ਫਾਜ਼ਿਲਕਾ ਅੰਦਰ ਚੋਰਾਂ ਨੇ ਦੋ ਘਰਾਂ ਨੂੰ ਬਣਾਇਆ ਨਿਸ਼ਾਨਾ
ਚੋਰਾਂ ਵਲੋਂ ਫਾਜ਼ਿਲਕਾ ਅੰਦਰ ਦੋ ਘਰਾਂ ਨੂੰ ਬਣਾਇਆ ਨਿਸ਼ਾਨਾ
Publish Date: Sat, 28 Mar 2026 09:24 PM (IST)
Updated Date: Sat, 28 Mar 2026 09:26 PM (IST)
ਫਾਜ਼ਿਲਕਾ : ਦੇਰ ਰਾਤ ਫਾਜ਼ਿਲਕਾ ਅੰਦਰ ਦੋ ਘਰਾਂ 'ਚ ਚੋਰੀ ਹੋਣ ਦੀ ਖ਼ਬਰ ਹੈ। ਫਾਜ਼ਿਲਕਾ ਸ਼ਹਿਰ ਅੰਦਰ ਫ਼ਰਸ਼ ਨੰਬਰ 14 ਵਿੱਚ ਇੱਕ ਵੱਡੀ ਚੋਰੀ ਨੂੰ ਅੰਜਾਮ ਦਿੱਤਾ। ਉਨ੍ਹਾਂ ਨੇ ਰਾਮਾ ਬਾਗ ਦੇ ਨੇੜੇ ਸਥਿਤ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਅਤੇ ਸਿਰਫ਼ 20 ਮਿੰਟਾਂ ਦੇ ਅੰਦਰ-ਅੰਦਰ ਘਰ ਵਿੱਚ ਭੰਨ-ਤੋੜ ਕੀਤੀ, ਜਿਸ ਵਿੱਚ ਕਈ ਤੋਲੇ ਸੋਨਾ, 5 ਲੱਖ ਰੁਪਏ ਦੇ ਕਰੀਬ ਨਕਦੀ ਅਤੇ ਇੱਕ ਲਾਇਸੈਂਸੀ ਪਿਸਤੌਲ ਲੈ ਕੇ ਫਰਾਰ ਹੋਣ ਦੀ ਜਾਣਕਾਰੀ ਮਿਲੀ ਹੈ। ਜਾਣਕਾਰੀ ਮੁਤਾਬਿਕ ਪਤਾ ਚਲਿਆ ਕਿ ਮਕਾਨ ਮਾਲਕ ਥੋੜ੍ਹੀ ਦੇਰ ਲਈ ਘਰੋਂ ਬਾਹਰ ਗਏ ਸਨ। ਘਟਨਾ ਦੀ ਜਾਣਕਾਰੀ ਮਿਲਣ 'ਤੇ ਸਥਾਨਕ ਐੱਸਐੱਚਓ ਸਚਿਨ ਕੁਮਾਰ ਭਾਰੀ ਪੁਲਿਸ ਫੋਰਸ ਨਾਲ ਮੌਕੇ 'ਤੇ ਪਹੁੰਚੇ ਅਤੇ ਘਟਨਾ ਸਥਾਨ ਦੀ ਡੂੰਘਾਈ ਨਾਲ ਜਾਂਚ ਕੀਤੀ। ਪੁਲਿਸ ਨੇ ਚੋਰਾਂ ਅਤੇ ਉਨ੍ਹਾਂ ਦੇ ਭੱਜਣ ਦੇ ਰਸਤੇ ਦੀ ਪਛਾਣ ਕਰਨ ਲਈ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਫਾਜ਼ਿਲਕਾ ਦੀ ਧਿੰਗੜਾ ਕਲੋਨੀ ਵਿੱਚ ਵੀ ਘਰ ’ਚੋਂ ਚੋਰੀ ਹੋਣ ਦਾ ਸਮਾਚਾਰ ਹੈ। ਮਾਲਕਾਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੇ ਘਰ ਵਿੱਚੋਂ ਪੰਜ ਤੋਲੇ ਸੋਨਾ, 50,000 ਰੁਪਏ ਨਕਦ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਘਰ ਦੇ ਮਾਲਕ ਸੁਭਾਸ਼ ਚੰਦਰ ਨੇ ਦੱਸਿਆ ਕਿ ਉਹ ਕੰਮ ’ਤੇ ਸੀ ਜਦੋਂ ਉਸਦਾ ਪਰਿਵਾਰ ਦਵਾਈ ਲੈਣ ਲਈ ਹਸਪਤਾਲ ਗਿਆ ਸੀ ਤਾਂ ਚੋਰ ਪਿੱਛੇ ਤੋਂ ਘਰ ਵਿੱਚ ਦਾਖਲ ਹੋਏ। ਉਨ੍ਹਾਂ ਦੱਸਿਆ ਕਿ ਚੋਰ ਛੱਤ ਰਾਹੀਂ ਘਰ ਵਿੱਚ ਦਾਖਲ ਹੋਏ, ਕਮਰਿਆਂ ਦੇ ਤਾਲੇ ਤੋੜ ਦਿੱਤੇ ਅਤੇ ਪੂਰੇ ਘਰ ਦੀ ਤਲਾਸ਼ੀ ਲਈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਮੁੱਖ ਗੇਟ ਨੂੰ ਅੰਦਰੋਂ ਬੰਦ ਕਰ ਦਿੱਤਾ ਸੀ। ਜਦੋਂ ਪਰਿਵਾਰਕ ਮੈਂਬਰ ਆਏ ਅਤੇ ਗੇਟ ਖੋਲ੍ਹਿਆ ਤਾਂ ਉਨ੍ਹਾਂ ਨੂੰ ਤਾਲਾ ਲੱਗਿਆ ਹੋਇਆ ਮਿਲਿਆ। ਮੁਲਜ਼ਮਾਂ ਨੇ ਪੌੜੀਆਂ ਵਾਲਾ ਗੇਟ ਬੰਦ ਕਰ ਦਿੱਤਾ ਅਤੇ ਛੱਤ ਰਾਹੀਂ ਫਰਾਰ ਹੋ ਗਏ। ਇਸ ਸੰਬੰਧੀ ਥਾਣਾ ਸਿਟੀ ਪੁਲਿਸ ਦੇ ਐਸ.ਐਚ.ਓ. ਸਚਿਨ ਕੰਬੋਜ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।