ਼ਿਲਕਾ ਵੱਲੋਂ ਚੌਧਰੀਆਂ ਗਲੀ ਵਿੱਚ ਕਰਵਾਏ ਜਾ ਰਹੇ ਗਣੇਸ਼ ਮਹੋਤਸਵ ਨੂੰ ਲੈ ਕੇ ਪੂਰੀ ਗਲੀ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਹੈ। ਇੱਥੇ ਸੁੰਦਰ ਪੰਡਾਲ ਤਿਆਰ ਕੀਤਾ ਗਿਆ ਹੈ। ਫਰਸ਼ ਨੰਬਰ 14 ਵਿੱਚ ਹੋਣ ਵਾਲੇ ਗਣੇਸ਼ ਮਹੋਤਸਵ ਲਈ ਵੀ ਪੰਡਾਲ ਦੀ ਸਜਾਵਟ ਮੁਕੰਮਲ ਕਰ ਲਈ ਗਈ ਹੈ। ਇਨ੍ਹਾਂ ਪੰਡਾਲਾਂ ਵਿੱਚ ਗਣਪਤੀ ਸਥਾਪਨਾ ਤੋਂ ਬਾਅਦ ਅਗਲੇ 10 ਦਿਨਾਂ ਤੱਕ ਧਾਰਮਿਕ ਸਮਾਗਮ ਕਰਵਾਏ ਜਾਣਗੇ। ਇਨ੍ਹਾਂ ਥਾਵਾਂ ’ਤੇ ਵਿਰਾਜਮਾਨ ਹੋਣਗੇ ਗਣਪਤੀ ਫਾਜ਼ਿਲਕਾ ਦੇ ਸਿੱਧ ਸ਼੍ਰੀ ਰਾਮ ਮੰਦਰ, ਸਾਈਕਲ ਬਾਜ਼ਾਰ, ਗਊਸ਼ਾਲਾ ਰੋਡ, ਘੰਟਾਘਰ ਨੇੜੇ, ਰਾਜਾ ਸਿਨੇਮਾ ਰੋਡ, ਬੀਕਾਨੇਰੀ ਰੋਡ, ਕਾਂਫੀ ਸਕੂਲ ਰੋਡ, ਫਰਸ਼ ਨੰਬਰ 14, ਚੌਧਰੀਆਂ ਗਲੀ, ਜੈਨ ਗਲੀ ਸਮੇਤ ਹੋਰ ਥਾਵਾਂ ’ਤੇ ਗਣਪਤੀ ਮਹਾਰਾਜ ਦੀ ਸਥਾਪਨਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਆਪਣੇ ਘਰਾਂ ਵਿੱਚ ਵੀ ਗਣਪਤੀ ਜੀ ਨੂੰ ਵਿਰਾਜਮਾਨ ਕਰਨਗੇ। ਕਰੀਬ 10 ਦਿਨਾਂ ਤੱਕ ਸ਼ਹਿਰ ਦੇ ਵੱਖ-ਵੱਖ ਪੰਡਾਲਾਂ ਵਿੱਚ ਸਵੇਰੇ-ਸ਼ਾਮ ਪੂਜਾ, ਭਜਨ ਸੰਕੀਰਤਨ ਅਤੇ ਆਰਤੀ ਦਾ ਦੌਰ ਚੱਲੇਗਾ। ਮਹੋਤਸਵ ਦੇ ਸਮਾਪਤੀ ਮੌਕੇ 24 ਸਤੰਬਰ ਨੂੰ ਸ਼ੋਭਾ ਯਾਤਰਾਵਾਂ ਕੱਢ ਕੇ ਗਣਪਤੀ ਮਹਾਰਾਜ ਦੀਆਂ ਮੂਰਤੀਆਂ ਦਾ ਵਿਸਰਜਨ ਕੀਤਾ ਜਾਵੇਗਾ।