ਦੀਵਾਲੀ ’ਤੇ ਰਾਤ 8 ਤੋਂ 10 ਵਜੇ ਤੱਕ ਹੀ ਚਲਾ ਸਕਣਗੇ ਪਟਾਖੇ ਤਿਉਹਾਰਾਂ ਮੌਕੇ ਪਟਾਖੇ ਚਲਾਉਣ ਲਈ ਸਮਾਂ ਨਿਰਧਾਰਿਤ, ਦੀਵਾਲੀ ’ਤੇ ਰਾਤ 8 ਤੋਂ 10 ਵਜੇ ਤੱਕ ਹੀ ਚਲਾ ਸਕਣਗੇ ਪਟਾਖੇ
Publish Date: Sat, 24 Oct 2026 03:39 PM (IST)
Updated Date: Sat, 24 Oct 2026 03:40 PM (IST)
ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕਾ : ਜ਼ਿਲ੍ਹਾ ਫਾਜ਼ਿਲਕਾ ਵਿੱਚ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਅਮਰਪ੍ਰੀਤ ਕੌਰ ਸੰਧੂ ਨੇ ਪਟਾਖੇ ਚਲਾਉਣ ਲਈ ਸਮਾਂ ਨਿਰਧਾਰਿਤ ਕੀਤਾ ਹੈ। ਉਨ੍ਹਾਂ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਸੁਪਰੀਮ ਕੋਰਟ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਗਰੀਨ ਪਟਾਖੇ ਚਲਾਉਣ ਦੀ ਅਪੀਲ ਕੀਤੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹਦਾਇਤਾਂ ਅਨੁਸਾਰ 8 ਨਵੰਬਰ 2026 ਨੂੰ ਦੀਵਾਲੀ ਮੌਕੇ ਰਾਤ 8 ਵਜੇ ਤੋਂ 10 ਵਜੇ ਤੱਕ ਪਟਾਖੇ ਚਲਾਏ ਜਾ ਸਕਣਗੇ। ਇਸੇ ਤਰ੍ਹਾਂ 24 ਨਵੰਬਰ ਨੂੰ ਗੁਰਪੁਰਬ ਮੌਕੇ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ 10 ਵਜੇ ਤੱਕ ਪਟਾਖੇ ਚਲਾਉਣ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਕ੍ਰਿਸਮਸ ਮੌਕੇ 25 ਅਤੇ 26 ਦਸੰਬਰ ਦੀ ਦਰਮਿਆਨੀ ਰਾਤ ਨੂੰ ਰਾਤ 11:55 ਵਜੇ ਤੋਂ ਅਗਲੇ ਦਿਨ ਸਵੇਰੇ 12:30 ਵਜੇ ਤੱਕ ਪਟਾਖੇ ਚਲਾਉਣ ਦੀ ਇਜਾਜ਼ਤ ਹੋਵੇਗੀ। ਇਸੇ ਤਰ੍ਹਾਂ ਨਵੇਂ ਸਾਲ ਮੌਕੇ 31 ਦਸੰਬਰ ਅਤੇ 1 ਜਨਵਰੀ ਦੀ ਦਰਮਿਆਨੀ ਰਾਤ ਨੂੰ ਰਾਤ 11:55 ਵਜੇ ਤੋਂ ਸਵੇਰੇ 12:55 ਵਜੇ ਤੱਕ ਪਟਾਖੇ ਚਲਾਉਣ ਦਾ ਸਮਾਂ ਤੈਅ ਕੀਤਾ ਗਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਦੀਵਾਲੀ, ਗੁਰਪੁਰਬ, ਕ੍ਰਿਸਮਸ ਅਤੇ ਨਵੇਂ ਸਾਲ ਵਰਗੇ ਤਿਉਹਾਰਾਂ ਦੌਰਾਨ ਲੋਕਾਂ ਵੱਲੋਂ ਪਟਾਖਿਆਂ ਅਤੇ ਆਤਿਸ਼ਬਾਜ਼ੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਸ਼ੋਰ ਅਤੇ ਹਵਾ ਪ੍ਰਦੂਸ਼ਣ ਵਧਣ ਦੇ ਨਾਲ-ਨਾਲ ਅੱਗ ਲੱਗਣ ਦੀਆਂ ਘਟਨਾਵਾਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਇਸ ਲਈ ਲੋਕਾਂ ਦੀ ਸੁਰੱਖਿਆ ਅਤੇ ਵਾਤਾਵਰਨ ਦੀ ਸੰਭਾਲ ਨੂੰ ਧਿਆਨ ਵਿੱਚ ਰੱਖਦਿਆਂ ਪਟਾਖਿਆਂ ਦੀ ਵਰਤੋਂ ਨੂੰ ਨਿਯਮਤ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੌਰਾਨ ਗੈਰ-ਕਾਨੂੰਨੀ ਵਿਸਫੋਟਕ ਸਮੱਗਰੀ ਦੇ ਨਿਰਮਾਣ, ਭੰਡਾਰਨ, ਵਿਕਰੀ ਅਤੇ ਵਰਤੋਂ ਨੂੰ ਰੋਕਣਾ ਵੀ ਲਾਜ਼ਮੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਿਤ ਸਮੇਂ ਦੀ ਪਾਲਣਾ ਕਰਨ ਅਤੇ ਸੁਰੱਖਿਅਤ ਤੇ ਪ੍ਰਦੂਸ਼ਣ ਰਹਿਤ ਤਿਉਹਾਰ ਮਨਾਉਣ ਲਈ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ।