ਜਨਗਣਨਾ 2027 ਦੇ ਦੂਜੇ ਫੇਜ਼ ਸਬੰਧੀ ਫੀਲਡ ਟ੍ਰੇਨਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਮੁਕੰਮਲ ਜਨਗਣਨਾ 2027 ਦੇ ਦੂਜੇ ਫੇਜ਼ ਸਬੰਧੀ ਫੀਲਡ ਟ੍ਰੇਨਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਮੁਕੰਮਲ
Publish Date: Wed, 23 Sep 2026 05:21 PM (IST)
Updated Date: Wed, 23 Sep 2026 05:24 PM (IST)
ਰਮਨ ਕੁਮਾਰ.ਪੰਜਾਬੀ ਜਾਗਰਣ ਫਾਜ਼ਿਲਕਾ : ਜਨਗਣਨਾ 2027 ਦੇ ਦੂਜੇ ਫੇਜ਼ ਨੂੰ ਸੁਚਾਰੂ, ਸਹੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਵਿੱਚ ਲਿਆਉਣ ਲਈ ਜ਼ਿਲ੍ਹਾ ਫਾਜ਼ਿਲਕਾ ਵਿੱਚ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਮਨਦੀਪ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਨਗਣਨਾ 2027 ਦੇ ਦੂਜੇ ਫੇਜ਼ ਤਹਿਤ ਆਬਾਦੀ ਦੀ ਗਣਨਾ ਸਬੰਧੀ ਫੀਲਡ ਟ੍ਰੇਨਰਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਮੁਕੰਮਲ ਹੋਈ। 21 ਤੋਂ 23 ਸਤੰਬਰ ਤੱਕ ਚੱਲੀ ਇਸ ਟ੍ਰੇਨਿੰਗ ਦੌਰਾਨ ਜਨਗਣਨਾ ਵਿਭਾਗ ਚੰਡੀਗੜ੍ਹ ਤੋਂ ਆਏ ਜੁਆਇੰਟ ਡਾਇਰੈਕਟਰ ਸ੍ਰੀ ਆਰ.ਪੀ. ਸਿੰਘ, ਜਨਗਣਨਾ ਕੋਆਰਡੀਨੇਟਰ ਫਾਜ਼ਿਲਕਾ ਸ੍ਰੀ ਕਾਰਤਿਕ ਆਰਿਆ ਅਤੇ ਚੰਡੀਗੜ੍ਹ ਤੋਂ ਸਿਖਲਾਈ ਪ੍ਰਾਪਤ ਕਰਕੇ ਆਏ ਮਾਸਟਰ ਟ੍ਰੇਨਰ ਤੇ ਫਾਜ਼ਿਲਕਾ ਦੇ ਲੈਕਚਰਾਰ ਸ੍ਰੀ ਸੰਦੀਪ ਅਨੇਜਾ ਵੱਲੋਂ 40 ਫੀਲਡ ਟ੍ਰੇਨਰਾਂ ਨੂੰ ਸਿਖਲਾਈ ਦਿੱਤੀ ਗਈ। ਇਸ ਦੌਰਾਨ ਜਨਗਣਨਾ ਮੁੱਖ ਦਫ਼ਤਰ ਚੰਡੀਗੜ੍ਹ ਵੱਲੋਂ ਜ਼ਿਲ੍ਹੇ ਲਈ ਨਿਯੁਕਤ ਸਾਰੇ ਫੀਲਡ ਟ੍ਰੇਨਰਾਂ ਨੂੰ ਟ੍ਰੇਨਿੰਗ ਕਿੱਟਾਂ ਵੀ ਮੁਹੱਈਆ ਕਰਵਾਈਆਂ ਗਈਆਂ, ਤਾਂ ਜੋ ਉਹ ਅੱਗੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਵਿਸਥਾਰਪੂਰਵਕ ਅਤੇ ਪ੍ਰਭਾਵਸ਼ਾਲੀ ਸਿਖਲਾਈ ਦੇ ਸਕਣ। ਵਧੀਕ ਡਿਪਟੀ ਕਮਿਸ਼ਨਰ (ਜ) ਕਮ ਜ਼ਿਲ੍ਹਾ ਜਨਗਣਨਾ ਅਫ਼ਸਰ ਡਾ. ਮਨਦੀਪ ਕੌਰ ਨੇ 40 ਫੀਲਡ ਟ੍ਰੇਨਰਾਂ ਨੂੰ ਟ੍ਰੇਨਿੰਗ ਕਿੱਟਾਂ ਵੰਡਦਿਆਂ ਹਦਾਇਤ ਕੀਤੀ ਕਿ ਜਨਗਣਨਾ 2027 ਦੇ ਦੂਜੇ ਫੇਜ਼ ਨਾਲ ਸਬੰਧਤ ਕੰਮਾਂ ਵਿੱਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਨਾ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਸਾਰੀਆਂ ਡਿਊਟੀਆਂ ਅਤੇ ਜ਼ਿੰਮੇਵਾਰੀਆਂ ਪੂਰੀ ਨਿਸ਼ਠਾ, ਸਾਵਧਾਨੀ ਅਤੇ ਨਿਰਧਾਰਤ ਸਮੇਂ ਅਨੁਸਾਰ ਨਿਭਾਈਆਂ ਜਾਣ। ਟ੍ਰੇਨਿੰਗ ਦੇ ਤੀਜੇ ਅਤੇ ਆਖਰੀ ਦਿਨ ਫੀਲਡ ਟ੍ਰੇਨਰਾਂ ਨੂੰ ਵੱਖ-ਵੱਖ ਤਕਨੀਕੀ ਅਤੇ ਪ੍ਰਸ਼ਾਸਕੀ ਪੱਖਾਂ ਬਾਰੇ ਵਿਸਥਾਰਪੂਰਵਕ ਪ੍ਰੈਕਟੀਕਲ ਸਿਖਲਾਈ ਦਿੱਤੀ ਗਈ। ਇਸ ਦੌਰਾਨ ਫੀਲਡ ਟ੍ਰੇਨਰਾਂ ਨੇ ਫੀਲਡ ਵਿੱਚ ਜਾ ਕੇ ਮੋਬਾਈਲ ਐਪ ਰਾਹੀਂ ਡਾਟਾ ਦਰਜ ਕਰਨ ਦੀ ਪ੍ਰੈਕਟਿਸ ਵੀ ਕੀਤੀ। ਜਨਗਣਨਾ ਵਿਭਾਗ ਚੰਡੀਗੜ੍ਹ ਤੋਂ ਆਏ ਜੁਆਇੰਟ ਡਾਇਰੈਕਟਰ ਸ੍ਰੀ ਆਰ.ਪੀ. ਸਿੰਘ ਨੇ ਟ੍ਰੇਨਿੰਗ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਆਬਾਦੀ ਦੀ ਗਣਨਾ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 4 ਜਨਵਰੀ 2027 ਨੂੰ ਸ਼ਾਮ 6 ਵਜੇ ਤੋਂ ਰਾਤ 12 ਵਜੇ ਤੱਕ ਬੇਘਰੇ ਲੋਕਾਂ ਦੀ ਗਣਨਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲੇ ਫੇਜ਼ ਦੀ ਤਰ੍ਹਾਂ ਇਸ ਵਾਰ ਵੀ ਸੈਲਫ਼-ਇਨਯੂਮਰੇਸ਼ਨ ਦੀ ਸਹੂਲਤ ਉਪਲਬਧ ਰਹੇਗੀ ਅਤੇ ਜਨਗਣਨਾ ਦੀ ਪੂਰੀ ਪ੍ਰਕਿਰਿਆ ਡਿਜੀਟਲ ਮੋਡ ਰਾਹੀਂ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ 16 ਤੋਂ 30 ਨਵੰਬਰ 2026 ਤੱਕ 15 ਦਿਨਾਂ ਲਈ ਪੋਰਟਲ ਖੋਲ੍ਹਿਆ ਜਾਵੇਗਾ, ਜਿਸ ਰਾਹੀਂ ਲੋਕ ਆਪਣੇ ਪਰਿਵਾਰ ਨਾਲ ਸਬੰਧਤ ਜਾਣਕਾਰੀ ਖੁਦ ਆਨਲਾਈਨ ਦਰਜ ਕਰ ਸਕਣਗੇ। ਇਸ ਮੌਕੇ ਡਿਪਟੀ ਈ.ਐਸ.ਏ.-ਕਮ-ਵਧੀਕ ਜ਼ਿਲ੍ਹਾ ਜਨਗਣਨਾ ਅਫ਼ਸਰ ਲਖਵਿੰਦਰ ਸਿੰਘ, ਅਮਨ ਗਿਰਧਰ, ਸੁਰਿੰਦਰ ਕੰਬੋਜ, ਰਾਕੇਸ਼, ਜ਼ਿਲ੍ਹਾ ਜਨਗਣਨਾ ਸੈੱਲ ਤੋਂ ਵਿਵੇਕ ਕਟਾਰੀਆ, ਅਸ਼ੀਸ਼ ਗੁੰਬਰ ਅਤੇ ਵਰਿੰਦਰ ਨਾਰੰਗ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।