22 ਨਵੰਬਰ ਨੂੰ ਅਬੋਹਰ ਦੀਆਂ ਸੜਕਾਂ ’ਤੇ ਦੌੜਨਗੇ ਹਜ਼ਾਰਾਂ ਦੌੜਾਕ 22 ਨਵੰਬਰ ਨੂੰ ਅਬੋਹਰ ਦੀਆਂ ਸੜਕਾਂ ’ਤੇ ਦੌੜਨਗੇ ਹਜ਼ਾਰਾਂ ਦੌੜਾਕ, ਜਾਖੜ ਟਰੱਸਟ ਵੱਲੋਂ ਮੁੜ ਕਰਵਾਈ ਜਾਵੇਗੀ ਅਬੋਹਰ ਮੈਰਾਥਨ
Publish Date: Thu, 19 Nov 2026 06:40 PM (IST)
Updated Date: Fri, 20 Nov 2026 04:07 AM (IST)
ਜਾਖੜ ਟਰੱਸਟ ਵੱਲੋਂ ਮੁੜ ਕਰਵਾਈ ਜਾਵੇਗੀ ਅਬੋਹਰ ਮੈਰਾਥਨ, ਪ੍ਰਸ਼ਾਸਨਿਕ ਅੜਚਨਾਂ ਦੇ ਬਾਵਜੂਦ ਟੀਮ ਨੇ ਨਹੀਂ ਹਾਰੀ ਹਿੰਮਤ, ਮੁੜ ਮਨਜ਼ੂਰੀ ਮਿਲਣ ਤੋਂ ਬਾਅਦ ਤਿਆਰੀਆਂ ਤੇਜ; ਵਿਧਾਇਕ ਸੰਦੀਪ ਜਾਖੜ ਨੇ ਸ਼ਹਿਰ ਵਾਸੀਆਂ ਨੂੰ ਵੱਧ-ਚੜ੍ਹ ਕੇ ਭਾਗ ਲੈਣ ਦੀ ਕੀਤੀ ਅਪੀਲ ਭਾਰਤ ਭੂਸ਼ਣ ਸ਼ਰਮਾ. ਪੰਜਾਬੀ ਜਾਗਰਣ, ਅਬੋਹਰ : ਅਬੋਹਰ ਦੀਆਂ ਸੜਕਾਂ ’ਤੇ ਇੱਕ ਵਾਰ ਫਿਰ ਖੇਡਾਂ, ਉਤਸ਼ਾਹ ਅਤੇ ਤੰਦਰੁਸਤੀ ਦਾ ਸ਼ਾਨਦਾਰ ਨਜ਼ਾਰਾ ਦੇਖਣ ਨੂੰ ਮਿਲੇਗਾ। ਆਉਣ ਵਾਲੀ 22 ਨਵੰਬਰ ਨੂੰ ਜਾਖੜ ਟਰੱਸਟ ਵੱਲੋਂ ਹਰ ਸਾਲ ਦੀ ਤਰ੍ਹਾਂ ਅਬੋਹਰ ਮੈਰਾਥਨ ਕਰਵਾਈ ਜਾ ਰਹੀ ਹੈ, ਜਿਸ ਵਿੱਚ ਹਜ਼ਾਰਾਂ ਦੌੜਾਕਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਇਸ ਸਬੰਧੀ ਵਿਧਾਇਕ ਸੰਦੀਪ ਜਾਖੜ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਵੀ ਇਸ ਸਮਾਗਮ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਦੀ ਅਪੀਲ ਕੀਤੀ। ਵਿਧਾਇਕ ਸੰਦੀਪ ਜਾਖੜ ਨੇ ਦੱਸਿਆ ਕਿ ਅਬੋਹਰ ਮੈਰਾਥਨ ਸਿਰਫ਼ ਇੱਕ ਖੇਡ ਸਮਾਗਮ ਨਹੀਂ, ਸਗੋਂ ਸ਼ਹਿਰ ਨੂੰ ਸਿਹਤਮੰਦ, ਜਾਗਰੂਕ ਅਤੇ ਨਸ਼ਾ ਮੁਕਤ ਬਣਾਉਣ ਦੀ ਦਿਸ਼ਾ ਵਿੱਚ ਇੱਕ ਸਕਾਰਾਤਮਕ ਉਪਰਾਲਾ ਹੈ। ਇਸ ਰਾਹੀਂ ਨੌਜਵਾਨਾਂ ਨੂੰ ਖੇਡਾਂ ਅਤੇ ਸਰੀਰਕ ਗਤੀਵਿਧੀਆਂ ਨਾਲ ਜੋੜਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਰਾਥਨ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਦੌੜਾਕ ਅਬੋਹਰ ਪਹੁੰਚਦੇ ਹਨ, ਜਿਸ ਨਾਲ ਸ਼ਹਿਰ ਨੂੰ ਕੌਮੀ ਪੱਧਰ ’ਤੇ ਵੱਖਰੀ ਪਛਾਣ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਮੈਰਾਥਨ ਕਰਵਾਉਣ ਲਈ ਕਈ ਪ੍ਰਸ਼ਾਸਨਿਕ ਅੜਚਨਾਂ ਦਾ ਸਾਹਮਣਾ ਕਰਨਾ ਪਿਆ। ਇੱਥੋਂ ਤੱਕ ਕਿ ਪਹਿਲਾਂ ਤੈਅ ਕੀਤੇ ਗਏ ਪ੍ਰੋਗਰਾਮ ਨੂੰ ਮਨਜ਼ੂਰੀ ਸਬੰਧੀ ਸਮੱਸਿਆਵਾਂ ਕਾਰਨ ਮੁਲਤਵੀ ਕਰਨਾ ਪਿਆ ਸੀ, ਪਰ ਟੀਮ ਨੇ ਹਿੰਮਤ ਨਹੀਂ ਹਾਰੀ। ਲਗਾਤਾਰ ਯਤਨਾਂ ਤੋਂ ਬਾਅਦ ਮੁੜ ਮਨਜ਼ੂਰੀ ਪ੍ਰਾਪਤ ਕੀਤੀ ਗਈ ਅਤੇ ਹੁਣ ਇਹ ਮੈਰਾਥਨ 22 ਨਵੰਬਰ ਨੂੰ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਟੀਮ ਦਾ ਮੁੱਖ ਮਕਸਦ ਹਰ ਹਾਲਤ ਵਿੱਚ ਅਬੋਹਰ ਮੈਰਾਥਨ ਦੀ ਪਰੰਪਰਾ ਨੂੰ ਜਾਰੀ ਰੱਖਣਾ ਸੀ, ਜੋ ਸਾਰੇ ਵਲੰਟੀਅਰਾਂ ਦੇ ਸਹਿਯੋਗ ਨਾਲ ਸੰਭਵ ਹੋ ਸਕਿਆ ਹੈ। ਸੰਦੀਪ ਜਾਖੜ ਨੇ ਕਿਹਾ ਕਿ ਜਾਖੜ ਟਰੱਸਟ ਰਾਜਨੀਤੀ ਤੋਂ ਉੱਪਰ ਉੱਠ ਕੇ ਸਮਾਜ ਸੇਵਾ ਦੇ ਵੱਖ-ਵੱਖ ਕਾਰਜ ਕਰ ਰਿਹਾ ਹੈ। ਸਿੱਖਿਆ, ਸਿਹਤ ਅਤੇ ਸਮਾਜਿਕ ਭਲਾਈ ਦੇ ਖੇਤਰ ਵਿੱਚ ਟਰੱਸਟ ਲਗਾਤਾਰ ਯਤਨਸ਼ੀਲ ਹੈ। ਅਬੋਹਰ ਮੈਰਾਥਨ ਵੀ ਇਸੇ ਸੋਚ ਦਾ ਹਿੱਸਾ ਹੈ, ਜਿਸ ਦਾ ਮੁੱਖ ਉਦੇਸ਼ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ ਨੌਜਵਾਨਾਂ ਨੂੰ ਸਹੀ ਤੇ ਸਕਾਰਾਤਮਕ ਦਿਸ਼ਾ ਵੱਲ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਸਿਹਤ ਦਾ ਸਭ ਤੋਂ ਵੱਧ ਮਹੱਤਵ ਹੈ। ਜੇਕਰ ਸਿਹਤ ਚੰਗੀ ਹੋਵੇ ਤਾਂ ਵਿਅਕਤੀ ਹਰ ਮੰਜ਼ਿਲ ਹਾਸਲ ਕਰ ਸਕਦਾ ਹੈ। ਇਸੇ ਭਾਵਨਾ ਨਾਲ ਉਨ੍ਹਾਂ ਬੱਚਿਆਂ, ਨੌਜਵਾਨਾਂ, ਔਰਤਾਂ, ਬਜ਼ੁਰਗਾਂ ਅਤੇ ਸ਼ਹਿਰ ਦੇ ਹਰੇਕ ਨਾਗਰਿਕ ਨੂੰ ਮੈਰਾਥਨ ਵਿੱਚ ਆਪਣੀ ਸ਼ਮੂਲੀਅਤ ਯਕੀਨੀ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਵਿਕਾਸ ਸਿੰਗਲਾ, ਪੁਨੀਤ ਅਰੋੜਾ ਸੋਨੂੰ, ਦੀਪਕ ਬਾਂਸਲ, ਮਾਨਕ ਸ਼ਾਹ, ਪ੍ਰਦੀਪ ਕੁਮਾਰ, ਬੱਬੂ, ਟੀਮ ਐਸਜੇ ਦੇ ਵਲੰਟੀਅਰਾਂ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।