ਅੰਗਹੀਣ ਯੂਨੀਅਨ ਪੰਜਾਬ ਵੱਲੋਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਅੰਗਹੀਣ ਯੂਨੀਅਨ ਪੰਜਾਬ ਬਲਾਕ ਜਲਾਲਾਬਾਦ ਵੱਲੋਂ ਮੀਟਿੰਗ ਕਰਕੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜੀ
Publish Date: Sun, 27 Sep 2026 05:50 PM (IST)
Updated Date: Sun, 27 Sep 2026 05:51 PM (IST)
ਹੈਪੀ ਕਾਠਪਾਲ.ਪੰਜਾਬੀ ਜਾਗਰਣ ਜਲਾਲਾਬਾਦ : ਪਿਛਲੇ ਕਾਫੀ ਲੰਮੇ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੀ ਅੰਗਹੀਣ ਯੂਨੀਅਨ ਪੰਜਾਬ ਬਲਾਕ ਜਲਾਲਾਬਾਦ ਦੀ ਅਹਿਮ ਮੀਟਿੰਗ ਦਾਣਾ ਮੰਡੀ ਦੇ ਸ਼ੈੱਡ ਵਿਖੇ ਬਲਾਕ ਪ੍ਰਧਾਨ ਕ੍ਰਿਸ਼ਨ ਟਿਵਾਣਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਅੰਗਹੀਣ ਸਮਾਜ ਨਾਲ ਸਬੰਧਤ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਅਤੇ ਸਮੱਸਿਆਵਾਂ ਸਬੰਧੀ ਵਿਚਾਰ-ਵਟਾਂਦਰਾ ਕਰਕੇ ਆਪ ਸਰਕਾਰ ਵੱਲੋਂ ਮੰਗਾਂ ਨੂੰ ਪ੍ਰਵਾਨ ਨਾ ਕਰਨ ਦੇ ਰੋਸ ’ਚ ਨਆਰੇਬਾਜੀ ਕੀਤੀ । ਇਸ ਮੌਕੇ ਸਾਬਕਾ ਜੰਗਲਾਤ ਮੰਤਰੀ ਹੰਸ ਰਾਜ ਜੋਸਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੁਦਰਤ ਦੀ ਮਾਰ ਦਾ ਸੰਤਾਪ ਭੋਗ ਰਹੇ ਅੰਗਹੀਣ ਵਰਗ ਨੂੰ ਸਰਕਾਰ ਵੱਲੋਂ ਬਣਦੀਆਂ ਸਹੂਲਤਾਂ ਪਹਿਲ ਦੇ ਆਧਾਰ ’ਤੇ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਅੰਗਹੀਣਾਂ ਨੂੰ ਲਾਰਿਆਂ ਵਿੱਚ ਰੱਖਣ ਦੀ ਬਿਜਾਏ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਸਥਾਈ ਹੱਲ ਕੀਤਾ ਜਾਣਾ ਚਾਹੀਦਾ ਹੈ। ਹੰਸ ਰਾਜ ਜੋਸਨ ਨੇ ਅੰਗਹੀਣ ਯੂਨੀਅਨ ਦੇ ਆਗੂਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ ਤਿਆਰ ਕੀਤੇ ਜਾਣ ਵਾਲੇ ਮੈਨੀਫੈਸਟੋ ਵਿੱਚ ਅੰਗਹੀਣ ਸਮਾਜ ਦੀਆਂ ਮੰਗਾਂ ਨੂੰ ਸ਼ਾਮਲ ਕਰਵਾਉਣ ਲਈ ਯਤਨ ਕੀਤੇ ਜਾਣਗੇ ਅਤੇ ਸਰਕਾਰ ਬਣਨ ਦੀ ਸੂਰਤ ਵਿੱਚ ਇਨ੍ਹਾਂ ਮੰਗਾਂ ਦੇ ਹੱਲ ਨੂੰ ਪਹਿਲ ਦਿੱਤੀ ਜਾਵੇਗੀ। ਮੀਟਿੰਗ ਦੌਰਾਨ ਯੂਨੀਅਨ ਆਗੂਆਂ ਕਿਸ਼ਨ ਟਿਵਾਣਾ ਨੇ ਆਖਿਆ ਕਿ ਸਮਾਂ ਰਹਿੰਦੇ ਸਰਕਾਰ ਨੂੰ ਅੰਗਹੀਣ ਪੈਨਸ਼ਨ ਘੱਟੋ-ਘੱਟ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ, ਇਸ ਤੋਂ ਇਲਾਵਾ ਖਾਲੀ ਬੈਕਲਾਗ ਅਤੇ ਰਾਖਵੀਆਂ ਸਰਕਾਰੀ ਅਸਾਮੀਆਂ ਭਰਨ, ਆਰਪੀ.ਡਬਲਯੂ ਡੀ ਐਕਟ-2016 ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਯੂ.ਆਈ.ਡੀ ਕਾਰਡ ਦੀ ਸਹੂਲਤ ਨੂੰ ਜ਼ਮੀਨੀ ਪੱਧਰ ’ਤੇ ਪੂਰੀ ਤਰ੍ਹਾਂ ਲਾਗੂ ਕਰਨ ਦੀ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ਸਰਕਾਰੀ ਦਫ਼ਤਰਾਂ ਅਤੇ ਵੱਖ-ਵੱਖ ਸਰਕਾਰੀ ਯੋਜਨਾਵਾਂ ਦਾ ਲਾਭ ਅੰਗਹੀਣ ਵਿਅਕਤੀਆਂ ਨੂੰ ਬਿਨਾਂ ਬੇਲੋੜੀ ਪ੍ਰੇਸ਼ਾਨੀ ਤੋਂ ਮਿਲਣਾ ਯਕੀਨੀ ਬਣਾਇਆ ਜਾਵੇ। ਇਸ ਦੇ ਨਾਲ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿੱਚ ਅੰਗਹੀਣਾਂ ਲਈ ਪੂਰਾ ਕਿਰਾਇਆ ਮੁਆਫ਼ ਕਰਨ ਅਤੇ ਸਰਕਾਰੀ ਇਮਾਰਤਾਂ ਤੇ ਜਨਤਕ ਥਾਵਾਂ ਨੂੰ ਅੰਗਹੀਣਾਂ ਲਈ ਪੂਰੀ ਤਰ੍ਹਾਂ ਪਹੁੰਚਯੋਗ ਬਣਾਉਣ ਦੀ ਮੰਗ ਵੀ ਰੱਖੀ ਗਈ। ਯੂਨੀਅਨ ਮੈਂਬਰਾਂ ਨੇ ਕਿਹਾ ਕਿ ਇਹ ਮੰਗਾਂ ਕਿਸੇ ਇੱਕ ਵਿਅਕਤੀ ਦੀ ਨਹੀਂ, ਸਗੋਂ ਪੂਰੇ ਅੰਗਹੀਣ ਸਮਾਜ ਦੇ ਹੱਕਾਂ ਨਾਲ ਜੁੜੀਆਂ ਹੋਈਆਂ ਹਨ। ਇਨ੍ਹਾਂ ਹੱਕਾਂ ਦੀ ਪ੍ਰਾਪਤੀ ਲਈ ਸਮੂਹ ਅੰਗਹੀਣ ਵਰਗ ਨੂੰ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਦੀ ਲੋੜ ਹੈ। ਇਸ ਮੌਕੇ ਪ੍ਰਧਾਨ ਕ੍ਰਿਸ਼ਨ ਟਿਵਾਣਾ, ਪਰਮਜੀਤ ਸਿੰਘ ਦੁੱਲੇ ਕੇ, ਪ੍ਰਕਾਸ਼ ਸਿੰਘ, ਪਰਮਜੀਤ ਸਿੰਘ, ਬਲਵਿੰਦਰ ਸਿੰਘ, ਮੰਗਲ ਸਿੰਘ ਮੋਹਣੇ ਵਾਲਾ, ਗੁਰਵਿੰਦਰ ਮਿੱਡਾ, ਹਰਮੇਸ਼ ਅਜਾਬਾ, ਮਨਜੀਤ ਮੌਜੇ ਵਾਲਾ, ਬਾਲ ਕ੍ਰਿਸ਼ਨ ਗੁਮਾਨੀ ਵਾਲਾ, ਸੁਖਚੈਨ ਸਿੰਘ ਜਲਾਲਾਬਾਦ, ਭਜਨ ਬੱਲੂਆਣਾ, ਲਵਪ੍ਰੀਤ ਜਲਾਲਾਬਾਦ, ਖੰਡਨ ਸਿੰਘ ਵਾਈਸ ਪ੍ਰਧਾਨ, ਸੋਨੂੰ ਜਲਾਲਾਬਾਦ, ਗੁਰਜਿੰਦਰ ਸਿੰਘ ਬੰਟੀ ਜਲਾਲਾਬਾਦ, ਸੋਨਾ ਸਿੰਘ ਬੱਘੇ ਕੇ, ਸ਼ਿੰਦਰਪਾਲ ਘੁਬਾਇਆ, ਮੋਹਨ ਲਾਲ ਜਲਾਲਾਬਾਦ, ਕੈਸ਼ੀਅਰ ਸੁਰਿੰਦਰ ਸਿੰਘ ਸੰਤੋਖਾ, ਪ੍ਰੈਸ ਸਕੱਤਰ ਰਾਜ ਸਿੰਘ ਸਮੇਤ ਹੋਰ ਮੈਂਬਰ ਹਾਜ਼ਰ ਸਨ।