ਸੰਤ ਨਗਰ ਅਬੋਹਰ ਗੋਲੀਬਾਰੀ ਮਾਮਲੇ ’ਚ ਇੱਕ ਮੁਲਜ਼ਮ ਕਾਬੂ ਸੰਤ ਨਗਰ ਅਬੋਹਰ ਗੋਲੀਬਾਰੀ ਮਾਮਲੇ ’ਚ ਪੁਲਿਸ ਦੀ ਤੁਰੰਤ ਕਾਰਵਾਈ, ਇੱਕ ਮੁਲਜ਼ਮ ਕਾਬੂ; ਦੋ ਦੀ ਭਾਲ ਜਾਰੀ
Publish Date: Mon, 28 Sep 2026 03:43 PM (IST)
Updated Date: Mon, 28 Sep 2026 03:45 PM (IST)
ਭਾਰਤ ਭੂਸ਼ਣ ਸ਼ਰਮਾ.ਪੰਜਾਬੀ ਜਾਗਰਣ ਅਬੋਹਰ : ਸੰਤ ਨਗਰ ਅਬੋਹਰ ਵਿਖੇ 27 ਸਤੰਬਰ ਨੂੰ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਫਾਜ਼ਿਲਕਾ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ, ਜਦਕਿ ਉਸਦੇ ਦੋ ਸਾਥੀਆਂ ਦੀ ਭਾਲ ਲਈ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ’ਤੇ ਤਲਾਸ਼ੀ ਅਤੇ ਰੇਡ ਕੀਤੇ ਜਾ ਰਹੇ ਹਨ। ਐੱਸਐੱਸਪੀ ਗਗਨ ਅਜੀਤ ਸਿੰਘ ਨੇ ਦੱਸਿਆ ਕਿ 27 ਸਤੰਬਰ ਨੂੰ ਸੰਤ ਨਗਰ ਅਬੋਹਰ ਵਿੱਚ ਅਜੈ ਕੁਮਾਰ ਵਾਸੀ ਸੰਤ ਨਗਰ ’ਤੇ ਇੱਕ ਅਣਪਛਾਤੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ। ਅਜੈ ਕੁਮਾਰ ਇਸ ਸਮੇਂ ਸ੍ਰੀ ਗੰਗਾਨਗਰ ਵਿਖੇ ਇਲਾਜ ਅਧੀਨ ਹੈ। ਪੁਲਿਸ ਜਾਂਚ ਦੌਰਾਨ ਸਾਗਰ ਨੇਪਾਲੀ ਵਾਸੀ ਪਟੇਲ ਨਗਰ ਅਬੋਹਰ, ਵਿਸ਼ਾਲ ਪਚਾਰ ਉਰਫ਼ ਬੌਕਸਰ ਵਾਸੀ ਅਬੋਹਰ, ਗੌਤਮ ਧਾਤਰਵਾਲ ਵਾਸੀ ਗਨੇਸ਼ਗੜ੍ਹ (ਲਾਲਗੜ੍ਹ), ਸ੍ਰੀ ਗੰਗਾਨਗਰ ਤੇ ਹੋਰ ਅਣਪਛਾਤੇ ਨੂੰ ਮਾਮਲੇ ’ਚ ਨਾਮਜ਼ਦ ਕੀਤਾ ਗਿਆ ਸੀ। ਮੁਲਜ਼ਮਾਂ ਦੀ ਭਾਲ਼ ਲਈ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ। ਸੀ.ਆਈ.ਏ. ਫਾਜ਼ਿਲਕਾ ਦੀ ਟੀਮ ਵੱਲੋਂ ਕਿੱਲਿਆਂਵਾਲੀ ਚੌਂਕ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਪੁਲਿਸ ਅਨੁਸਾਰ ਮੋਟਰਸਾਈਕਲ ਸਵਾਰ ਤਿੰਨ ਲੋਕਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਨ੍ਹਾਂ ਨੇ ਪੁਲਿਸ ਪਾਰਟੀ ’ਤੇ ਕਥਿਤ ਤੌਰ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਪਾਰਟੀ ਵੱਲੋਂ ਬਚਾਅ ਲਈ ਜਵਾਬੀ ਫਾਇਰਿੰਗ ਕੀਤੀ ਗਈ। ਇਸ ਦੌਰਾਨ ਤਿੰਨ ਨੌਜਵਾਨਾਂ ਵਿੱਚੋਂ ਇੱਕ ਦੀ ਸੱਜੀ ਲੱਤ ’ਤੇ ਗੋਲੀ ਲੱਗੀ, ਜਦੋਂਕਿ ਉਸਦੇ ਦੋ ਸਾਥੀ ਹਨੇਰੇ ਦਾ ਫਾਇਦਾ ਉਠਾਉਂਦਿਆਂ ਮੌਕੇ ਤੋਂ ਫਰਾਰ ਹੋ ਗਏ। ਜ਼ਖ਼ਮੀ ਦੀ ਪਛਾਣ ਗੌਤਮ ਧਾਤਰਵਾਲ ਵਾਸੀ ਗਨੇਸ਼ਗੜ੍ਹ (ਲਾਲਗੜ੍ਹ), ਸ੍ਰੀ ਗੰਗਾਨਗਰ ਵਜੋਂ ਹੋਈ, ਜੋ ਜ਼ੇਰ-ਏ-ਇਲਾਜ ਹੈ। ਪੁਲਿਸ ਪਾਰਟੀ ’ਤੇ ਕਥਿਤ ਫਾਇਰਿੰਗ ਦੇ ਸਬੰਧ ਵਿੱਚ ਗੌਤਮ ਧਾਤਰਵਾਲ, ਸਾਗਰ ਨੇਪਾਲੀ ਤੇ ਇੱਕ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮੌਕੇ ਤੋਂ ਫਰਾਰ ਹੋਏ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਲਗਾਤਾਰ ਤਲਾਸ਼ੀ ਅਤੇ ਰੇਡ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਦੋਵੇਂ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਘਟਨਾ ਨਾਲ ਜੁੜੇ ਤੱਥਾਂ ਅਤੇ ਹਾਲਾਤਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਬਾਕੀ ਮੁਲਜ਼ਮਾਂ ਨੂੰ ਕਾਬੂ ਕਰਨ ਦੇ ਨਾਲ-ਨਾਲ ਘਟਨਾ ਵਿੱਚ ਵਰਤੇ ਗਏ ਹਥਿਆਰਾਂ ਅਤੇ ਹੋਰ ਸਬੂਤਾਂ ਦੀ ਬਰਾਮਦਗੀ ਲਈ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।