ਜਾਖੜ ਟਰੱਸਟ ਨੇ 50 ਹੋਣਹਾਰ ਵਿਦਿਆਰਥੀਆਂ ਨੂੰ ਲੈਪਟਾਪ ਵੰਡੇ 50 ਹੋਣਹਾਰ ਵਿਦਿਆਰਥੀਆਂ ਨੂੰ ਜਾਖੜ ਟਰੱਸਟ ਵੱਲੋ ਲੈਪਟਾਪ ਵੰਡੇ ਗਏ
Publish Date: Mon, 19 Oct 2026 05:14 PM (IST)
Updated Date: Mon, 19 Oct 2026 05:15 PM (IST)
ਭਾਰਤ ਭੂਸ਼ਣ ਸ਼ਰਮਾ.ਪੰਜਾਬੀ ਜਾਗਰਣ ਅਬੋਹਰ : ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਦੇ ਸਾਧਨ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਜਾਖੜ ਟਰੱਸਟ ਵੱਲੋਂ ਇੱਕ ਹੋਰ ਉਪਰਾਲਾ ਕੀਤਾ ਗਿਆ। ਟਰੱਸਟ ਨੇ ਆਰਸੇਸੀਅਮ ਐੱਲਐੱਲਸੀ ਦੇ ਸਹਿਯੋਗ ਨਾਲ ਕਰਵਾਏ ਗਏ ਦੂਜੇ ਲੈਪਟਾਪ ਵੰਡ ਸਮਾਰੋਹ ਦੌਰਾਨ ਅਬੋਹਰ ਵਿਧਾਨ ਸਭਾ ਹਲਕੇ ਦੇ ਸਰਕਾਰੀ ਹਾਈ ਸਕੂਲਾਂ ਦੇ ਦਸਵੀਂ ਜਮਾਤ ਦੇ 50 ਟੌਪਰ ਵਿਦਿਆਰਥੀਆਂ ਨੂੰ ਲੈਪਟਾਪ ਵੰਡੇ। ਸੁਭਾਸ਼ ਨਗਰ ਸਥਿਤ ਵਿਧਾਇਕ ਦੀ ਰਿਹਾਇਸ਼ ’ਤੇ ਕਰਵਾਏ ਗਏ ਇਸ ਸਮਾਰੋਹ ਦਾ ਉਦੇਸ਼ ਹੋਣਹਾਰ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਡਿਜੀਟਲ ਸਿੱਖਿਆ ਦੇ ਬਿਹਤਰ ਮੌਕੇ ਪ੍ਰਦਾਨ ਕਰਨਾ ਸੀ। ਸਟੱਡੀ ਸੈਂਟਰ ਦੀ ਸਥਾਪਨਾ ਤੋਂ ਬਾਅਦ ਸਿੱਖਿਆ ਦੇ ਖੇਤਰ ਵਿੱਚ ਟਰੱਸਟ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਅੱਗੇ ਵਧਾਉਂਦਿਆਂ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਵਿਧਾਇਕ ਸੰਦੀਪ ਜਾਖੜ, ਜਾਖੜ ਟਰੱਸਟ ਦੇ ਮੁੱਖ ਟਰੱਸਟੀ ਗੁਰਬਚਨ ਸਿੰਘ ਸਰਾਓ ਅਤੇ ਸਮਾਜ ਸੇਵੀ ਸ਼ਾਮ ਲਾਲ ਅਰੋੜਾ, ਪੁਨੀਤ ਅਰੋੜਾ ਸੋਨੂੰ ਤੇ ਮੋਹਨ ਲਾਲ ਠਠਈ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਟਰੱਸਟੀ ਵਿਜੇ ਕਟਾਰੀਆ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪ੍ਰਾਪਤੀ ਲਈ ਵਧਾਈ ਦਿੱਤੀ। ਉਪਰਾਲਾ ਭਵਿੱਖ ’ਚ ਵੀ ਰਹੇਗੀ ਜਾਰੀ : ਵਿਧਾਇਕ ਜਾਖੜ ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਸਿੱਖਿਆ ਕਿਸੇ ਵੀ ਸਮਾਜ ਦੀ ਤਰੱਕੀ ਦੀ ਸਭ ਤੋਂ ਮਜ਼ਬੂਤ ਨੀਂਹ ਹੈ। ਕਿਸੇ ਵੀ ਬੱਚੇ ਦੀ ਪ੍ਰਤਿਭਾ ਆਰਥਿਕ ਹਾਲਾਤ ਜਾਂ ਸਾਧਨਾਂ ਦੀ ਘਾਟ ਕਾਰਨ ਪਿੱਛੇ ਨਹੀਂ ਰਹਿਣੀ ਚਾਹੀਦੀ। ਇਸੇ ਸੋਚ ਨਾਲ ਜਾਖੜ ਟਰੱਸਟ ਵੱਲੋਂ ਪਿਛਲੇ ਦੋ ਸਾਲਾਂ ਤੋਂ ਹੋਣਹਾਰ ਵਿਦਿਆਰਥੀਆਂ ਨੂੰ ਲੈਪਟਾਪ ਮੁਹੱਈਆ ਕਰਵਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਹੁਣ ਤੱਕ ਕਰੀਬ 150 ਵਿਦਿਆਰਥੀਆਂ ਨੂੰ ਲੈਪਟਾਪ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਲੈਪਟਾਪ ਵੰਡਣ ਦਾ ਪ੍ਰੋਗਰਾਮ ਨਹੀਂ, ਸਗੋਂ ਬੱਚਿਆਂ ਦੇ ਸੁਪਨਿਆਂ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਨੂੰ ਅੱਗੇ ਵਧਣ ਲਈ ਲੋੜੀਂਦੇ ਸਾਧਨ ਦੇਣ ਦੀ ਕੋਸ਼ਿਸ਼ ਹੈ। ਟਰੱਸਟ ਵੱਲੋਂ ਭਵਿੱਖ ਵਿੱਚ ਵੀ ਇਹ ਉਪਰਾਲਾ ਜਾਰੀ ਰੱਖਿਆ ਜਾਵੇਗਾ, ਤਾਂ ਜੋ ਵੱਧ ਤੋਂ ਵੱਧ ਹੋਣਹਾਰ ਵਿਦਿਆਰਥੀ ਇਸ ਦਾ ਲਾਭ ਲੈ ਸਕਣ।