ਬੰਦ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, 35 ਤੋਲੇ ਸੋਨੇ ਦੇ ਗਹਿਣੇ ਚੋਰੀ
ਸੁੰਨੇ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, 35 ਤੋਲੇ ਸੋਨੇ ਦੇ ਗਹਿਣੇ ਚੋਰੀ
Publish Date: Sun, 30 Aug 2026 04:24 PM (IST)
Updated Date: Sun, 30 Aug 2026 04:25 PM (IST)
ਭਾਰਤ ਭੂਸ਼ਨ ਸ਼ਰਮਾ.ਪੰਜਾਬੀ ਜਾਗਰਣ ਅਬੋਹਰ : ਅਬੋਹਰ ਦੀ ਆਨੰਦ ਨਗਰੀ ਗਲੀ ਨੰਬਰ-1, ਬੱਸ ਸਟੈਂਡ ਦੇ ਪਿੱਛੇ ਤੂਰ ਹੋਟਲ ਵਾਲੀ ਗਲੀ ਵਿੱਚ ਬੀਤੀ ਰਾਤ ਚੋਰਾਂ ਨੇ ਇੱਕ ਬੰਦ ਮਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਜਾਣਕਾਰੀ ਅਨੁਸਾਰ ਮਕਾਨ ਹਰਜੀਤ ਸਿੰਘ ਦਾ ਹੈ। ਹਰਜੀਤ ਸਿੰਘ ਦਾ ਇੱਕ ਪੁੱਤਰ ਵਿਦੇਸ਼ ਵਿੱਚ ਰਹਿੰਦਾ ਹੈ, ਜਦਕਿ ਦੂਜਾ ਪੁੱਤਰ, ਨੂੰਹ ਤੇ ਪਰਿਵਾਰ ਦੇ ਹੋਰ ਮੈਂਬਰ ਪਿਛਲੇ ਦੋ ਦਿਨਾਂ ਤੋਂ ਤਰਨਤਾਰਨ ਵਿਖੇ ਵਿਆਹ ਸਮਾਗਮ ’ਤੇ ਗਏ ਹੋਏ ਸਨ। ਚੋਰੀ ਦੀ ਵਾਰਦਾਤ ਦਾ ਪਤਾ ਅੱਜ ਸਵੇਰੇ ਲੱਗਾ। ਰੋਜ਼ਾਨਾ ਦੀ ਤਰ੍ਹਾਂ ਜਦੋਂ ਹਰਜੀਤ ਸਿੰਘ ਦੀ ਪੋਤੀ ਅਤੇ ਘਰ ਵਿੱਚ ਸਫ਼ਾਈ ਕਰਨ ਵਾਲੀ ਮਹਿਲਾ ਨੇ ਮੁੱਖ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਦਾ ਮੰਜ਼ਰ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਘਰ ਦੇ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਅਲਮਾਰੀਆਂ ਵਿੱਚ ਪਿਆ ਸਾਰਾ ਸਾਮਾਨ ਫਰਸ਼ ’ਤੇ ਖਿੱਲਰਿਆ ਹੋਇਆ ਸੀ। ਪੜਤਾਲ ਕਰਨ ’ਤੇ ਪਤਾ ਲੱਗਾ ਕਿ 30 ਤੋਂ 35 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਥਾਣਾ ਸਿਟੀ-1 ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਘਰ ਦੀ ਜਾਂਚ ਕੀਤੀ। ਪੁਲਿਸ ਵੱਲੋਂ ਚੋਰਾਂ ਦੀ ਪਛਾਣ ਅਤੇ ਉਨ੍ਹਾਂ ਤੱਕ ਪਹੁੰਚਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਟੀਮਾਂ ਵੱਲੋਂ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।