ਅਧਿਆਪਕ ਜਥੇਬੰਦੀਆਂ ਵੱਲੋਂ ਗੈਰ-ਵਿਦਿਅਕ ਕੰਮਾਂ, ਖੇਡਾਂ ਤੇ ਮਿਡ ਡੇ ਮੀਲ ਦਾ ਬਾਈਕਾਟ ਜਾਰੀ ਰੱਖਣ ਦਾ ਫੈਸਲਾ ਅਧਿਆਪਕ ਜਥੇਬੰਦੀਆਂ ਵੱਲੋਂ ਗੈਰ-ਵਿਦਿਅਕ ਕੰਮਾਂ, ਖੇਡਾਂ ਤੇ ਮਿਡ ਡੇ ਮੀਲ ਦਾ ਬਾਈਕਾਟ ਜਾਰੀ ਰੱਖਣ ਦਾ ਫੈਸਲਾ
Publish Date: Thu, 08 Oct 2026 04:39 PM (IST)
Updated Date: Fri, 09 Oct 2026 04:03 AM (IST)
-14 ਅਕਤੂਬਰ ਨੂੰ ਵਫ਼ਦ ਸਿੱਖਿਆ ਅਧਿਕਾਰੀਆਂ ਨਾਲ ਕਰੇਗਾ ਮੁਲਾਕਾਤ ਹੈਪੀ ਕਾਠਪਾਲ. ਪੰਜਾਬੀ ਜਾਗਰਣ, ਜਲਾਲਾਬਾਦ : ਸਮੂਹ ਅਧਿਆਪਕ ਜਥੇਬੰਦੀਆਂ ਦੀ ਵਰਚੁਅਲ ਮੀਟਿੰਗ ਕਰ ਕੇ ਸਕੂਲਾਂ ਵਿੱਚ ਗੈਰ-ਵਿਦਿਅਕ ਕੰਮਾਂ, ਖੇਡਾਂ, ਮਿਡ ਡੇ ਮੀਲ ਅਤੇ ਸਫ਼ਾਈ ਨਾਲ ਸਬੰਧਤ ਕੰਮਾਂ ਦਾ ਬਾਈਕਾਟ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਇਨ੍ਹਾਂ ਕੰਮਾਂ ਲਈ ਲੋੜੀਂਦੇ ਫੰਡ ਜਾਰੀ ਨਾ ਕੀਤੇ ਜਾਣ ਕਾਰਨ ਅਧਿਆਪਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਟਿੰਗ ਵਿੱਚ ਸੁਖਵਿੰਦਰ ਸਿੰਘ ਚਾਹਲ, ਹਰਜਿੰਦਰ ਪਾਲ ਸਿੰਘ ਪੰਨੂ, ਵਿਕਰਮਦੇਵ ਸਿੰਘ, ਸੁਰਿੰਦਰ ਕੰਬੋਜ, ਸੁਖਚੈਨ ਸਿੰਘ, ਪ੍ਰਗਟਜੀਤ ਸਿੰਘ ਕਿਸ਼ਨਪੁਰਾ, ਲਛਮਣ ਸਿੰਘ ਨਬੀਪੁਰ, ਦਿਗਵਿਜੇ ਪਾਲ ਸ਼ਰਮਾ, ਸਤਨਾਮ ਸਿੰਘ ਰੰਧਾਵਾ, ਹਰਿੰਦਰਜੀਤ ਸਿੰਘ, ਗੁਰਮੀਤ ਸਿੰਘ, ਨਵਪ੍ਰੀਤ ਸਿੰਘ ਬੱਲੀ, ਜਗਪਾਲ ਸਿੰਘ ਬੰਗੀ, ਗੁਰਿੰਦਰ ਸਿੰਘ ਘੁੱਕੇਵਾਲੀ, ਹਰੀਕ੍ਰਿਸ਼ਨ ਸਮੇਤ ਹੋਰ ਅਧਿਆਪਕ ਆਗੂ ਸ਼ਾਮਲ ਹੋਏ। ਆਗੂਆਂ ਨੇ ਕਿਹਾ ਕਿ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਪਹਿਲਾਂ ਹੀ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਨੋਟਿਸ ਦੇ ਕੇ ਫੰਡ ਜਾਰੀ ਹੋਣ ਤੱਕ ਇਨ੍ਹਾਂ ਕੰਮਾਂ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਅਜੇ ਤੱਕ ਫੰਡ ਜਾਰੀ ਨਾ ਹੋਣ ਕਾਰਨ ਮੀਟਿੰਗ ਵਿੱਚ ਸਰਬਸੰਮਤੀ ਨਾਲ ਬਾਈਕਾਟ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਮੈਗਾ ਪੀਟੀਐਮ ਨੂੰ ਸਿਆਸੀ ਪ੍ਰਚਾਰ ਦਾ ਮੰਚ ਬਣਾਉਣ ਦੀ ਬਜਾਏ ਇਸ ਦੌਰਾਨ ਮਾਪਿਆਂ ਨਾਲ ਸਿੱਖਿਆ ਨੀਤੀ, ਖਾਲੀ ਅਸਾਮੀਆਂ ਨਾ ਭਰਨ, ਅਧਿਆਪਕਾਂ ਤੋਂ ਗੈਰ-ਵਿਦਿਅਕ ਕੰਮ ਲੈਣ, ਮਿਡ ਡੇ ਮੀਲ, ਖੇਡਾਂ ਅਤੇ ਸਫ਼ਾਈ ਲਈ ਫੰਡ ਜਾਰੀ ਨਾ ਕਰਨ ਸਮੇਤ ਹੋਰ ਮੁੱਦੇ ਸਾਂਝੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਬਿਨਾਂ ਖੇਡ ਫੰਡ ਜਾਰੀ ਕੀਤੇ ਪ੍ਰਾਇਮਰੀ ਪੱਧਰ ਦੀਆਂ ਖੇਡਾਂ ਨਾ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਆਗੂਆਂ ਅਨੁਸਾਰ ਪ੍ਰਾਇਮਰੀ ਪੱਧਰ ’ਤੇ ਸਰਕਾਰੀ ਵਿਭਾਗ ਵੱਲੋਂ ਕੋਈ ਖੇਡ ਫੰਡ ਜਾਰੀ ਨਹੀਂ ਕੀਤਾ ਗਿਆ, ਜਦਕਿ ਬਲਾਕ ਪੱਧਰ ’ਤੇ ਇਕ ਲੱਖ ਅਤੇ ਜ਼ਿਲ੍ਹਾ ਪੱਧਰ ’ਤੇ ਦੋ ਲੱਖ ਰੁਪਏ ਦੇ ਖਰਚ ਨਾਲ ਖੇਡਾਂ ਕਰਵਾਈਆਂ ਜਾ ਸਕਦੀਆਂ ਹਨ। ਮਿਡ ਡੇ ਮੀਲ ਸਬੰਧੀ ਆਗੂਆਂ ਨੇ ਕਿਹਾ ਕਿ ਪਿਛਲੇ ਪੰਜ ਮਹੀਨਿਆਂ ਦੌਰਾਨ ਅਧਿਆਪਕਾਂ ਵੱਲੋਂ ਆਪਣੀ ਜੇਬ ਵਿੱਚੋਂ ਕਰੋੜਾਂ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਕਾਇਆ ਫੰਡ ਜਾਰੀ ਕੀਤੇ ਬਿਨਾਂ ਮਿਡ ਡੇ ਮੀਲ ਚਲਾਉਣਾ ਸੰਭਵ ਨਹੀਂ ਹੋਵੇਗਾ। ਆਗੂਆਂ ਨੇ ਦੱਸਿਆ ਕਿ ਸਮੂਹ ਅਧਿਆਪਕ ਜਥੇਬੰਦੀਆਂ ਦਾ ਵਫ਼ਦ 14 ਅਕਤੂਬਰ ਨੂੰ ਪੰਜ ਮਹੀਨਿਆਂ ਦੇ ਬਕਾਇਆ ਮਿਡ ਡੇ ਮੀਲ ਫੰਡ, ਖੇਡ ਫੰਡ, ਪਦਉਨਤੀਆਂ, ਸਟੇਸ਼ਨਾਂ ਅਤੇ ਸੀਨੀਅਰ ਅਧਿਆਪਕਾਂ ਦੇ ਰਹਿ ਗਏ ਕੇਸਾਂ ਸਬੰਧੀ ਉੱਚ ਸਿੱਖਿਆ ਅਧਿਕਾਰੀਆਂ ਨਾਲ ਮੁਲਾਕਾਤ ਕਰੇਗਾ। ਅੰਤ ਵਿੱਚ ਆਗੂਆਂ ਨੇ ਅਧਿਆਪਕ ਵਰਗ ਨੂੰ 10 ਅਕਤੂਬਰ ਨੂੰ ਸੰਗਰੂਰ ਵਿਖੇ ਹੋਣ ਵਾਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਸਾਂਝੀ ਰੈਲੀ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।