ਰਾਤ ਸਮੇਂ ਬਾਸਮਤੀ 1121 ਝੋਨਾ ਵੱਢ ਕੇ ਲੈ ਗਏ ਚੋਰ, ਪੀੜਤ ਨੇ ਨਸ਼ੇੜੀਆਂ ’ਤੇ ਪ੍ਰਗਟਾਇਆ ਸ਼ੱਕ ਮੰਡੀ ਲਾਧੂਕਾ ’ਚ ਕਿਸਾਨ ਦੇ ਖੇਤ ’ਚੋਂ ਰਾਤ ਸਮੇਂ ਬਾਸਮਤੀ 1121 ਝੋਨਾ ਵੱਢ ਕੇ ਲੈ ਗਏ ਚੋਰ
Publish Date: Sat, 24 Oct 2026 06:21 PM (IST)
Updated Date: Sat, 24 Oct 2026 06:22 PM (IST)
ਜ਼ਿਲ੍ਹੇ ਸਿੰਘ.ਪੰਜਾਬੀ ਜਾਗਰਣ ਮੰਡੀ ਲਾਧੂਕਾ : ਮੰਡੀ ਲਾਧੂਕਾ ਦੇ ਵਸਨੀਕ ਬੋਬੀ ਖੇੜਾ ਦੇ ਖੇਤ ਵਿੱਚੋਂ ਦੇਰ ਰਾਤ ਚੋਰਾਂ ਵੱਲੋਂ ਬਾਸਮਤੀ 1121 ਕਿਸਮ ਦਾ ਝੋਨਾ ਵੱਢ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਪਤਾ ਉਸ ਸਮੇਂ ਲੱਗਿਆ, ਜਦੋਂ ਕਿਸਾਨ ਅਤੇ ਉਸ ਦੇ ਸੀਰੀ ਸੁਰਜੀਤ ਸਿੰਘ ਨੇ ਸਵੇਰੇ ਖੇਤ ਵਿੱਚ ਗੇੜਾ ਮਾਰਿਆ। ਇਸ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਖੇਤ ਵਿੱਚ ਕਈ ਥਾਵਾਂ ਤੋਂ ਝੋਨਾ ਵੱਢਿਆ ਹੋਇਆ ਸੀ। ਜਾਣਕਾਰੀ ਦਿੰਦਿਆਂ ਬੋਬੀ ਖੇੜਾ ਅਤੇ ਸੁਰਜੀਤ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਰਾਤ ਸਮੇਂ ਖੇਤ ਵਿੱਚੋਂ ਵੱਖ-ਵੱਖ ਥਾਵਾਂ ਤੋਂ ਝੋਨਾ ਵੱਢਿਆ ਗਿਆ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਘਟਨਾ ਪਿੱਛੇ ਨਸ਼ੇ ਦੇ ਆਦੀ ਵਿਅਕਤੀਆਂ ਦਾ ਹੱਥ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਝੋਨੇ ਦਾ ਭਾਅ ਚੰਗਾ ਮਿਲ ਰਿਹਾ ਹੈ, ਪਰ ਅਜਿਹੀਆਂ ਘਟਨਾਵਾਂ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਕਿਸਾਨ ਨੇ ਇਸ ਘਟਨਾ ਬਾਰੇ ਪਿੰਡ ਦੇ ਸਰਪੰਚ ਦੇ ਪਿਤਾ ਜੋਗਿੰਦਰ ਸਿੰਘ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪਿੰਡ ਵਿੱਚ ਸਪੀਕਰ ਰਾਹੀਂ ਲੋਕਾਂ ਨੂੰ ਜਾਗਰੂਕ ਕਰਦਿਆਂ ਆਪਣੇ ਖੇਤਾਂ ਵਿੱਚ ਗੇੜੇ ਮਾਰਨ ਅਤੇ ਫ਼ਸਲ ਦੀ ਨਿਗਰਾਨੀ ਕਰਨ ਦੀ ਅਪੀਲ ਕੀਤੀ ਗਈ, ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਬੋਬੀ ਖੇੜਾ ਨੇ ਮੰਗ ਕੀਤੀ ਕਿ ਖੇਤਾਂ ਵਿੱਚੋਂ ਝੋਨਾ ਵੱਢ ਕੇ ਲਿਜਾਣ ਵਾਲੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ ਜਾਵੇ, ਤਾਂ ਜੋ ਭਵਿੱਖ ਵਿੱਚ ਕਿਸਾਨਾਂ ਦੀ ਫ਼ਸਲ ਦਾ ਹੋਰ ਨੁਕਸਾਨ ਨਾ ਹੋਵੇ।