
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅੱਜ 23 ਅਗਸਤ ਨੂੰ ਆਸਫਵਾਲਾ ਸ਼ਹੀਦੀ ਸਮਾਰਕ ਵਿਖੇ ਹੋਵੇਗਾ ‘ਰੱਖੜੀ ਸਰਹੱਦ ਦੇ ਨਾਮ—ਰਾਸ਼ਟਰ ਰੱਖਿਆ ਦਾ ਸਨਮਾਨ, ਭੈਣਾਂ ਦਾ ਅਭਿਮਾਨ’ ਪ੍ਰੋਗਰਾਮ: ਕਰਨ ਗਿਲਹੋਤਰਾ

ਰਿਤਿਸ਼ ਕੁੱਕੜ.ਪੰਜਾਬੀ ਜਾਗਰਣ
ਫਾਜ਼ਿਲਕਾ : ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਦਿਨ-ਰਾਤ ਡਟੇ ਰਹਿਣ ਵਾਲੇ ਵੀਰ ਜਵਾਨਾਂ ਪ੍ਰਤੀ ਸਤਿਕਾਰ ਅਤੇ ਕ੍ਰਿਤਜਤਾ ਪ੍ਰਗਟ ਕਰਨ ਲਈ ਫਾਜ਼ਿਲਕਾ ਦੀ ਵੁਮੈਨ ਵੈਲਫੇਅਰ ਸੋਸਾਇਟੀ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ। ਸੋਸਾਇਟੀ ਦੀਆਂ ਮਹਿਲਾ ਮੈਂਬਰਾਂ ਵੱਲੋਂ ਇਸ ਵਾਰ 1100 ਵਿਸ਼ੇਸ਼ ਰੱਖੜੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜੋ ਅੱਜ 23 ਅਗਸਤ ਨੂੰ ਹੋਣ ਵਾਲੇ ਵਿਸ਼ੇਸ਼ ਪ੍ਰੋਗਰਾਮ ਦੌਰਾਨ ਸਰਹੱਦ ’ਤੇ ਤਾਇਨਾਤ ਵੀਰ ਜਵਾਨਾਂ ਨੂੰ ਸਮਰਪਿਤ ਕੀਤੀਆਂ ਜਾਣਗੀਆਂ। ਇਹ ਪ੍ਰੋਗਰਾਮ ‘ਰੱਖੜੀ ਸਰਹੱਦ ਦੇ ਨਾਮ-ਰਾਸ਼ਟਰ ਰੱਖਿਆ ਦਾ ਸਨਮਾਨ, ਭੈਣਾਂ ਦਾ ਅਭਿਮਾਨ’ ਦੇ ਨਾਮ ਹੇਠ 23 ਅਗਸਤ ਨੂੰ ਸਵੇਰੇ 9:30 ਵਜੇ ਆਸਫਵਾਲਾ ਸ਼ਹੀਦੀ ਸਮਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਪ੍ਰੋਗਰਾਮ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਪ੍ਰੋਗਰਾਮ ਨੂੰ ਲੈ ਕੇ ਪ੍ਰਬੰਧਕਾਂ ਵੱਲੋਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਅਤੇ ਸਮਾਰਕ ਵਿਖੇ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਰਨ ਗਿਲਹੋਤਰਾ ਨੇ ਦੱਸਿਆ ਕਿ ਵੁਮੈਨ ਵੈਲਫੇਅਰ ਸੋਸਾਇਟੀ ਦੀਆਂ ਮਹਿਲਾ ਮੈਂਬਰਾਂ ਵੱਲੋਂ ਰੱਖੜੀਆਂ ਤਿਆਰ ਕਰਨ ਦਾ ਕੰਮ ਪੂਰੇ ਉਤਸ਼ਾਹ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਇਸ ਉਪਰਾਲੇ ਨੂੰ ਸਿਰਫ਼ ਇੱਕ ਸਮਾਜਿਕ ਗਤੀਵਿਧੀ ਵਜੋਂ ਨਹੀਂ, ਸਗੋਂ ਦੇਸ਼ ਦੀ ਰੱਖਿਆ ਲਈ ਆਪਣੀਆਂ ਜ਼ਿੰਦਗੀਆਂ ਸਮਰਪਿਤ ਕਰਨ ਵਾਲੇ ਜਵਾਨਾਂ ਪ੍ਰਤੀ ਸਨਮਾਨ ਪ੍ਰਗਟ ਕਰਨ ਦੇ ਮੌਕੇ ਵਜੋਂ ਦੇਖ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਰੱਖੜੀ ਭਾਰਤੀ ਪਰੰਪਰਾ ਵਿੱਚ ਭੈਣ-ਭਰਾ ਦੇ ਪਿਆਰ ਅਤੇ ਸੁਰੱਖਿਆ ਦੇ ਰਿਸ਼ਤੇ ਦਾ ਪ੍ਰਤੀਕ ਮੰਨੀ ਜਾਂਦੀ ਹੈ। ਇਸੇ ਭਾਵਨਾ ਨੂੰ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਜਵਾਨਾਂ ਨਾਲ ਜੋੜਦਿਆਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਸਰਹੱਦ ’ਤੇ ਤਾਇਨਾਤ ਜਵਾਨ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਦੇਸ਼ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ। ਅਜਿਹੇ ਵਿੱਚ ਉਨ੍ਹਾਂ ਲਈ ਤਿਆਰ ਕੀਤੀ ਜਾ ਰਹੀ ਹਰ ਰੱਖੜੀ ਭੈਣਾਂ ਦੇ ਪਿਆਰ, ਸਤਿਕਾਰ ਅਤੇ ਕ੍ਰਿਤਜਤਾ ਦਾ ਸੰਦੇਸ਼ ਦੇਵੇਗੀ। ਪ੍ਰਬੰਧਕਾਂ ਮੁਤਾਬਕ 23 ਅਗਸਤ ਦੇ ਸਮਾਗਮ ਦੀਆਂ ਤਿਆਰੀਆਂ ਅੰਤਿਮ ਪੜਾਅ ਵਿੱਚ ਹਨ। ਆਸਫਵਾਲਾ ਸ਼ਹੀਦੀ ਸਮਾਰਕ ਵਿਖੇ ਹੋਣ ਵਾਲੇ ਇਸ ਪ੍ਰੋਗਰਾਮ ਨੂੰ ਲੈ ਕੇ ਪ੍ਰਬੰਧਕਾਂ ਵੱਲੋਂ ਸਾਰੀਆਂ ਤਿਆਰੀਆਂ ਨੂੰ ਸੁਚੱਜੇ ਢੰਗ ਨਾਲ ਪੂਰਾ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਦੌਰਾਨ 1100 ਰੱਖੜੀਆਂ ਰਾਹੀਂ ਸਰਹੱਦ ’ਤੇ ਤਾਇਨਾਤ ਜਵਾਨਾਂ ਨੂੰ ਇਹ ਸੰਦੇਸ਼ ਦਿੱਤਾ ਜਾਵੇਗਾ ਕਿ ਦੇਸ਼ ਦੀਆਂ ਭੈਣਾਂ ਉਨ੍ਹਾਂ ਦੀ ਸੇਵਾ, ਹਿੰਮਤ ਅਤੇ ਕੁਰਬਾਨੀ ਨੂੰ ਸਲਾਮ ਕਰਦੀਆਂ ਹਨ।