ਫਾਜ਼ਿਲਕਾ ਤੇ ਅਬੋਹਰ ’ਚ ਸ਼ਾਂਤੀਪੂਰਵਕ ਸੰਪੰਨ ਹੋਈ ਗਰੁੱਪ ਡੀ ਦੀ ਭਰਤੀ ਪ੍ਰੀਖਿਆ ਫਾਜ਼ਿਲਕਾ ਤੇ ਅਬੋਹਰ ਵਿੱਚ ਸ਼ਾਂਤੀਪੂਰਵਕ ਸੰਪੰਨ ਹੋਈ ਗਰੁੱਪ ਡੀ ਦੀ ਭਰਤੀ ਪ੍ਰੀਖਿਆ
Publish Date: Sun, 25 Oct 2026 05:12 PM (IST)
Updated Date: Sun, 25 Oct 2026 05:13 PM (IST)
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ ਫਾਜ਼ਿਲਕਾ: ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (ਪੀਐੱਸਐੱਸਐੱਸਬੀ) ਵੱਲੋਂ ਐਤਵਾਰ ਨੂੰ ਗਰੁੱਪ ਡੀ ਦੀਆਂ ਅਸਾਮੀਆਂ ਲਈ ਕਰਵਾਈ ਗਈ ਭਰਤੀ ਪ੍ਰੀਖਿਆ ਫਾਜ਼ਿਲਕਾ ਜ਼ਿਲ੍ਹੇ ਵਿੱਚ ਸ਼ਾਂਤੀਪੂਰਵਕ ਸੰਪੰਨ ਹੋ ਗਈ। ਪ੍ਰੀਖਿਆ ਲਈ ਫਾਜ਼ਿਲਕਾ ਅਤੇ ਅਬੋਹਰ ਵਿੱਚ ਕੁੱਲ 26 ਕੇਂਦਰ ਸਥਾਪਤ ਕੀਤੇ ਗਏ ਸਨ, ਜਿਨ੍ਹਾਂ ਵਿੱਚ ਫਾਜ਼ਿਲਕਾ ਦੇ 12 ਅਤੇ ਅਬੋਹਰ ਦੇ 14 ਕੇਂਦਰ ਸ਼ਾਮਲ ਸਨ। ਪ੍ਰੀਖਿਆ ਦਾ ਆਯੋਜਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕੀਤਾ ਗਿਆ, ਜਦਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੇ ਪ੍ਰੀਖਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਹਿਯੋਗ ਦਿੱਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਫਾਜ਼ਿਲਕਾ ਦੇ ਪ੍ਰੀਖਿਆ ਕੋਆਰਡੀਨੇਟਰ ਵਿਵੇਕ ਅਨੇਜਾ ਨੇ ਦੱਸਿਆ ਕਿ ਪ੍ਰੀਖਿਆ ਦੇ ਸੁਚਾਰੂ ਸੰਚਾਲਨ ਲਈ ਪਹਿਲਾਂ ਹੀ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ। ਡਿਪਟੀ ਕਮਿਸ਼ਨਰ ਵੱਲੋਂ ਹਰੇਕ ਪ੍ਰੀਖਿਆ ਕੇਂਦਰ ’ਤੇ ਇੱਕ ਆਬਜ਼ਰਵਰ ਅਤੇ ਇੱਕ ਡਿਊਟੀ ਮੈਜਿਸਟ੍ਰੇਟ ਨਿਯੁਕਤ ਕੀਤਾ ਗਿਆ ਸੀ, ਤਾਂ ਜੋ ਪ੍ਰੀਖਿਆ ਦੀ ਪ੍ਰਕਿਰਿਆ ’ਤੇ ਨਜ਼ਰ ਰੱਖੀ ਜਾ ਸਕੇ ਅਤੇ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਨੂੰ ਰੋਕਿਆ ਜਾ ਸਕੇ। ਪ੍ਰੀਖਿਆ ਦੇ ਪ੍ਰਬੰਧਾਂ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਜੈ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਫਾਜ਼ਿਲਕਾ ਨੂੰ ਨੋਡਲ ਕੇਂਦਰ ਬਣਾਇਆ ਗਿਆ ਸੀ। ਅਜੈ ਕੁਮਾਰ ਸ਼ਰਮਾ ਨੂੰ ਫਾਜ਼ਿਲਕਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦਫ਼ਤਰ ਨਾਲ ਸਬੰਧਤ ਕਸ਼ਮੀਰੀ ਲਾਲ ਨੂੰ ਅਬੋਹਰ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਸੀ। ਦੋਵਾਂ ਕੇਂਦਰਾਂ ਵਿਚਕਾਰ ਤਾਲਮੇਲ ਰਾਹੀਂ ਪ੍ਰੀਖਿਆ ਸਬੰਧੀ ਪ੍ਰਬੰਧ ਮੁਕੰਮਲ ਕੀਤੇ ਗਏ। ਜ਼ਿਲ੍ਹਾ ਸਿੱਖਿਆ ਅਫ਼ਸਰ ਅਜੈ ਕੁਮਾਰ ਸ਼ਰਮਾ ਨੇ ਦੱਸਿਆ ਕਿ ਪ੍ਰੀਖਿਆ ਵਿੱਚ ਕੁੱਲ 5430 ਉਮੀਦਵਾਰਾਂ ਨੇ ਬੈਠਣਾ ਸੀ, ਜਿਨ੍ਹਾਂ ਵਿੱਚੋਂ 3397 ਉਮੀਦਵਾਰ ਪ੍ਰੀਖਿਆ ਵਿੱਚ ਹਾਜ਼ਰ ਹੋਏ, ਜਦਕਿ 2033 ਉਮੀਦਵਾਰ ਗੈਰ-ਹਾਜ਼ਰ ਰਹੇ। ਇਸ ਤਰ੍ਹਾਂ ਕੁੱਲ ਹਾਜ਼ਰੀ 62.56 ਫ਼ੀਸਦੀ ਦਰਜ ਕੀਤੀ ਗਈ।ਉਨ੍ਹਾਂ ਦੱਸਿਆ ਕਿ ਪ੍ਰੀਖਿਆ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਜਾਂ ਨਕਲ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੇ ਸਹਿਯੋਗ ਨਾਲ ਪ੍ਰੀਖਿਆ ਸ਼ਾਂਤੀਪੂਰਵਕ ਸੰਪੰਨ ਹੋਈ।