ਸਿਖਲਾਈ ਪ੍ਰੋਗਰਾਮ ਸਮਾਪਤ, 25 ਭਾਗੀਦਾਰਾਂ ਨੂੰ ਦਿੱਤੇ ਸਰਟੀਫਿਕੇਟ ਕ੍ਰਿਸ਼ੀ ਵਿਗਿਆਨ ਕੇਂਦਰ ਫਾਜ਼ਿਲਕਾ ਵਿਖੇ ਦਸ ਦਿਨਾਂ ਸਿਖਲਾਈ ਪ੍ਰੋਗਰਾਮ ਸਮਾਪਤ, 25 ਭਾਗੀਦਾਰਾਂ ਨੂੰ ਦਿੱਤੇ ਸਰਟੀਫਿਕੇਟ
Publish Date: Mon, 23 Nov 2026 03:53 PM (IST)
Updated Date: Tue, 24 Nov 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਬੋਹਰ : ਕ੍ਰਿਸ਼ੀ ਵਿਗਿਆਨ ਕੇਂਦਰ, ਫਾਜ਼ਿਲਕਾ ਅਤੇ ਭਾ.ਕ੍ਰਿ.ਅਨੁ.ਪ.-ਸੀਫੈਟ, ਖੇਤਰੀ ਕੇਂਦਰ ਅਬੋਹਰ ਦੇ ਸਾਂਝੇ ਉੱਦਮ ਹੇਠ 12 ਤੋਂ 21 ਨਵੰਬਰ ਤੱਕ ਕਰਵਾਏ ਗਏ ਦਸ ਦਿਨਾਂ ਸਿਖਲਾਈ ਪ੍ਰੋਗਰਾਮ ਦਾ ਸਮਾਪਨ ਸਮਾਰੋਹ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਡਾ. ਰੇਖਾ ਸੂਦ ਹਾਂਡਾ, ਪ੍ਰਿੰਸੀਪਲ ਗੋਪੀਚੰਦ ਆਰੀਆ ਮਹਿਲਾ ਮਹਾਂਵਿਦਿਆਲਿਆ, ਅਬੋਹਰ ਨੇ ਸ਼ਿਰਕਤ ਕੀਤੀ। ਇਸ ਮੌਕੇ ਡਾ. ਅਮਿਤ ਨਾਥ, ਮੁਖੀ ਭਾ.ਕ੍ਰਿ.ਅਨੁ.ਪ.-ਸੀਫੈਟ, ਖੇਤਰੀ ਕੇਂਦਰ ਅਬੋਹਰ ਅਤੇ ਡਾ. ਅਰਵਿੰਦ ਕੁਮਾਰ ਅਹਲਾਵਤ, ਮੁਖੀ ਕ੍ਰਿਸ਼ੀ ਵਿਗਿਆਨ ਕੇਂਦਰ ਫਾਜ਼ਿਲਕਾ ਵੀ ਮੌਜੂਦ ਰਹੇ। ਪ੍ਰੋਗਰਾਮ ਦਾ ਤਾਲਮੇਲ ਅਤੇ ਸੰਚਾਲਨ ਡਾ. ਰੂਪਿੰਦਰ ਕੌਰ ਵੱਲੋਂ ਕੀਤਾ ਗਿਆ। ਸਿਖਲਾਈ ਪ੍ਰੋਗਰਾਮ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ 25 ਮਹਿਲਾ ਅਤੇ ਪੁਰਸ਼ ਭਾਗੀਦਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸਿਖਲਾਈ ਦੌਰਾਨ ਵੱਖ-ਵੱਖ ਵਿਸ਼ਾ ਮਾਹਿਰਾਂ ਅਤੇ ਰਿਸੋਰਸ ਪਰਸਨਾਂ ਵੱਲੋਂ ਮੁੱਲ ਵਾਧੇ ਅਤੇ ਖੁਰਾਕ ਪ੍ਰੋਸੈਸਿੰਗ ਦੀਆਂ ਆਧੁਨਿਕ ਤਕਨੀਕਾਂ, ਖੁਰਾਕ ਉਤਪਾਦਾਂ ਦੇ ਨਿਰਮਾਣ, ਪ੍ਰੋਸੈਸਿੰਗ, ਪੈਕੇਜਿੰਗ, ਖੁਰਾਕ ਸੁਰੱਖਿਆ ਅਤੇ ਗੁਣਵੱਤਾ, ਲਾਗਤ ਨਿਰਧਾਰਨ, ਮਾਰਕੀਟਿੰਗ ਅਤੇ ਉੱਦਮਤਾ ਵਿਕਾਸ ਬਾਰੇ ਵਿਸਥਾਰਪੂਰਵਕ ਤਕਨੀਕੀ ਅਤੇ ਵਿਹਾਰਕ ਜਾਣਕਾਰੀ ਦਿੱਤੀ ਗਈ। ਮਾਹਿਰਾਂ ਨੇ ਖੁਰਾਕ ਪ੍ਰੋਸੈਸਿੰਗ ਅਧਾਰਤ ਲਘੂ ਉੱਦਮ ਅਤੇ ਸਟਾਰਟਅੱਪ ਇਕਾਈਆਂ ਸਥਾਪਤ ਕਰਨ ਲਈ ਲੋੜੀਂਦੇ ਸਰੋਤਾਂ, ਮਸ਼ੀਨਰੀ, ਨਿਵੇਸ਼, ਉਤਪਾਦਨ ਪ੍ਰਕਿਰਿਆ, ਬਾਜ਼ਾਰ ਦੀਆਂ ਸੰਭਾਵਨਾਵਾਂ ਅਤੇ ਸਰਕਾਰੀ ਯੋਜਨਾਵਾਂ ਬਾਰੇ ਵੀ ਭਾਗੀਦਾਰਾਂ ਨੂੰ ਜਾਣਕਾਰੀ ਦਿੱਤੀ। ਸਮਾਪਨ ਸਮਾਰੋਹ ਦੀ ਮੁੱਖ ਮਹਿਮਾਨ ਡਾ. ਰੇਖਾ ਸੂਦ ਹਾਂਡਾ ਨੇ ਭਾਗੀਦਾਰਾਂ ਨੂੰ ਸਿਖਲਾਈ ਦੌਰਾਨ ਹਾਸਲ ਕੀਤੇ ਗਿਆਨ ਅਤੇ ਹੁਨਰ ਦੀ ਵਰਤੋਂ ਸਵੈ-ਰੋਜ਼ਗਾਰ ਅਤੇ ਆਮਦਨ ਵਧਾਉਣ ਲਈ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਪੇਂਡੂ ਔਰਤਾਂ ਅਤੇ ਨੌਜਵਾਨਾਂ ਨੂੰ ਆਤਮ-ਨਿਰਭਰ ਬਣਨ ਅਤੇ ਖੁਰਾਕ ਪ੍ਰੋਸੈਸਿੰਗ ਦੇ ਖੇਤਰ ਵਿੱਚ ਆਪਣੇ ਉੱਦਮ ਸਥਾਪਤ ਕਰਨ ਲਈ ਪ੍ਰੇਰਿਤ ਕੀਤਾ। ਡਾ. ਅਮਿਤ ਨਾਥ ਅਤੇ ਡਾ. ਅਰਵਿੰਦ ਕੁਮਾਰ ਅਹਲਾਵਤ ਨੇ ਵੀ ਸਥਾਨਕ ਖੇਤੀ ਉਤਪਾਦਾਂ ਦੇ ਮੁੱਲ ਵਾਧੇ ਰਾਹੀਂ ਰੋਜ਼ਗਾਰ ਅਤੇ ਉੱਦਮਤਾ ਦੇ ਨਵੇਂ ਮੌਕੇ ਵਿਕਸਤ ਕਰਨ ਲਈ ਭਾਗੀਦਾਰਾਂ ਨੂੰ ਉਤਸ਼ਾਹਿਤ ਕੀਤਾ। ਪ੍ਰੋਗਰਾਮ ਦੌਰਾਨ ਸਾਰੇ ਭਾਗੀਦਾਰਾਂ ਨੂੰ ਸਿਖਲਾਈ ਨਾਲ ਸਬੰਧਤ ਵਿਸਥਾਰਪੂਰਵਕ ਜਾਣਕਾਰੀ ਅਤੇ ਵਿਹਾਰਕ ਵਿਧੀਆਂ ’ਤੇ ਆਧਾਰਿਤ ਸਿਖਲਾਈ ਪੁਸਤਿਕਾ ਵੀ ਵੰਡੀ ਗਈ, ਤਾਂ ਜੋ ਉਹ ਸਿੱਖੇ ਹੁਨਰ ਅਤੇ ਤਕਨੀਕਾਂ ਨੂੰ ਭਵਿੱਖ ਵਿੱਚ ਆਪਣੇ ਕੰਮ ਵਿੱਚ ਅਪਣਾ ਸਕਣ। ਸਮਾਪਤੀ ਮੌਕੇ ਸਾਰੇ 25 ਭਾਗੀਦਾਰਾਂ ਨੂੰ ਸਿਖਲਾਈ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਪ੍ਰੋਗਰਾਮ ਦਾ ਮੁੱਖ ਉਦੇਸ਼ ਪੇਂਡੂ ਖੇਤਰ ਦੇ ਮਹਿਲਾ ਅਤੇ ਪੁਰਸ਼ ਭਾਗੀਦਾਰਾਂ ਨੂੰ ਖੁਰਾਕ ਪ੍ਰੋਸੈਸਿੰਗ ਅਤੇ ਮੁੱਲ ਵਾਧੇ ਦੇ ਖੇਤਰ ਵਿੱਚ ਤਕਨੀਕੀ ਹੁਨਰ ਪ੍ਰਦਾਨ ਕਰਕੇ ਉਨ੍ਹਾਂ ਨੂੰ ਸਵੈ-ਰੋਜ਼ਗਾਰ, ਉੱਦਮਤਾ ਅਤੇ ਆਤਮ-ਨਿਰਭਰਤਾ ਵੱਲ ਪ੍ਰੇਰਿਤ ਕਰਨਾ ਸੀ।