ਫਾਜ਼ਿਲਕਾ ਮੰਡੀ ਦੇ ਪਾਣੀ ਭਰਨ ਦਾ ਮੁੱਦਾ ਕੇਂਦਰ ਤੱਕ ਪਹੁੰਚਿਆ, ਛੇ ਮੈਂਬਰੀ ਮਾਹਿਰ ਕਮੇਟੀ ਗਠਿਤ ਫਾਜ਼ਿਲਕਾ ਮੰਡੀ ਦੇ ਜਲਭਰਾਅ ਦਾ ਮੁੱਦਾ ਕੇਂਦਰ ਤੱਕ ਪਹੁੰਚਿਆ
Publish Date: Fri, 16 Oct 2026 04:51 PM (IST)
Updated Date: Fri, 16 Oct 2026 04:54 PM (IST)
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ : ਬਿਤੇਦੀਨੀ ਫ਼ਾਜ਼ਿਲਕਾ ਵਿਖੇ ਭਾਰੀ ਬਰਸਾਤ ਕਾਰਨ ਫਾਜ਼ਿਲਕਾ ਦੀ ਨਵੀਂ ਅਨਾਜ ਮੰਡੀ ਵਿੱਚ ਪਾਣੀ ਭਰਨ ਅਤੇ ਝੋਨੇ ਦੀ ਫ਼ਸਲ ਨੂੰ ਹੋਏ ਨੁਕਸਾਨ ਦਾ ਮਾਮਲਾ ਕੇਂਦਰ ਸਰਕਾਰ ਤੱਕ ਪਹੁੰਚ ਗਿਆ ਹੈ। ਮੰਡੀ ਵਿੱਚ ਜਲਭਰਾਅ ਦੀ ਸਮੱਸਿਆ ਦੇ ਹੱਲ ਅਤੇ ਪ੍ਰਭਾਵਿਤ ਖੇਤਰਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਸੁਨੀਲ ਜਾਖੜ ਨੂੰ ਪੱਤਰ ਲਿਖ ਕੇ ਛੇ ਮੈਂਬਰੀ ਮਾਹਿਰ ਕਮੇਟੀ ਦੇ ਗਠਨ ਬਾਰੇ ਜਾਣਕਾਰੀ ਦਿੱਤੀ ਹੈ। ਇਸ ਮਾਮਲੇ ਨੂੰ ਕੇਂਦਰ ਸਰਕਾਰ ਤੱਕ ਪਹੁੰਚਾਉਣ ਲਈ ਭਾਜਪਾ ਦੇ ਸੂਬਾ ਸਕੱਤਰ ਰੰਜਮ ਕਾਮਰਾ ਵੱਲੋਂ ਪਹਿਲਕਦਮੀ ਕੀਤੀ ਗਈ। ਸੰਜੀਵ ਗੋਲਡੀ ਸਚਦੇਵਾ ਨੇ ਮੰਡੀ ਵਿੱਚ ਪਾਣੀ ਭਰਨ ਕਾਰਨ ਪੈਦਾ ਹੋਏ ਹਾਲਾਤ, ਝੋਨੇ ਦੀ ਫ਼ਸਲ ਨੂੰ ਹੋਏ ਨੁਕਸਾਨ ਅਤੇ ਆੜ੍ਹਤੀਆਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਰੰਜਮ ਕਾਮਰਾ ਨੇ ਇਹ ਮਾਮਲਾ ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਧਿਆਨ ਵਿੱਚ ਲਿਆਂਦਾ। ਕੇਵਲ ਸਿੰਘ ਢਿੱਲੋਂ ਵੱਲੋਂ ਇਹ ਮਾਮਲਾ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਸਾਹਮਣੇ ਉਠਾਇਆ ਗਿਆ। 15 ਅਕਤੂਬਰ 2026 ਨੂੰ ਲਿਖੇ ਪੱਤਰ ਅਨੁਸਾਰ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਅਧੀਨ ਕੇਂਦਰੀ ਮਿੱਟੀ ਲੂਣਤਾ ਖੋਜ ਸੰਸਥਾਨ, ਕਰਨਾਲ ਦੇ ਨਿਰਦੇਸ਼ਕ ਦੀ ਅਗਵਾਈ ਹੇਠ ਛੇ ਮੈਂਬਰੀ ਮਾਹਿਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਦੀ ਰਿਪੋਰਟ ’ਤੇ ਰਹੇਗੀ ਕਿਸਾਨਾਂ ਦੀ ਨਜ਼ਰ ਫਾਜ਼ਿਲਕਾ ਦੀ ਨਵੀਂ ਅਨਾਜ ਮੰਡੀ ਵਿੱਚ ਬਰਸਾਤੀ ਪਾਣੀ ਕਾਰਨ ਹੋਏ ਨੁਕਸਾਨ ਤੋਂ ਬਾਅਦ ਕਿਸਾਨਾਂ ਅਤੇ ਆੜ੍ਹਤੀਆਂ ਦੀ ਮੁੱਖ ਮੰਗ ਪਾਣੀ ਦੀ ਨਿਕਾਸੀ ਦਾ ਸਥਾਈ ਪ੍ਰਬੰਧ ਕਰਨਾ ਅਤੇ ਭਵਿੱਖ ਵਿੱਚ ਫ਼ਸਲਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਢੁੱਕਵੇਂ ਕਦਮ ਚੁੱਕਣਾ ਹੈ। ਛੇ ਮੈਂਬਰੀ ਮਾਹਿਰ ਕਮੇਟੀ ਵੱਲੋਂ ਪ੍ਰਭਾਵਿਤ ਖੇਤਰਾਂ ਦਾ ਮੁਲਾਂਕਣ ਇਸ ਦਿਸ਼ਾ ਵਿੱਚ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਹੁਣ ਕਿਸਾਨਾਂ ਅਤੇ ਆੜ੍ਹਤੀਆਂ ਦੀ ਨਜ਼ਰ ਕਮੇਟੀ ਦੀ ਜਾਂਚ, ਉਸ ਦੀ ਰਿਪੋਰਟ ਅਤੇ ਉਸ ਦੇ ਆਧਾਰ ’ਤੇ ਹੋਣ ਵਾਲੀ ਅਗਲੀ ਕਾਰਵਾਈ ’ਤੇ ਰਹੇਗੀ।