- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਾਜ਼ਿਲਕਾ ਵਿੱਚ ਪੰਜ ਮਿੰਟ ਤੱਕ ਵੱਜਿਆ ਖਤਰੇ ਦਾ ਘੁਗੂ
-ਰਿਹਾ ਬਲੈਕਆਊਟ ਸਾਇਰਨ ਵੱਜਦਿਆਂ ਹੀ ਬੰਦ ਕੀਤੀਆਂ ਲਾਈਟਾਂ, ਸਿਵਲ ਡਿਫੈਂਸ ਨੇ ਹਵਾਈ ਹਮਲੇ ਵਰਗੀ ਕੀਤੀ ਮੌਕ ਡਰਿੱਲ
ਰਿਤਿਸ਼ ਕੁੱਕੜ.ਪੰਜਾਬੀ ਜਾਗਰਣ,ਫਾਜ਼ਿਲਕਾ :ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼ੁੱਕਰਵਾਰ ਰਾਤ ਫਾਜ਼ਿਲਕਾ ਵਿਖੇ ਸਿਵਲ ਡਿਫੈਂਸ ਵਿਭਾਗ ਵੱਲੋਂ ਬਲੈਕਆਊਟ ਮੌਕ ਡਰਿੱਲ ਕਰਵਾਈ ਗਈ। ਇਸ ਅਭਿਆਸ ਦਾ ਮੁੱਖ ਉਦੇਸ਼ ਕਿਸੇ ਵੀ ਹੰਗਾਮੀ ਸਥਿਤੀ, ਖ਼ਾਸ ਕਰਕੇ ਹਵਾਈ ਹਮਲੇ ਵਰਗੀ ਸਥਿਤੀ ਦੌਰਾਨ ਪ੍ਰਸ਼ਾਸਨ, ਸਿਵਲ ਡਿਫੈਂਸ ਵਿਭਾਗ ਅਤੇ ਆਮ ਲੋਕਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਾ ਸੀ। ਇਸ ਦੌਰਾਨ ਰਾਤ 8 ਵਜੇ ਸਾਇਰਨ ਵਜਾ ਕੇ ਬਲੈਕਆਊਟ ਦਾ ਸੰਕੇਤ ਦਿੱਤਾ ਗਿਆ ਅਤੇ ਨਿਰਧਾਰਤ ਖੇਤਰਾਂ ਵਿੱਚ ਬਿਜਲੀ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ। ਕਰੀਬ ਪੰਜ ਮਿੰਟ ਤੱਕ ਇਲਾਕੇ ਵਿੱਚ ਹਨੇਰਾ ਛਾਇਆ ਰਿਹਾ। ਇਹ ਮੌਕ ਡਰਿੱਲ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਇਸ ਦੇ ਆਸ-ਪਾਸ ਦੇ ਨਿਰਧਾਰਤ ਖੇਤਰਾਂ ਵਿੱਚ ਕਰਵਾਈ ਗਈ। ਇਨ੍ਹਾਂ ਖੇਤਰਾਂ ਵਿੱਚ ਬਸਤੀ ਹਜ਼ੂਰ ਸਿੰਘ, ਅਮਰ ਕਲੋਨੀ, ਮਹਾਜਨ ਮਾਰਕੀਟ, ਆਰੀਆ ਨਗਰ, ਸੇਤੀਆ ਕਲੋਨੀ ਅਤੇ ਜੰਡਵਾਲਾ ਰੋਡ ਸਮੇਤ ਹੋਰ ਇਲਾਕੇ ਸ਼ਾਮਲ ਸਨ। ਮੌਕ ਡਰਿੱਲ ਦੌਰਾਨ ਸਿਵਲ ਡਿਫੈਂਸ ਦੀਆਂ ਟੀਮਾਂ ਵੱਲੋਂ ਨਿਰਧਾਰਤ ਪ੍ਰਕਿਰਿਆ ਅਨੁਸਾਰ ਹੰਗਾਮੀ ਸਥਿਤੀ ਨਾਲ ਨਜਿੱਠਣ ਦਾ ਅਭਿਆਸ ਕੀਤਾ ਗਿਆ।
-ਸਾਇਰਨ ਵੱਜਦਿਆਂ ਹੀ ਬੰਦ ਕੀਤੀਆਂ ਗਈਆਂ ਲਾਈਟਾਂ
ਰਾਤ 8 ਵਜੇ ਕੰਟਰੋਲ ਰੂਮ ਤੋਂ ਦੁਸ਼ਮਣ ਦੇ ਹਵਾਈ ਹਮਲੇ ਵਰਗੀ ਸਥਿਤੀ ਦਾ ਸੰਕੇਤ ਦੇਣ ਲਈ ਸਾਇਰਨ ਵਜਾਇਆ ਗਿਆ। ਸਾਇਰਨ ਦੀ ਆਵਾਜ਼ ਸੁਣਦਿਆਂ ਹੀ ਸਬੰਧਤ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਅਤੇ ਲੋਕਾਂ ਨੂੰ ਆਪਣੀਆਂ ਲਾਈਟਾਂ ਬੰਦ ਰੱਖਣ ਦੀ ਹਦਾਇਤ ਕੀਤੀ ਗਈ। ਇਸ ਦੌਰਾਨ ਸੜਕਾਂ, ਘਰਾਂ ਅਤੇ ਵਪਾਰਕ ਅਦਾਰਿਆਂ ਵਿੱਚ ਰੌਸ਼ਨੀ ਬੰਦ ਰੱਖ ਕੇ ਬਲੈਕਆਊਟ ਦੀ ਸਥਿਤੀ ਬਣਾਈ ਗਈ। ਲੋਕਾਂ ਨੇ ਵੀ ਇਸ ਅਭਿਆਸ ਵਿੱਚ ਸਹਿਯੋਗ ਦਿੰਦਿਆਂ ਆਪਣੀਆਂ ਲਾਈਟਾਂ ਬੰਦ ਰੱਖੀਆਂ। ਕਰੀਬ ਪੰਜ ਮਿੰਟ ਤੱਕ ਚੱਲੇ ਇਸ ਬਲੈਕਆਊਟ ਦੌਰਾਨ ਸਿਵਲ ਡਿਫੈਂਸ ਦੀਆਂ ਟੀਮਾਂ ਵੱਲੋਂ ਸਥਿਤੀ ’ਤੇ ਨਜ਼ਰ ਰੱਖੀ ਗਈ। ਇਸ ਤੋਂ ਬਾਅਦ ਖ਼ਤਰਾ ਟਲਣ ਦਾ ਸੰਕੇਤ ਦੇਣ ਲਈ ਹਰੀ ਬੱਤੀ (ਗ੍ਰੀਨ ਸਿਗਨਲ) ਦਿੱਤੀ ਗਈ। ਗ੍ਰੀਨ ਸਿਗਨਲ ਮਿਲਦਿਆਂ ਹੀ ਬਲੈਕਆਊਟ ਖ਼ਤਮ ਕਰ ਦਿੱਤਾ ਗਿਆ ਅਤੇ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ। ਇਸ ਤਰ੍ਹਾਂ ਮੌਕ ਡਰਿੱਲ ਰਾਹੀਂ ਹੰਗਾਮੀ ਹਾਲਾਤ ਵਿੱਚ ਕੀਤੇ ਜਾਣ ਵਾਲੇ ਸੁਰੱਖਿਆ ਪ੍ਰਬੰਧਾਂ ਦਾ ਅਭਿਆਸ ਕੀਤਾ ਗਿਆ।
-ਬਲੈਕਆਊਟ ਅਤੇ ਹੰਗਾਮੀ ਸਥਿਤੀ ਨਾਲ ਨਜਿੱਠਣ ਦੀ ਦਿੱਤੀ ਜਾਣਕਾਰੀ
ਮੌਕ ਡਰਿੱਲ ਦਾ ਇੱਕ ਅਹਿਮ ਮਕਸਦ ਲੋਕਾਂ ਨੂੰ ਇਹ ਸਮਝਾਉਣਾ ਵੀ ਸੀ ਕਿ ਕਿਸੇ ਵੀ ਹੰਗਾਮੀ ਸਥਿਤੀ ਦੌਰਾਨ ਘਬਰਾਉਣ ਦੀ ਬਜਾਏ ਪ੍ਰਸ਼ਾਸਨ ਅਤੇ ਸਿਵਲ ਡਿਫੈਂਸ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਅਜਿਹੇ ਅਭਿਆਸਾਂ ਰਾਹੀਂ ਲੋਕਾਂ ਨੂੰ ਸੁਰੱਖਿਆ ਨਿਯਮਾਂ, ਬਲੈਕਆਊਟ ਦੀ ਮਹੱਤਤਾ ਅਤੇ ਐਮਰਜੈਂਸੀ ਦੌਰਾਨ ਅਪਣਾਈ ਜਾਣ ਵਾਲੀ ਸਾਵਧਾਨੀ ਬਾਰੇ ਜਾਣੂ ਕਰਵਾਇਆ ਜਾਂਦਾ ਹੈ।
ਸਿਵਲ ਡਿਫੈਂਸ ਦੀਆਂ ਟੀਮਾਂ ਵੱਲੋਂ ਇਸ ਗੱਲ ਦਾ ਅਭਿਆਸ ਕੀਤਾ ਗਿਆ ਕਿ ਸਾਇਰਨ ਵੱਜਣ ਤੋਂ ਬਾਅਦ ਕਿਸ ਤਰ੍ਹਾਂ ਨਿਰਧਾਰਤ ਖੇਤਰਾਂ ਵਿੱਚ ਰੌਸ਼ਨੀ ਬੰਦ ਕਰਵਾਉਣੀ ਹੈ ਅਤੇ ਸਥਿਤੀ ਆਮ ਹੋਣ ’ਤੇ ਕਿਸ ਤਰ੍ਹਾਂ ਮੁੜ ਆਮ ਵਿਵਸਥਾ ਬਹਾਲ ਕਰਨੀ ਹੈ। ਇਸ ਤਰ੍ਹਾਂ ਦੀਆਂ ਮੌਕ ਡਰਿੱਲਾਂ ਪ੍ਰਸ਼ਾਸਨਿਕ ਤਿਆਰੀਆਂ ਨੂੰ ਪਰਖਣ ਦੇ ਨਾਲ-ਨਾਲ ਆਮ ਲੋਕਾਂ ਵਿੱਚ ਸੁਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵੀ ਮਹੱਤਵਪੂਰਨ ਮੰਨੀਆਂ ਜਾਂਦੀਆਂ ਹਨ।
-ਅਧਿਕਾਰੀਆਂ ਅਤੇ ਸਿਵਲ ਡਿਫੈਂਸ ਟੀਮ ਨੇ ਨਿਭਾਈ ਜ਼ਿੰਮੇਵਾਰੀ
ਇਸ ਮੌਕੇ ਕੰਪਨੀ ਕਮਾਂਡਰ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਪਲਟੂਨ ਕਮਾਂਡਰ ਅਮਰਜੀਤ ਸਿੰਘ, ਪਲਟੂਨ ਕਮਾਂਡਰ ਪ੍ਰਿਥਵੀਪਾਲ ਸ਼ਰਮਾ, ਰੈੱਡ ਕਰਾਸ ਪਾਰਟੀ ਇੰਚਾਰਜ ਸਰਵਣ ਸਿੰਘ ਅਤੇ ਹੋਰ ਸਟਾਫ਼ ਵੱਲੋਂ ਮੌਕ ਡਰਿੱਲ ਵਿੱਚ ਭਾਗ ਲਿਆ ਗਿਆ। ਟੀਮ ਵੱਲੋਂ ਨਿਰਧਾਰਤ ਪ੍ਰਕਿਰਿਆ ਅਨੁਸਾਰ ਬਲੈਕਆਊਟ ਅਭਿਆਸ ਨੂੰ ਨੇਪਰੇ ਚਾੜ੍ਹਿਆ ਗਿਆ। ਇਸ ਮੌਕ ਡਰਿੱਲ ਰਾਹੀਂ ਜਿੱਥੇ ਸਿਵਲ ਡਿਫੈਂਸ ਵਿਭਾਗ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ, ਉੱਥੇ ਹੀ ਲੋਕਾਂ ਨੂੰ ਵੀ ਇਹ ਸੰਦੇਸ਼ ਦਿੱਤਾ ਗਿਆ ਕਿ ਕਿਸੇ ਵੀ ਅਣਸੁਖਾਵੀਂ ਸਥਿਤੀ ਦੌਰਾਨ ਸਾਵਧਾਨੀ, ਸੰਜਮ ਅਤੇ ਪ੍ਰਸ਼ਾਸਨ ਨਾਲ ਸਹਿਯੋਗ ਬਹੁਤ ਜ਼ਰੂਰੀ ਹੈ।